ਚੰਦਨ ਨੇਗੀ ਦੀਆਂ ਕਹਾਣੀਆਂ ਵਿਚ ਡੁੱਗਰ ਆਂਚਲਿਕਤਾ

ਪੰਜਾਬੀ ਗਲਪ ਸਾਹਿੱਤ ਦੇ ਖੇਤਰ ਵਿਚ ਚੰਦਨ ਨੇਗੀ ਦਾ ਸਥਾਨ ਅਤੇ ਨਾਮ ਜਾਣਿਆ ਪਛਾਣਿਆ ਵੀ ਹੈ ਅਤੇ ਆਦਰਯੋਗ ਵੀ। ਉਸ ਨੇ ਪੰਜਾਬੀ ਸਾਹਿੱਤ ਨੂੰ ਆਪਣੀਆਂ ਕਹਾਣੀਆਂ ਅਤੇ ਨਾਵਲਾਂ ਨਾਲ ਗਿਣਾਤਮਿਕ ਅਤੇ ਗੁਣਾਤਮਿਕ ਦੋਨਾਂ ਪੱਖਾਂ ਤੋਂ ਅਮੀਰ ਬਣਾਇਆ ਹੈ। ਉਸ ਦੇ ਨਵੇਂ ਕਹਾਣੀ ਸੰਗ੍ਰਹਿ ‘ਹਰਖ ਸੋਗ’ ਜੋ 2004 ਵਿਚ ਪ੍ਰਕਾਸ਼ਿਤ ਹੋਇਆ ਨਾਲ ਇੱਕ ਸਥਾਪਿਤ ਲੇਖਕਾਂ ਵਜੋਂ ਉੱਭਰੀ। ਕਹਾਣੀ ਦੇ ਖੇਤਰ ਵਿਚ ਉਸ ਨੇ ਲਗਭਗ ਗਿਆਰਾਂ ਦੇ ਕਰੀਬ ਕਹਾਣੀ ਸੰਗ੍ਰਹਿ ਪੰਜਾਬੀ ਸਾਹਿੱਤ ਦੀ ਝੋਲੀ ਪਾਏ ਹਨ। ਇਸ ਤੋਂ ਬਿਨਾਂ ਉਸ ਨੇ ਪੰਜਾਬੀ ਨਾਵਲ ਅਤੇ ਅਨੁਵਾਦਕ ਪੁਸਤਕਾਂ ਨਾਲ ਪੰਜਾਬੀ ਸਾਹਿੱਤ ਨੂੰ ਅਮੀਰ ਬਣਾਇਆ ਹੈ। ਉਸ ਦੀ ਕਹਾਣੀ ਕਲਾ ਦੀ ਵੱਡੀ ਖ਼ੂਬੀ ਇਹ ਹੈ ਕਿ ਉਸ ਨੇ ਸਮਾਜ ਦੇ ਵੱਖ-ਵੱਖ ਖੇਤਰਾਂ ਵਿਚੋਂ ਪ੍ਰਾਪਤ ਕੀਤੇ ਨਿੱਜੀ ਅਨੁਭਵਾਂ ਨੂੰ ਆਪਣੇ ਸੁਹਜਮਈ ਅਤੇ ਕਲਾਮਈ ਬਿੰਬਾਂ ਅਤੇ ਪ੍ਰਤੀਕਾਂ ਵਿਚ ਅਜਿਹੀ ਸ਼ੈਲੀ ਰਾਹੀ ਵਿਉਂਤਿਆ ਕਿ ਉਸ ਦੀ ਪੰਜਾਬੀ ਕਹਾਣੀ ਦੇ ਖੇਤਰ ਵਿਚ ਇੱਕ ਵਿਲੱਖਣ, ਵੱਖਰੀ ਅਤੇ ਬਹੁਮੁੱਲੀ ਪਛਾਣ ਸਥਾਪਤ ਹੋ ਗਈ ਹੈ।
