ਗੁਰਬਾਣੀ ਵਿਚ ਨਾਸਕਤਾ (ਬਿੰਦੀ) ਦਾ ਪ੍ਰਯੋਗ਼
੧. ਨਾਂਵ (ਇਸਮ) ਪੁਲਿੰਗ ਵਾਚਕ ਸ਼ਬਦਾਂ ਨੂੰ ਬਹੁਵਚਨ ਬਨਾਉਣ ਹਿਤ ਵਿਆਕਰਣਿਕ ਤੌਰ ‘ਤੇ ਬਿੰਦੀ ਦਾ ਪ੍ਰਯੋਗ਼ ਕੀਤਾ ਗਿਆ ਹੈ:
“ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ ਜੋ ਸਿਖਾਂ ਨੋ ਲੋਚੈ ਸੋ ਗੁਰ ਖੁਸੀ ਆਵੈ ॥ (ਪੰਨਾ ੩੧੭ )
“ਸੇ ਦਾੜੀਆਂ ਸਚੀਆਂ ਜਿ ਗੁਰ ਚਰਨੀ ਲਗੰਨਿ॥ (ਪੰ:/੧੪੧੯)
ਨਾਗਾਂ ਮਿਰਗਾਂ ਮਛੀਆਂ ਰਸੀਆਂ ਘਰਿ ਧਨੁ ਹੋਇ ॥ (ਪੰ:/੧੨੭੯)
ਪਹਿਲੋ ਦੇ ਤੈਂ ਰਿਜਕੁ ਸਮਾਹਾ ॥ (ਪੰਨਾ ੧੩੦ )
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥ ( ਪੰਨਾ ੩੬੦)
ਤੈਂ = {ਮੱਧਮ-ਪੁਰਖ ਪੜਨਾਂਵ, ਇਕਵਚਨ} ਤੂੰ ।
ਇਸ ਨੇਮ ਅਧੀਨ ਜਿੱਥੇ ਭੀ ‘ਤੈ’ ਸ਼ਬਦ ‘ਤੂੰ’ ਦੇ ਅਰਥ ਭਾਵ ਵਿੱਚ ਆਵੇ ਤਾਂ ਬਿੰਦੀ ਸਹਿਤ ਉਚਾਰਣ ‘ਤੈਂ’ ਕਰਨਾ ਹੈ।
4. ਪੁਰਖ ਵਾਚੀ ਪੜਨਾਂਵ, ਉਤਮ ਪੁਰਖ ,ਇਕਵਚਨ ‘ਤੇ ਬਿੰਦੀ ਦਾ ਪ੍ਰਯੋਗ਼ :
ਹਂਉ ਹਉਰੋ ਤੂੰ ਠਾਕੁਰ ਗਉਰੋ ਨਾਨਕ ਸਰਨਿ ਪਛਾਨੀ॥ (ਪੰ:/੪੦੪)
ਹਂਉ={ਉਤਮ ਪੁਰਖ ਪੜਨਾਂਵ ਇਕਵਚਨ}ਮੈਂ।
ਇਥੋਂ ਸੇਧ ਅਨੁਸਾਰ ‘ਹਉ’ ਸ਼ਬਦ ਜੋ ‘ਮੈਂ’ ਦੇ ਅਰਥ ਵਿੱਚ ਆਵੇ ਤਾਂ ਉਚਾਰਣ ਅੰਤ ‘ਉ’ ‘ਤੇ ਬਿੰਦੀ ਸਹਿਤ ਕਰਨਾ ਹੈ।
5. ਗੁਰਬਾਣੀ ਵਿਚ ਕਿਰਿਆ ‘ਵਰਤਮਾਨ ਕਾਲ, ਉਤਮ ਪੁਰਖ, ਇਕਵਚਨ’ ਸ਼ਬਦਾਂ ਉਪਰ ਬਿੰਦੀ ਦੀ ਵਰਤੋਂ ਕੀਤੀ ਹੈ, ਜਿਵੇਂ :
ਜੇ ਜਾਣਾ ਲੜੁ ਛਿਜਣਾ ਪੀਡੀ ਪਾਈਂ ਗੰਢਿ ॥ (ਪੰਨਾ ੧੩੭੮ )
ਪਾਈਂ = {ਕਿਰਿਆ ਵਰਤਮਾਨ ਕਾਲ,ਉਤਮ ਪੁਰਖ ਇਕਵਚਨ} ਮੈਂ ਪਾਵਾਂ ।
ਜਿਉ ਵੇਖਾਲੇ ਤਿਉ ਵੇਖਾਂ ਬੀਰ ॥੩॥ (ਪੰਨਾ ੧੨੫੭ )
ਵੇਖਾਂ = {ਕਿਰਿਆ ਵਰਤਮਾਨ ਕਾਲ,ਉਤਮ ਪੁਰਖ ਇਕਵਚਨ} ਮੈਂ ਵੇਖਾਂ ।
ਨਾਮੁ ਨਿਰੰਜਨੁ ਉਚਰਾਂ ਪਤਿ ਸਿਉ ਘਰਿ ਜਾਂਈ ॥ (ਪੰਨਾ ੧੨੩੯ )
ਉਚਰਾਂ = {ਕਿਰਿਆ ਵਰਤਮਾਨ ਕਾਲ,ਉਤਮ ਪੁਰਖ ਇਕਵਚਨ} ਮੈਂ ਬੋਲਾਂ ।
ਉਕਤ ਲਫਜ਼ ‘ਪਾਈਂ , ਵੇਖਾਂ, ਉਚਰਾਂ ‘ ਵਿੱਚ ਆਈ ਬਿੰਦੀ ਉਚਾਰਣ ਦਾ ਭਾਗ ਹੈ ਭਾਵ ਇਨ੍ਹਾਂ ਸ਼ਬਦਾਂ ਦਾ ਉਚਾਰਣ ਨਾਸਕੀ ਹੋਵੇਗਾ, ਸੋ ਇਨ੍ਹਾਂ ਲਫਜ਼ਾਂ ਤੋਂ ਸੇਧ ਲੈ ਕੇ ਹੋਰ ਸ਼ਬਦ ਜੋ ਉਤਮ ਪੁਰਖੀ ਵਰਤਮਾਨ ਕਾਲ ਕਿਰਿਆ ਦੇ ਸੂਚਕ ਹਨ ਉਨ੍ਹਾਂ ਦਾ ਉਚਾਰਣ ਵੀ ਨਾਸਕੀ ਕਰਨਾ ਹੈ।
6. ਗੁਰਬਾਣੀ ਵਿਚ ਕਿਰਿਆ ਵਰਤਮਾਨ ਕਾਲ, ਅਨ-ਪੁਰਖ ਬਹੁਵਚਨ ਸ਼ਬਦਾਂ ਉਪਰ ਬਿੰਦੀ ਦਾ ਪ੍ਰਯੋਗ਼ ਕੀਤਾ ਹੈ, ਜਿਵੇਂ :
ਚਰਨ ਕਮਲ ਮੇਰੇ ਹੀਅਰੇ ਬਸੈਂ ॥੧॥ ਰਹਾਉ ॥ (ਪੰਨਾ ੧੧੯੫ )
ਬਸੈਂ = {ਕਿਰਿਆ ਵਰਤਮਾਨ ਕਾਲ, ਅਨ-ਪੁਰਖ ਬਹੁਵਚਨ} ਵਸਦੇ ਹਨ।
ਜਿਨ ਕਉ ਬਿਸਰੈ ਮੇਰੋ ਰਾਮੁ ਪਿਆਰਾ ਸੇ ਮੂਏ ਮਰਿ ਜਾਂਹੀਂ ॥੧॥ (ਪੰਨਾ ੧੨੬੮ )
ਜਾਂਹੀਂ = {ਕਿਰਿਆ ਵਰਤਮਾਨ ਕਾਲ, ਅਨ-ਪੁਰਖ ਬਹੁਵਚਨ} ਮਰ ਜਾਂਦੇ ਹਨ
ਸੇਧ ਅਨੁਸਾਰ ਅਨਪੁਰਖੀ,ਵਰਤਮਾਨ ਕਾਲ ਦੀ ਬਹੁਵਚਨੀ ਕਿਰਿਆਵੀ ਸ਼ਬਦਾਂ ਉਪਰ ਬਿੰਦੀ ਦਾ ਪ੍ਰਯੋਗ਼ ਕਰਨਾ ਹੈ।
7. ਕਿਰਿਆ ਵਰਤਮਾਨ ਕਾਲ, ਮਧਮ-ਪੁਰਖ ਇਕਵਚਨ ਸ਼ਬਦਾਂ ਉਪਰ ਬਿੰਦੀ ਦਾ ਪ੍ਰਯੋਗ ਕੀਤਾ ਮਿਲਦਾ ਹੈ :
ਸਗਲ ਸੂਖ ਜਾਂ ਤੂੰ ਚਿਤਿ ਆਵੈਂ ॥ (ਪੰਨਾ ੩੮੫ )
ਆਵੈਂ = {ਕਿਰਿਆ ਵਰਤਮਾਨ ਕਾਲ, ਮਧਮ-ਪੁਰਖ ਇਕਵਚਨ} ਆਊਂਦਾ ਹੈਂ ।
ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈਂ ਅਤਿਭੁਜ ਭਇਓ ਅਪਾਰਲਾ ॥ (ਪੰਨਾ ੧੨੯੨ )
ਹੈਂ = {ਕਿਰਿਆ ਵਰਤਮਾਨ ਕਾਲ, ਮਧਮ-ਪੁਰਖ ਇਕਵਚਨ} ਕਹਿਆ ਜਾਂਦਾ ਹੈਂ ।
ਨੇਮ ਤੋਂ ਸੇਧ ਲੈ ਕੇ ਮਧਮ ਪੁਰਖੀ,ਇਕਵਚਨੀ,ਕਿਰਿਆਵੀ ਸ਼ਬਦ ਜੋ ਵਰਤਮਾਨ ਕਾਲ ਕਿਰਿਆ ਵਿੱਚ ਹੋਵਣ,ਉਹਨਾਂ ਉਪਰ ਬਿੰਦੀ ਦਾ ਪ੍ਰਯੋਗ਼ ਕਰਨਾ ਹੈ।
8. ਕਿਰਿਆ ਵਰਤਮਾਨ ਕਾਲ, ਉਤਮ ਪੁਰਖ, ਬਹੁਵਚਨੀਂ ਸ਼ਬਦਾਂ ਉਪਰ ਬਿੰਦੀ ਦਾ ਪ੍ਰਯੋਗ਼ ਕਰਨਾ ਹੈ:
ਮਿਲਿ ਗਾਵਹ ਗੁਣ ਅਗਮ ਅਪਾਰੇ॥ {ਪੰ:/੧੦੪}
ਗਾਵਹ={ਕਿਰਿਆ ਵਰਤਮਾਨ ਕਾਲ,ਉਤਮ ਪੁਰਖ,ਬਹੁਵਚਨ} ਅਸੀਂ ਗਾਉਂਦੇ ਹਾਂ।
ਹਰਿ ਗੁਣ ਗਾਵਹ ਸਹਜਿ ਸੁਭਾਇ॥ਰਹਾਉ॥ {ਪੰ:/੧੮੫}
ਗਾਵਹ=ਅਸੀਂ ਗਾਉਂਦੇ ਹਾਂ। ਉਚਾਰਣ= ਗਾਵਹ=ਗਾਵ੍ਹੈਂ।
ਪਿੱਛੇ ਆਏ ਕਿਰਿਆਵੀ-ਸ਼ਬਦਾਂ ਉਪਰ ਬਿੰਦੀ ਦੇ ਪ੍ਰਯੋਗ਼ ਤੋਂ ਸੇਧ ਲੈਂਦੇ ਹੋਏ,ਉਪਰਕੋਤ ਨੇਮ-ਵਤ ਸ਼ਬਦਾਂ ਉਪਰ ਭੀ ਬਿੰਦੀ ਦਾ ਪ੍ਰਯੋਗ਼ ਕਰਨਾ ਹੈ।
9. ਕਿਰਿਆ ਭੂਤਕਾਲ, ਅਨਪੁਰਖ, ਇਕਵਚਨ, ਇਸਤ੍ਰੀ ਲਿੰਗ ਸ਼ਬਦਾਂ ਉਪਰ ਬਿੰਦੀ ਦਾ ਪ੍ਰਯੋਗ਼ :
ਚਲਿ ਚਲਿ ਗਈਆਂ ਪੰਖੀਆਂ ਜਿਨੀ ਵਸਾਏ ਤਲ॥ {ਪੰ:/੧੩੮੧}
ਗਈਆਂ={ਕਿਰਿਆ ਭੂਤਕਾਲ,ਅਨਪੁਰਖ,ਇਕਵਚਨ,ਇਸਤਰੀ ਲਿੰਗ}ਗਈਆਂ
ਨੇਮ ਤੋਂ ਸੇਧ ਲੈ ਕੇ ਹੋਰ ਇਸ ਨੇਮ-ਵੱਤ ਸ਼ਬਦਾਂ ਉਪਰ ਬਿੰਦੀ ਦਾ ਪ੍ਰਯੋਗ਼ ਕਰਨਾ ਹੈ।
10. ਭੂਤਕਾਲ, ਮਧਮ ਪੁਰਖ, ਇਕਵਚਨ ਦੀਆਂ ਕਰਤਰੀ, ਕਰਮਨੀ ਵਾਚ ਦੀਆਂ ਪੁਲਿੰਗ ਅਤੇ ਇਸਤ੍ਰੀ ਲਿੰਗ ਕਿਰਿਆਵਾਂ ਦੇ ਅੰਤਲੇ ਪੜਨਾਵੀਂ ਪਛੇਤਰ ‘ਤੇ ਬਿੰਦੀ ਦਾ ਪ੍ਰਯੋਗ਼ ਕਰਨਾ ਹੈ:
ਹੰਸੁ ਚਲਿਆ ਤੂੰ ਪਿਛੇ ਰਹੀਏਹਿ ਛੁਟੜਿ ਹੋਈਅਹਿ ਨਾਰੀ॥ {ਪੰ:/੧੫੫}
ਰਹੀਏਹਿ={ਕਿਰਿਆ ਭੂਤਕਾਲ,ਮਧਮ ਪੁਰਖ, ਇਕਵਚਨ, ਕਰਤਰੀ ਵਾਚ, ਪੜਨਾਵੀਂ ਪਿਛੇਤਰ} ਤੂੰ ਰਹਿ ਗਈ ਹੈਂ। ਉਚਾਰਣ=ਰਹੀਏਹਿਂ।
ਹੋਈਅਹਿ=ਤੂੰ ਹੋ ਗਈ ਹੈਂ। ਉਚਾਰਣ= ਹੋਈਅਹਿਂ।
ਬਧੋਹੁ ਪੁਰਖ ਬਿਧਾਤੈ ਤਾਂ ਤੂੰ ਸੋਹਿਆ॥ {ਪੰ:/੧੩੬੨}
ਬਧੋਹੁ={ਕਿਰਿਆ ਭੂਤਕਾਲ,ਮਧਮ ਪੁਰਖ, ਇਕਵਚਨ, ਕਰਮਨੀ ਵਾਚ, ਪੜਨਾਵੀਂ ਪਿਛੇਤਰ} ਤੂੰ ਬਧਾ ਗਿਆ। ਉਚਾਰਣ =ਬਧੋਹੁਂ।
11. ਕਿਰਿਆ ਭਵਿਖਤ ਕਾਲ, ਅਨਪੁਰਖ, ਬਹੁਵਚਨੀ ਸ਼ਬਦਾਂ ਉਪਰ ਬਿੰਦੀ ਦਾ ਪ੍ਰਯੋਗ਼ ਮਿਲਦਾ ਹੈ:
ਵਿਚਿ ਹਉਮੈ ਕਰਮ ਕਮਾਵਦੇ ਸਭ ਧਰਮ ਰਾਇ ਕੈ ਜਾਹੀਂ॥ {ਪੰ:੧੪੧੮}
ਜਾਹੀਂ={ਕਿਰਿਆ ਭਵਿਖਤ ਕਾਲ, ਅਨਪੁਰਖ,ਬਹੁਵਚਨ} ਜਾਣਗੇ।
ਨੋਟ: ਬਿੰਦੀ ਮੌਜੂਦਾ ਬੀੜਾਂ ਵਿੱਚ ਛਾਪੇ ਦੀ ਗ਼ਲਤੀ ਕਾਰਣ ‘ਜਾ’ ਆਕਾਰਾਂਤ ਉਪਰ ਪ੍ਰਿੰਟ ਹੈ। ਅਸਲ ਵਿੱਚ ਇਹ ਬਿੰਦੀ ‘ਹੀ’ ਈਕਾਰਾਂਤ ਦੀ ਹੈ। ਉਸ ਸਮੇ ਦੀ ਸਾਹਿਤਕਾਰੀ ਅਨੁਸਾਰ ‘ਹੀ’ ਤੋਂ ਪਹਿਲਾਂ ਬਿੰਦੀ ਹੈ, ਐਪਰ ਅੱਜਕਲ੍ਹ ਲਗਾਖਰ ਪਿਛੋਂ ਬਿੰਦੀ ਲਗਦੀ ਹੈ।ਇਸ ਕਰਕੇ ਕੰਪਿਊਟਰ ਨੇ ਬਿੰਦੀ ‘ਹੀ’ ਬਾਅਦ ਹੀ ਟਾਈਪ ਕੀਤੀ ਹੈ।
ਇੱਥੋਂ ਸੇਧ ਅਨੁਸਾਰ ਉਕਤ ਨਿਯਮ ਵਾਲੀਆਂ ਕਿਰਿਆਵਾਂ ਉਪਰ ਬਿੰਦੀ ਦਾ ਪ੍ਰਯੋਗ਼ ਕਰਨਾ ਹੈ।
12. ਕਿਰਿਆ ਭਵਿਖਤ ਕਾਲ, ਮਧਮ ਪੁਰਖ, ਇਕਵਚਨੀ ਸ਼ਬਦਾਂ ਉਪਰ ਬਿੰਦੀ ਦਾ ਪ੍ਰਯੋਗ਼ ਮਿਲਦਾ ਹੈ:
ਨਾਨਕ ਸਦਾ ਅਰਾਧਿ ਕਦੇ ਨ ‘ਜਾਹਿਂ’ ਮਰਿ॥ {ਪੰ:੧੩੬੩}
ਜਾਹਿਂ={ਕਿਰਿਆ ਭਵਿਖਤ ਕਾਲ, ਮਧਮ ਪੁਰਖ ਇਕਵਚਨ} ਤੂੰ ਨਹੀਂ ਜਾਇਂਗਾ, ਮਰੇਂਗਾ।
ਸੋਧ ਅਨੁਸਾਰ ਉਪਰੋਕਤ ਕਿਰਿਆਵੀ ਸ਼ਬਦਾਂ ‘ਤੇ ਬਿੰਦੀ ਦਾ ਪ੍ਰਯੋਗ਼ ਕਰਨਾ ਹੈ।
13. ਕਿਰਿਆ ਸੰਭਾਵ ਭਵਿਖਤ ਕਾਲ,ਮਧਮ ਪੁਰਖ,ਇਕਵਚਨੀ ਸ਼ਬਦਾਂ ਉਪਰ ਬਿੰਦੀ ਦਾ ਪ੍ਰਯੋਗ਼ ਮਿਲਦਾ ਹੈ:
ਆਖੀਂ ਸੇਖਾ ਬੰਦਗੀ ਚਲਣੁ ਅਜੁ ਕਿ ਕਲੁ॥ {ਪੰ:/੧੩੮੩}
ਆਖੀਂ-{ਕਿਰਿਆ ਸੰਭਾਵ ਭਵਿਖਤ ਕਾਲ ਮਧਮਪੁਰਖ ਇਕਵਚਨ} ਤੂੰ ਕਹੀਂ।
ਤਿਆਗੇਂ ਮਨ ਕੀ ਮਤੜੀ ਵਿਸਾਰੇਂ ਦੂਜਾ ਭਾਉ ਜੀਉ॥ {ਪੰ:/੭੬੩}
ਤਿਆਗੇਂ= ਤੂੰ ਤਿਆਗੀਂ। ਵਿਸਾਰੇਂ=ਤੂੰ ਵਿਸਾਰੀਂ।
ਉਪਰੋਕਤ ਨੇਮ ਤੋਂ ਸੇਧ ਅਨੁਸਾਰ ਸੰਭਾਵੀ ਭਵਿਖਤ ਕਾਲ,ਮਧਮ ਪੁਰਖ, ਇਕਵਚਨੀ ਕਿਰਿਆਵੀ ਸ਼ਬਦਾਂ ਉਪਰ ਬਿੰਦੀ ਦਾ ਪ੍ਰਯੋਗ਼ ਕਰਨਾ ਹੈ।
14. ਕਿਰਿਆ ਹੁਕਮੀ ਭਵਿਖਤ ਕਾਲ,ਉਤਮ ਪੁਰਖ ਇਕਵਚਨੀ ਸ਼ਬਦਾਂ ਉਪਰ ਬਿੰਦੀ ਦਾ ਪ੍ਰਯੋਗ਼ ਮਿਲਦਾ ਹੈ:
ਜੇ ਜਾਣਾ ਲੜੁ ਛਿਜਣਾ ਪੀਡੀ ਪਾਈਂ ਗੰਢਿ॥ {ਪੰ:/੧੩੭੮}
ਪਾਈਂ ={ਕਿਰਿਆ ਹੁਕਮੀ ਭਵਿਖਤ ਕਾਲ,ਉਤਮ ਪੁਰਖ ਇਕਵਚਨ}ਮੈਂ ਪਾਵਾਂ।
ਨੇਮ ਤੋਂ ਸੇਧ ਅਨੁਸਾਰ ਉਪਰੋਕਤ ਕਿਰਿਆਵੀ ਸ਼ਬਦਾਂ ਉਪਰ ਬਿੰਦੀ ਦਾ ਪ੍ਰਯੋਗ਼ ਕਰਨਾ ਹੈ।
15. ਕਿਰਿਆ ਹੁਕਮੀ ਭਵਿਖਤ ਕਾਲ, ਉਤਮ ਪੁਰਖ, ਇਕਵਚਨ, ਕਰਮਨੀ ਵਾਚ ਦੀਆਂ ਕਿਰਿਆਵਾਂ ਉਪਰ ਬਿੰਦੀ ਦਾ ਪ੍ਰਯੋਗ਼ ਮਿਲਦਾ ਹੈ:
ਤੁਧੁ ਭਾਵੈ ਸੰਤੋਖੀਆਂ ਚੂਕੈ ਆਲ ਜੰਜਾਲਿ॥ {ਪੰ:/੧੨੭੯}
ਸੰਤੋਖੀਆਂ={ਕਰਮਨੀ ਵਾਚ} ਮੈਂ ਸੰਤੋਖਿਆ ਜਾਵਾਂ।
ਸੇਵਾ ਮੰਗੈ ਸੇਵਕੋ ਲਾਈਆਂ ਅਪੁਨੀ ਸੇਵ॥ {ਪੰ:/੪੩}
ਲਾਈਆਂ={ਕਰਮਨੀ ਵਾਚ} ਮੈਂ ਲਾਇਆ ਜਾਵਾਂ।
ਨੇਮ ਨੂੰ ਸਮਝ ਕੇ ਕਰਮਨੀ ਵਾਚ ਸ਼ਬਦ ਜੋ ਹੁਕਮੀ ਭਵਿਖਤ ਕਾਲ,ਉਤਮ ਪੁਰਖ,ਇਕਵਚਨ ਹੋਵਣ,ਤਾਂ ਬਿੰਦੀ ਦਾ ਪ੍ਰਯੋਗ਼ ਕਰਨਾ ਜ਼ਰੂਰੀ ਹੈ।
16. ਵਰਤਮਾਨ ਕਿਰਦੰਤ ਸ਼ਬਦਾਂ ਉਪਰ ਬਿੰਦੀ ਦਾ ਪ੍ਰਯੋਗ਼ ਮਿਲਦਾ ਹੈ :
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ॥ {ਪੰ:/੪੬੩}
ਹੋਦਿਆਂ={ਵਰਤਮਾਨ ਕਿਰਦੰਤ}ਹੁੰਦਿਆ।
ਉਪਰੋਕਤ ਸ਼ਬਦ ਤੋਂ ਸੇਧ ਲੈ ਕੇ ਨੇਮ ਅਨੁਸਾਰ ਬਿੰਦੀ ਦਾ ਪ੍ਰਯੋਗ਼ ਕਰਨਾ ਹੈ।
17. ਭੂਤ-ਕਿਰਦੰਤ, ਅਨਪੁਰਖ, ਬਹੁਵਚਨ ਨਾਂਵ, ਜੋ ਕਰਮ ਕਾਰਕ ਜਾਂ ਸੰਪ੍ਰਦਾਨ ਕਾਰਕ ਵਿੱਚ ਹਨ,ਉਹਨਾਂ ਸ਼ਬਦਾਂ ਉਪਰ ਬਿੰਦੀ ਦਾ ਪ੍ਰਯੋਗ਼ ਮਿਲਦਾ ਹੈ:
ਭੁਲਿਆਂ ਆਪਿ ਸਮਝਾਇਸੀ ਜਾ ਕਉ ਨਦਰਿ ਕਰੇ॥੬੭ {ਪੰ:/੧੪੨੧}
ਭੁਲਿਆਂ={ਭੂਤ ਕਿਰਦੰਤ ਅਨਪੁਰਖ ਬਹੁਵਚਨ ਨਾਂਵ, ਸੰਪ੍ਰਦਾਨ ਕਾਰਕ} ਭੁੱਲਿਆਂ ਨੂੰ।
ਉਪਰੋਕਤ ਨੇਮ ਤੋਂ ਸੇਧ ਅਨੁਸਾਰ ਹੋਰ ਥਾਂ ਆਏ ਸ਼ਬਦ, ਜੋ ਭੂਤ ਕਿਰਦੰਤ ਅਨਪੁਰਖ ਬਹੁਵਚਨ ਨਾਂਵ,ਕਰਮ ਕਾਰਕ ਜਾਂ ਸੰਪ੍ਰਦਾਨ ਕਾਰਕ ਵਿੱਚ ਹੋਣ ਤਾਂ ਬਿੰਦੀ ਦਾ ਪ੍ਰਯੋਗ਼ ਕਰਨਾ ਲਾਜ਼ਮੀ ਹੈ।
+ There are no comments
Add yours