ਅਰਨੈਸਟੋ ਕਾਰਦੇਨਾਲ ਦੀਆਂ ਚੋਣਵੀਆਂ ਕਵਿਤਾਵਾਂ


ਵਿਸ਼ਵ ਭਰ ਦੇ ਮਹਾਨ ਕਵੀਆਂ ਵਿਚ ਸ਼ੁਮਾਰ ਕੀਤੇ ਜਾਣ ਵਾਲੇ ਅਰਨੈਸਟੋ ਕਾਰਦੇਨਾਲ ਦਾ ਜਨਮ ਸੰਨ 1925 ਵਿਚ ਨਿਕਾਰਾਗੁਆ ਵਿਖੇ ਹੋਇਆ। ਉਸ ਨੇ ਚਾਰ ਸਾਲ ਦੀ ਉਮਰ ਵਿਚ ਹੀ ਕਵਿਤਾ ਲਿਖਣੀ ਆਰੰਭ ਕਰ ਦਿੱਤੀ ਸੀ, ਜਿਹੜੀ ਕਿ ਇੱਕ ਹੈਰਤ-ਅੰਗੇਜ਼ ਘਟਨਾ ਜਾਪਦੀ ਹੈ। ਜਵਾਨੀ ਦੇ ਦਿਨਾਂ ਦੌਰਾਨ ਉਸ ਨੇ ਕ੍ਰਾਂਤੀਕਾਰੀ ਅੰਦੋਲਨਾਂ ਵਿਚ ਆਪਣੀ ਅਹਿਮ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ, ਪਰ 26 ਸਾਲ ਦੀ ਉਮਰ ਵਿਚ ਅਰਨੈਸਟੋ ਦੇ ਜੀਵਨ ਵਿਚ ਇੱਕ ਭਾਰੀ ਬਦਲਾਅ ਉਸ ਸਮੇਂ ਆਇਆ, ਜਦੋਂ ਉਹ ਅਮਰੀਕਾ ਦੇ ਟ੍ਰੈਪਿਸਟ ਮੱਠ ਵਿਚ ਧਰਮ-ਦੀਖਿਆ ਲਈ ਗਏ ਅਤੇ ਅਮਰੀਕੀ ਪਾਦਰੀ-ਕਵੀ ਥਾਮਸ ਮੇਟ੍ਰਨ ਦੇ ਸੰਪਰਕ ਵਿਚ ਆਏ। ਇਸ ਉਪਰੰਤ ਕਾਰਦੇਨਾਲ ਨੇ ਥਾਮਸ ਨੂੰ ਆਪਣਾ ਗੁਰੂ ਧਾਰਨ ਕਰ ਲਿਆ। ਇਹ ਇਸ ਗੁਰੂ-ਚੇਲਾ ਪ੍ਰਭਾਵ ਦਾ ਨਤੀਜਾ ਹੀ ਸੀ ਕਿ ਅਸੀਂ ਕਾਰਦੇਨਾਲ ਅੰਦਰ ਮਾਰਕਸਵਾਦ ਅਤੇ ਇਸਾਈਅਤ ਦੋਵਾਂ ਲਈ ਬਰਾਬਰ ਪਿਆਰ ਅਤੇ ਪ੍ਰਤੀਬੱਧਤਾ ਨੂੰ ਵੇਖਦੇ ਹਾਂ।

         ਕਾਰਦੇਨਾਲ ਦੀ ਕਵਿਤਾ ਜਾਤੀ-ਪਰੰਪਰਾ ਦੇ ਨਾਲ-ਨਾਲ ਪ੍ਰੇਮ ਅਤੇ ਬਗ਼ਾਵਤ ਦਾ ਕਲਾਤਮਿਕ ਸੌਂਦਰਯ ਪ੍ਰਸਤੁਤ ਕਰਦੀ ਹੈ। ਆਪਣੇ ਇਨ੍ਹਾਂ ਹੀ ਸਰੋਕਾਰਾਂ ਦੀ ਸਪਸ਼ਟਤਾ ‘ਤੇ ਚੱਲਦਿਆਂ ਕਾਰਦੇਨਾਲ ਨੂੰ ਯਥਾਸਥਿਤੀਵਾਦੀ ਕੈਥੋਲਿਕ ਤੰਤਰ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਇਸ ਸਭ ਦੇ ਬਾਵਜੂਦ, ਉਨ੍ਹਾਂ ਦੇ ਤੇਵਰ ਅਤੇ ਸੁਰ ਹਮੇਸ਼ਾ ਬਰਕਰਾਰ ਰਹੀ। ਇਹੀ ਕਾਰਨ ਹੈ ਕਿ ਕਾਰਦੇਨਾਲ ਰੂਬੇਨ ਦਾਰੀਓ, ਪਾਬਲੋ ਨੇਰੁਦਾ ਅਤੇ ਸੇਸਰ ਵਾਇੱਖੋ ਦੇ ਬਾਅਦ ਲੈਟਿਨ ਅਮਰੀਕੀ ਗਲੋਬ ਦੇ ਇੱਕ ਵੱਡੇ ਕਵੀ ਵਜੋਂ ਸਾਡੇ ਸਾਹਮਣੇ ਆਉਂਦੇ ਹਨ।

         ਅਰਨੈਸਟੋ ਕਾਰਦੇਨਾਲ ਨੇ ਆਪਣੀਆਂ ਹੋਰਨਾਂ ਸਿਰਜਣਾਵਾਂ ਦੇ ਨਾਲ-ਨਾਲ “…ਪਰ ਤੂੰ ਨਹੀਂ ਬਚੇਂਗੀ ਮੇਰੇ ਛੰਦਾਂ ਤੋਂ…ਕੈਤੁਲਸ”  ਦੇ ਨਾਮ ਹੇਠ 50 ਨਿੱਕੀਆਂ-ਨਿੱਕੀਆਂ ਕਵਿਤਾਵਾਂ ਦੀ ਸਿਰਜਣਾ ਵੀ ਕੀਤੀ ਸੀ, ਜਿਨ੍ਹਾਂ ਵਿਚੋਂ ਅਸੀਂ ਪੰਜ ਕਵਿਤਾਵਾਂ ਦਾ ਅਨੁਵਾਦ ਪਾਠਕਾਂ ਸਨਮੁੱਖ ਕਰਨ ਦੀ ਖ਼ੁਸ਼ੀ ਲੈ ਰਹੇ ਹਾਂ:
1
ਇਹੀ ਹੋਵੇਗਾ ਮੇਰਾ ਬਦਲਾ
ਇੱਕ ਦਿਨ ਤੇਰੇ ਹੱਥਾਂ ਵਿਚ ਹੋਵੇਗੀ

ਇੱਕ ਮਸ਼ਹੂਰ ਕਵੀ ਦੀ ਕਵਿਤਾ ਦੀ ਕਿਤਾਬ

ਅਤੇ ਤੂੰ ਪੜੇਂ੍ਹਗੀ ਉਨ੍ਹਾਂ ਪੰਕਤੀਆਂ ਨੂੰ ਜਿਹੜੀਆਂ ਕਵੀ ਨੇ

ਲਿਖੀਆਂ ਸੀ ਤੇਰੇ ਲਈ

ਅਤੇ ਤੂੰ ਕਦੀ ਜਾਣ ਹੀ ਨਹੀਂ ਪਾਏਂਗੀ ਇਹ ਗੱਲ।



2


ਉਨ੍ਹਾਂ ਨੇ ਮੈਨੂੰ ਦੱਸਿਆ 
ਤੂੰ ਕਿਸੇ ਹੋਰ ਨਾਲ ਪਿਆਰ ਕਰਦੀ ਏਂ

ਇਹ ਸੁਣ ਕਿ ਮੈਂ ਚਲਾ ਗਿਆ ਆਪਣੇ ਕਮਰੇ ਅੰਦਰ

ਅਤੇ ਮੈਂ ਲਿਖਿਆ ਸਰਕਾਰ ਦੇ ਖ਼ਿਲਾਫ਼ ਉਹ ਲੇਖ

ਜਿਸ ਨੇ ਮੈਨੂੰ ਜੇਲ੍ਹ ਦੀ ਹਵਾ ਖੁਆਈ।


3


ਤੂੰ ਜਿਸ ਨੂੰ ਮਾਣ ਏ ਮੇਰੀਆਂ ਕਵਿਤਾਵਾਂ ‘ਤੇ
ਇਸ ਲਈ ਨਹੀਂ ਕਿ ਉਨ੍ਹਾਂ ਨੂੰ ਮੈਂ ਲਿਖਿਆ

ਸਗੋਂ ਇਸ ਲਈ ਕਿ ਉਹ ਲਿਖੀਆਂ ਗਈਆਂ ਤੇਰੀ ਪ੍ਰੇਰਨਾ ਨਾਲ

ਹਾਲਾਂਕਿ ਉਹ ਲਿਖੀਆਂ ਤੇਰੇ ਵਿਰੁੱਧ ਗਈਆਂ ਸੀ।


ਤੂੰ ਪ੍ਰੇਰਿਤ ਕਰ ਸਕਦੀ ਸੀ ਬਿਹਤਰ ਕਵਿਤਾ।

ਤੂੰ ਪ੍ਰੇਰਿਤ ਕਰ ਸਕਦੀ ਸੀ ਬਿਹਤਰ ਕਵਿਤਾ।



4


ਮੈਂ ਵੰਡੇ ਨੇ ਭੂਮੀਗਤ ਪਰਚੇ
ਸੜਕ ਦੇ ਵਿਚਕਾਰ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਗਾਉਂਦੇ ਹੋਏ

ਬੰਦੂਕਧਾਰੀਆਂ ਸਿਪਾਹੀਆਂ ਦੀ ਪ੍ਰਵਾਹ ਨਾ ਕਰਦੇ ਹੋਏ

ਮੈਂ ਸ਼ਾਮਿਲ ਹੋਇਆ ਵਿਦਰੋਹ ਵਿਚ

ਪਰ ਜਦ ਗੁਜ਼ਰਦਾ ਹਾਂ ਤੇਰੇ ਘਰ ਸਾਹਮਣਿਓਂ

ਪੀਲ਼ਾ ਪੈ ਜਾਂਦਾ ਹਾਂ

ਮੈਨੂੰ ਹਿਲਾ ਸੁੱਟਦੀ ਏ ਤੇਰੀ ਇੱਕ ਹੀ ਨਿਗਾਹ।



5

ਇੱਕ ਵੀ ਲਾਇਨ ਦੇ ਕਾਬਿਲ ਨਹੀਂ ਏਂ ਤੂੰ।

ਵੇਰਵਾ ਅਤੇ ਅਨੁਵਾਦ

ਪਰਮਿੰਦਰ ਸਿੰਘ ਸ਼ੌਂਕੀ

You May Also Like

More From Author

+ There are no comments

Add yours