          ਚੰਦਨ ਨੇਗੀ ਦੀਆਂ ਕਹਾਣੀਆਂ ਦਾ ਸੰਦੇਸ਼ ਸਮਾਜਿਕ ਬੁਰਾਈਆਂ ਅਤੇ ਔਰਤ ਦੀ ਮੰਦਹਾਲੀ ਹਾਲਤ ਨੂੰ ਪਛਾਣਨਾ ਅਤੇ ਇਹਨਾਂ ਦਾ ਹੱਲ ਲੱਭਣ ਉੱਪਰ ਜੋਰ ਹੈ। ਉਸ ਦੀਆਂ ਵਧੇਰੇ ਕਹਾਣੀਆਂ ਉਸ ਦੇ ਜੀਵਨ ਵਿਚਲੀਆਂ ਯਾਦਾਂ ਤੇ ਜ਼ਿੰਦਗੀ ਵਿਚੋਂ ਪ੍ਰਾਪਤ ਹੋਏ ਨਿੱਜੀ ਅਨੁਭਵਾਂ ਦਾ ਹੀ ਵਿਸਥਾਰ ਹਨ। ਇਸ ਗੁਣ ਕਰ ਕੇ ਚੰਦਨ ਨੇਗੀ ਦਾ ਪੰਜਾਬੀ ਕਹਾਣੀਕਾਰਾਂ ਅਤੇ ਸਾਹਿਤਕਾਰਾਂ ਵਿਚ ਇੱਕ ਵਿਸ਼ੇਸ਼ ਅਤੇ ਵਿਲੱਖਣ ਸਥਾਨ ਹੈ। ਚੰਦਨ ਨੇਗੀ ਦੀਆਂ ਕਹਾਣੀਆਂ ਦਾ ਮੁੱਖ ਖੇਤਰ ਜੰਮੂ-ਕਸ਼ਮੀਰ ਹੈ। ਇਸ ਕਰ ਕੇ ਉਸ ਨੇ ਆਪਣੇ ਨਿੱਜੀ ਅਨੁਭਵਾਂ ਉੱਪਰ ਉੱਥੋਂ ਦੀ ਭੂਗੋਲਿਕ ਸਥਿਤੀ, ਧਾਰਮਿਕ ਵਿਸ਼ਵਾਸ, ਉੱਥੋਂ  ਦੇ ਲੋਕਾਂ ਦੀ ਸਮਾਜਕ, ਆਰਥਿਕ ਸਥਿਤੀ, ਔਰਤ ਪ੍ਰਤੀ ਸਮਾਜ ਦਾ ਵਤੀਰਾ, ਵਹਿਮ-ਭਰਮ, ਰਸਮ-ਰਿਵਾਜ਼,ਦੇਸ਼ ਵੰਡ ਦਾ ਅਸਰ, ਬਦਲ ਰਹੀ ਸਥਿਤੀ ਵਿਚ ਪੁਰਾਣੇ ਜੀਵਨ ਦੀ ਥਾਂ ਨਵੀਆਂ ਕੀਮਤਾਂ ਦਾ ਅਸਰ ਆਦਿ ਜੀਵਨ ਦੇ ਸਾਰੇ ਪੱਖਾਂ ਦਾ ਆਪਣੀ ਸਿਰਜਣ ਪ੍ਰਕਿਰਿਆ ਵਿਚ ਚਿਤਰਨ ਕੀਤਾ ਹੈ। ਚੰਦਨ ਨੇਗੀ ਦੀਆਂ ਕਹਾਣੀਆਂ ਵਿਚੋਂ ਜੰਮੂ-ਕਸ਼ਮੀਰ ਦੇ ਡੁੱਗਰ ਜਨ-ਜੀਵਨ ਦੀ ਤਸਵੀਰ ਪ੍ਰਤੱਖ ਰੂਪ ਵਿਚ ਉਜਾਗਰ ਹੁੰਦੀ ਹੈ। ਉਸ ਨੇ ਆਪਣੇ ਕਹਾਣੀ ਸੰਗ੍ਰਹਿ ‘ਬਾਰਿ ਪਰਾਇ* ਦੇ ਮੁੱਖ ਬੰਦ ਵਿਚ ਕਿਹਾ ਹੈ ਕਿ:
ਮੈਂ ਡੋਗਰੀ ਜਨ-ਜੀਵਨ, ਸਭਿਆਚਾਰ, ਲੋਕ-ਧਾਰਾ, ਰਸਮ-ਰਿਵਾਜ, ਬੋਲੀ ਨੂੰ ਜੰਮੂ-ਕਸ਼ਮੀਰ ਦੀ ਸਥਾਨਕ ਰੰਗਤ ਨਾਲ ਚਿੱਤਰ ਕੇ ਸਮਾਜਕ, ਧਾਰਮਿਕ, ਕਲਾਤਮਿਕ ਸਮਗਰੀ ਨੂੰ ਪੇਸ਼ ਕੀਤਾ ਹੈ।1
          ਇਸ ਤਰ੍ਹਾਂ ਚੰਦਨ ਨੇਗੀ ਦੀਆਂ ਕਹਾਣੀਆਂ ਵਿਚ ਡੁੱਗਰ ਆਂਚਲਿਕਤਾ ਭਰਪੂਰ ਰੂਪ ਵਿਚ ਪੇਸ਼ ਹੋਈ ਹੋਈ ਮਿਲਦੀ ਹੈ। ਜੰਮੂ-ਕਸ਼ਮੀਰ ਦੇ ਹਰ ਕੋਨੇ ਵਿਚੋਂ  ਪੰਜਾਬੀ ਭਾਸ਼ਾ ਦੀ ਮਹਿਕ ਆਉਂਦੀ ਹੈ ਅਤੇ ਪੰਜਾਬੀ ਭਾਸ਼ਾ ਦੇ ਕਈ ਵੱਖ-ਵੱਖ ਸਥਾਨਿਕ ਰੂਪ ਸਾਹਮਣੇ ਆਉਂਦੇ ਹਨ, ਜਿਨ੍ਹਾਂ ਵਿਚੋਂ ਪੁਣਛੀ, ਮੀਰਾਪੁਰ, ਮੁਜਫ਼ਰਾਬਾਦ, ਡੋਗਰੀ ਤੇ ਗੋਜਰੀ ਆਦਿ ਇਲਾਕੇ ਹਨ ਜਿਨ੍ਹਾਂ ਵਿਚੋਂ ਡੁੱਗਰ ਆਂਚਲਿਕਤਾ ਦੀ ਖ਼ੁਸ਼ਬੂ ਆਉਂਦੀ ਹੈ ਜੋ ਆਪਣੇ ਆਪ ਕਹਾਣੀਆਂ ਵਿਚ ਝਲਕਾਰਾ ਮਾਰਦੀ ਹੈ।ਇਹਨਾਂ ਸਭ ਦਾ ਵਰਣਨ ਪ੍ਰਤੱਖ ਰੂਪ ਵਿਚ ਚੰਦਨ ਨੇਗੀ ਦੀਆਂ ਕਹਾਣੀਆਂ ਵਿਚੋਂ ਮਿਲਦਾ ਹੈ। ਭਾਸ਼ਾਈ ਵੱਖਰਤਾ ਉਸ ਦੀਆਂ ਕਹਾਣੀਆਂ ਦੀ ਇੱਕ ਹੋਰ ਵਿਸ਼ੇਸ਼ਤਾ ਰਹੀ ਹੈ। ਉਦਾਹਰਨ ਦੇ ਤੌਰ ਤੇ ‘ਦਸਤਕ* ਕਹਾਣੀ ਵਿਚ ਕ੍ਰਿਸ਼ਨਾ ਭੈਣ ਦੀ ਵਾਰਤਾਲਾਪ ਵਿਚ ਉਪਭਾਸ਼ਾਈ ਸ਼ਬਦ ਆਪਣੇ ਆਪ ਝਲਕਦੇ ਹਨ, ਜਿਹੜੇ ਇਸ ਖੇਤਰ ਨੂੰ ਡੁੱਗਰ ਜਨ-ਜੀਵਨ ਦੇ ਵਸਨੀਕ ਹੋਣ ਦਾ ਪਤਾ ਦੱਸਦੇ ਹਨ ਜਿਵੇਂ ਕਿ:
ਇੱਥੇ ਘੇਹੋ ਜੇਹੇ ਘ੍ਹਾਰ ਨ……..ਡਬੇ ਡਬੇ ਬਣਵੇ…..
          …….ਸਾਡੇ ਤਾਂ ਸੋਹਣੇ ਖੁੱਲ੍ਹੇ ਘ੍ਹਾਰ………ਖੁੱਲ੍ਹੇ ਦਾਲਾਨ…………ਵੱਡੇ
          ਵੇਹੜੇ ਨ ……..2
          ਅਜਿਹੀਆਂ ਕਹਾਣੀਆਂ ਵਿਚ ਉਪਭਾਸ਼ਾਈ ਖੇਤਰ ਨਾਲ ਸੰਬੰਧਿਤ ਭਾਸ਼ਾ ਵਰਤ ਕੇ ਚੰਦਨ ਨੇਗੀ ਨੇ ਆਪਣੀਆਂ ਕਹਾਣੀਆਂ ਨੂੰ ਡੁੱਗਰ ਖੇਤਰ ਨਾਲ ਸੰਬੰਧਿਤ ਹੋਣ ਦਾ ਸਬੂਤ ਦਿੱਤਾ ਹੈ। ਕਹਾਣੀ ਵਿਚਲੀ ਵਿਸ਼ੇਸ਼ ਸਮਾਜਕ, ਸਭਿਆਚਾਰਕ ਸਥਿਤੀ ਉਸ ਨੂੰ ਬਾਕੀ ਖੇਤਰਾਂ ਨਾਲੋਂ ਵੱਖਰਾ ਨਿਸ਼ਚਿਤ ਕਰਦੀ ਹੈ। ਕਹਾਣੀ ਵਿਚ ਬਿਆਨ ਕੀਤੀ ਭੂਗੋਲਿਕ ਸਥਿਤੀ ਨਾਲ ਸੰਬੰਧਿਤ ਵੇਰਵੇ ਤੋਂ ਪਾਠਕ ਵਰਗ ਨੂੰ ਸੰਪੂਰਨ ਆਲੇ ਦੁਆਲੇ ਦੀ ਜਾਣਕਾਰੀ ਸਹਿਜੇ ਹੀ ਹੋ ਜਾਂਦੀ ਹੈ। ਚੰਦਨ ਨੇਗੀ ਨੇ ਆਪਣੀਆਂ ਕਹਾਣੀਆਂ ਵਿਚ ਸਥਾਨਿਕ ਸਭਿਆਚਾਰਕ ਦ੍ਰਿਸ਼ਾਂ ਨੂੰ ਕੇਂਦਰੀ ਵਿਸ਼ੇ ਜਿਨ੍ਹਾਂ ਹੀ ਮਹੱਤਵਪੂਰਨ ਸਥਾਨ ਦਿੱਤਾ ਹੈ। ਚੰਦਨ ਨੇਗੀ ਵਾਤਾਵਰਨ ਦ੍ਰਿਸ਼ਟੀ ਤੇ ਸਥਾਨਿਕ ਰੰਗਾਂ ਨੂੰ ਧਿਆਨ ਵਿਚ ਰੱਖ ਕੇ ਕਹਾਣੀ ਦੀ ਵਿਉਂਤਬੰਦੀ ਕਰਦੀ ਹੈ। ਉਦਾਹਰਨ ਵਜੋਂ ‘ਸਿੱਲ੍ਹ* ਕਹਾਣੀ ਦਾ ਆਰੰਭ ਵੀ ਵਾਤਾਵਰਣੀ ਦ੍ਰਿਸ਼ਾਂ ਨੂੰ ਵਾਰ-ਵਾਰ ਉਘਾੜਦਾ ਹੈ। ਜਿਨ੍ਹਾਂ ਦ੍ਰਿਸ਼ਾਂ ਨੂੰ ਚੰਦਨ ਨੇਗੀ ਨੇ ਡੁੱਗਰ ਖੇਤਰ ਵਿਚ ਵਿਚਰਨ ਕਰ ਕੇ ਆਪਣੇ ਨਿੱਜੀ ਅਨੁਭਵਾਂ ਦੇ ਆਧਾਰ ਤੇ ਵਾਤਾਵਰਣੀ ਦ੍ਰਿਸ਼ਾਂ ਰਾਹੀਂ ਆਪਣੀਆਂ ਕਹਾਣੀਆਂ ਵਿਚ ਪ੍ਰਗਟਾਇਆ ਹੈ।
          ਕਈ ਦਿਨਾਂ ਦੀ ਝੜੀ ਲੱਗੀ ਹੋਈ ਹੈ। ਕਦੀ ਕਿਣ-ਮਿਣ ਕਿਣ-ਮਿਣ ਅਤੇ ਕਦੀ ਰੁਣ-ਝੁਣ। ਸ਼ਰ-ਸ਼ਰ ਕਰਦੇ ਪਾਣੀ ਦਾ ਸ਼ੋਰ ਜਾਂ ਕਹਾਣੀਆਂ ਦਾ ਸੁਖਾਵਾਂ ਮਧੁਰ ਸੰਗੀਤ, ਕਾਲੇ ਘਨਘੋਰ ਬੱਦਲਾਂ ਦੀ ਚਾਦਰ ਨਾ ਕਿੱਧਰੋਂ ਘਸਦੀ ਹੈ ਨਾ ਫਟਦੀ ਹੈ। ਸੂਰਜ ਦੀ ਕੋਈ ਵੀ ਕਿਰਨ ਧਰਤੀ ਉੱਤੇ ਝਾਤ ਨਹੀਂ ਮਾਰਦੀ।3
          ਚੰਦਨ ਨੇਗੀ ਨੇ ਆਪਣੀ ਕਹਾਣੀ ਕਲਾ ਦਾ ਆਰੰਭ ਵੀ ਜੰਮੂ ਖੇਤਰ ਵਿਚ ਹੀ ਕੀਤਾ ਹੈ ਜਿਸ ਕਾਰਨ ਉਸ ਦੀਆਂ ਕਹਾਣੀਆਂ ਵਿਚੋਂ ਸਥਾਨਿਕ ਰੰਗ ਵਧੇਰੇ ਤੀਖਣ ਹੈ। ਚੰਦਨ ਨੇਗੀ ਦੀਆਂ ਬਹੁਤੀਆਂ ਕਹਾਣੀਆਂ ਵਿਚ ਡੁੱਗਰ ਸਭਿਆਚਾਰ, ਧਾਰਮਿਕ ਜਨ-ਜੀਵਨ ਦਾ ਵਰਣਨ ਵੀ ਮਿਲਦਾ ਹੈ ਕਿ ਕਿਸ ਤਰ੍ਹਾਂ ਲੋਕ ਸਵੇਰ ਨੂੰ ਮੰਦਰਾਂ ਵਿਚ ਆਰਤੀ ਕਰਦੇ ਹਨ। ਚੰਦਨ ਨੇਗੀ ਡੁੱਗਰ ਜਨ-ਜੀਵਨ ਦੀ ਅਜਿਹੀ ਧਾਰਮਿਕ ਬਿਰਤੀ ਨੂੰ ਆਪਣੀਆਂ ਕਹਾਣੀਆਂ ਵਿਚ ