ਉਦਾਰਵਾਦੀ ਮਾਨਤਾਵਾਂ ਨੂੰ ਪ੍ਰਸਤੁਤ ਕਰਨ ਵਾਲਾ ਚਿੰਤਕ: ਜਾਨ ਰਾਲਸ

ਉਦਾਰਵਾਦੀ ਮਾਨਤਾਵਾਂ ਨੂੰ ਪ੍ਰਸਤੁਤ ਕਰਨ ਵਾਲੇ ਵਿਦਵਾਨਾਂ ਅੰਦਰ ਜਾਨ ਰਾਲਸ ਦਾ ਨਾਮ ਮੂਹਰਲੀਆਂ ਸਫ਼ਾਂ ਅੰਦਰ ਆਉਂਦਾ ਹੈ। ਇਸ ਪ੍ਰਸਿੱਧ ਅਮਰੀਕੀ ਦਾਰਸ਼ਨਿਕ ਅਤੇ ਰਾਜਨੀਤਿਕ ਸਿਧਾਂਤ ਸ਼ਾਸਤਰੀ ਦਾ ਜਨਮ ਮੈਰੀਲੈਂਡ ਪ੍ਰਾਂਤ ਦੇ ਬਾਲਟੀਮੋਰ ਨਗਰ ਅੰਦਰ ਸੰਨ 1921 ਵਿਚ ਹੋਇਆ। ਜਾਨ ਨੇ ਸਾਲ 1950 ਵਿਚ ਪ੍ਰਿੰਸਟਨ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਹਾਸਿਲ ਕੀਤੀ ਅਤੇ ਸੰਨ 1950 ਤੋਂ ਲੈ ਕਿ 1960 ਈਸਵੀ ਤੱਕ ਕਾਨੈਰਲ ਯੂਨੀਵਰਸਿਟੀ ਅੰਦਰ ਅਧਿਆਪਨ ਦਾ ਕਾਰਜ ਕੀਤਾ। ਸਾਲ 1962 ਵਿਚ ਉਹ ਪ੍ਰੋਫ਼ਸਰ ਬਣ ਕਿ ਹਾਰਵਰਡ ਯੂਨੀਵਰਸਿਟੀ ਨਾਲ ਜੁੜੇ  40 ਸਾਲ ਤੱਕ ਉਨ੍ਹਾਂ ਨੇ ਉੱਥੇ ਅਧਿਆਪਨ ਕੀਤਾ। ਉਨ੍ਹਾਂ ਨੂੰ ਸਾਲ 1971 ਵਿਚ ਪ੍ਰਕਾਸ਼ਿਤ ਆਪਣੀ ਰਚਨਾ “A Theory of Justiceਰਾਹੀਂ ਵਿਸ਼ੇਸ਼ ਪਹਿਚਾਣ ਮਿਲੀ। ਇਸ ਪੁਸਤਕ ਅੰਦਰ ਉਸ ਨੇ ਆਪਣੇ ਨਿਆਂ ਸਿਧਾਂਤ ਨੂੰ ਇੱਕ ਵਿਵਸਥਿਤ ਰੂਪ ਵਿਚ ਪੇਸ਼ ਕੀਤਾ ਸੀ।  ਜਾਨ ਰਾਲਸ ਦੁਆਰਾ ਪ੍ਰਸਤੁਤ ਦਸ ਵਿਖਿਆਨ ਵੀ ਕਾਫ਼ੀ ਚਰਚਿਤ ਹੋਏ, ਜਿਹੜੇ ਕਿ ਬਾਅਦ ਵਿਚ ਸੰਨ 1982 ਦੌਰਾਨ “The Ten Lectures on Human Values” ਦੇ ਨਾਮ ਹੇਠ ਪ੍ਰਕਾਸ਼ਿਤ ਹੋਏ। ਸਾਲ 1999 ਵਿਚ ਰਾਲਸ ਦੇ ਪੱਤਰਾਂ ਦਾ ਅਤੇ ਸੰਨ 2000 ਵਿਚ ਉਸ ਦੇ ਨੈਤਿਕ ਦਰਸ਼ਨ ਦੇ ਇਤਿਹਾਸ ਉੱਪਰ ਵਿਖਿਆਨ ਦਾ ਪ੍ਰਕਾਸ਼ਨ ਹੋਇਆ।

         ਰਾਲਸ ਨੇ ਆਪਣੇ ਚਿੰਤਨ ਦੇ ਆਰੰਭ ਵਿਚ ਨਾ ਕੇਵਲ ਉਪਯੋਗਤਾਵਾਦ ਨੂੰ ਅਤਾਰਕਿਕ ਮੰਨਿਆ,  ਸਗੋਂ ਇਸ ਦੇ ਬਦਲ ਵਜੋਂ ਪੇਸ਼ ਬਹੁਲਵਾਦ (ਜਿਸ ਨੂੰ ਰਾਲਸ ਨੇ Intellectualism ਕਿਹਾ ਹੈ) ਨੂੰ ਵੀ ਨੈਤਿਕਤਾ ਦੇ ਆਧਾਰ ਤੇ ਅਸਫਲ ਸਵੀਕਾਰਿਆ ਹੈ। ਸਮਾਜਿਕ  ਸਮਝੌਤੇ ਦੇ ਸਿਧਾਂਤ ਅਤੇ ਮਨੁੱਖੀ ਵਿਵੇਕ ਨੂੰ ਮਹੱਤਵ ਦਿੰਦੇ ਹੋਏ, ਰਾਲਸ ਨੇ ਸਮਾਜਿਕ ਨਿਆਂ ਦੇ ਸਿਧਾਂਤ ਨੂੰ ਸਪਸ਼ਟ ਕੀਤਾ, ਨਾਲ ਹੀ ਨਿਆਂ ਦੀ ਅਭਿਵਿਅਕਤੀ ਦੇ ਲਈ ਨਿਸ਼ਚਿਤ ਜਰੂਰਤੀ ਪ੍ਰਸਥਿਤੀਆਂ ਦਾ ਹੋਣਾ ਵੀ ਲਾਜ਼ਮੀ ਦੱਸਿਆ। ਇਨ੍ਹਾਂ ਪ੍ਰਸਥਿਤੀਆਂ ਨੂੰ ਉਸ ਨੇ ਮੂਲ ਸੰਰਚਨਾ ਦਾ ਨਾਮ ਦਿੱਤਾ। ਭਾਵੇਂ ਕਿ ਰਾਲਸ ਨੇ ਸਮਾਨਤਾ ਅਤੇ ਨੈਤਿਕਤਾ ਨੂੰ ਜੋੜਦੇ ਹੋਏ ਉਦਾਰਵਾਦ ਨੂੰ ਇੱਕ ਨਵੀਂ ਦਿਸ਼ਾ ਦਿੱਤੀ, ਪਰ ਮਾਰਕਸਵਾਦੀਆਂ ਅਤੇ ਉਦਾਰਵਾਦੀਆਂ ਦੁਆਰਾ ਉਨ੍ਹਾਂ ਦੀ ਭਰਪੂਰ ਆਲੋਚਨਾ ਹੁੰਦੀ ਰਹੀ। ਖੱਬੇ-ਪੱਖੀਆਂ ਵਿਚ ਮੈਕਫਰਸਨ ਨੇ ਉਨ੍ਹਾਂ ਨੂੰ ਉਦਾਰ ਲੋਕਤੰਤਰਿਕ ਪੂੰਜੀਵਾਦੀ ਕਲਿਆਣਕਾਰੀ ਰਾਜਦਾ ਬੁਲਾਰਾ ਦੱਸਿਆ, ਜਦੋਂ ਕਿ ਉਦਾਰਵਾਦੀਆਂ ਚ ਨਾਜ਼ਿਕ ਨੇ ਉਨ੍ਹਾਂ ਦੀ ਆਲੋਚਨਾ ਵਿਚ ਕਿਹਾ ਕਿ ਸਮਾਜਿਕ ਨਿਆਂ ਦੇ ਨਾਲ-ਨਾਲ ਵਿਅਕਤੀਗਤ ਅਧਿਕਾਰਾਂ ਦੀ ਮਾਨਤਾ ਮੇਲ ਨਹੀਂ ਖਾਂਦੀ। ਸਮੁਦਾਇਕ ਆਲੋਚਕਾਂ ਅਨੁਸਾਰ ਉਦਾਰ ਸਮਾਜਵਾਦੀ ਖ਼ੁਦ ਨੂੰ ਵਿਅਕਤੀਵਾਦੀ ਮਾਨਤਾਵਾਂ ਤੋਂ ਵੱਖ ਨਹੀਂ ਕਰ ਪਾਏ, ਪਰ ਵਿਚਾਰਕ ਰੂਪ ਵਿਚ ਸਮਰੱਥ ਰਾਲਸ ਨੇ ਕਾਂਟਵਾਦੀ ਮਾਨਤਾ ਨੂੰ ਸਵੀਕਾਰ ਕਰ ਕੇ ਉਦਾਰਵਾਦੀ ਚਿੰਤਨ ਨੂੰ ਇੱਕ ਨਵਾਂ ਮੁਕਾਮ ਦਿੱਤਾ।

         ਜਾਨ ਰਾਲਸ ਨੇ ਸਮਾਜਿਕ ਸਮਝੌਤਾ ਸਿਧਾਂਤ ਦੇ ਇੱਕ ਰੂਪ ਦੇ ਆਧਾਰ ਤੇ ਉਦਾਰਵਾਦੀ ਵਿਅਕਤੀਵਾਦ ਨੂੰ ਪੁਨਰ-ਵੰਡ ਅਤੇ ਸਮਾਜਿਕ ਨਿਆਂ ਦੇ ਨਾਲ ਜੋੜਨ ਦਾ ਯਤਨ ਕੀਤਾ। ਆਪਣੇ ਨਿਆਂ ਦੇ ਸਿਧਾਂਤ ਦਾ ਖ਼ੁਲਾਸਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇੱਕ ਵਿਅਕਤੀ ਦੀ ਸੁਤੰਤਰਤਾ ਹੋਰਨਾਂ ਸਾਰੇ ਵਿਅਕਤੀਆਂ ਦੀ ਸੁਤੰਤਰਤਾ ਦੇ ਨਾਲ ਜੁੜੀ ਹੋਣੀ ਚਾਹੀਦੀ ਹੈ।  ਸਮਾਜਿਕ ਅਸਮਾਨਤਾ ਉਸ ਸਮੇਂ ਹੀ ਹੋਣੀ ਚਾਹੀਦੀ ਹੈ, ਜਦੋਂ ਇਸ ਦੇ ਆਧਾਰ ਤੇ ਗ਼ਰੀਬ ਲੋਕਾਂ ਦਾ ਹਿਤ ਪੂਰਾ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ ਲੋਕ ਆਪਣੀ ਯੋਗਤਾ ਅਤੇ ਹੁਨਰ ਤੋਂ ਅਣਜਾਣ ਹੁੰਦੇ ਹਨ, ਇਸ ਲਈ ਉਹ ਅਸਮਾਨ ਸਮਾਜ ਦੇ ਸਥਾਨ ਤੇ ਸਮਾਨ ਸਮਾਜ ਵਿਚ ਰਹਿਣਾ ਚਾਹੁੰਦੇ ਹਨ।



ਜਾਨ ਰਾਲਸ ਦੀਆਂ ਪ੍ਰਮੁੱਖ ਰਚਨਾਵਾਂ:
1.         A Theory of Justice (1971)
2.         Political Liberalism (1993)
3.         The Law of Peoples (1999)
4.         Lectures on the History of Moral Philosophy (2000)

*ਪਰਮਿੰਦਰ ਸਿੰਘ ਸ਼ੌਂਕੀ ਦੁਆਰਾ ਅਨੁਵਾਦ ਕੀਤੀ ਗਈ ਅਤੇ ਜਲਦ ਹੀ ਪ੍ਕਾਸ਼ਿਤ ਹੋ ਰਹੀ ਕਿਤਾਬ “ਅਰਾਜਕਤਾ, ਰਾਜ ਅਤੇ ਯੂਟੋਪੀਆ” ਵਿਚੋਂ।

You May Also Like

More From Author

0Comments

Add yours

+ Leave a Comment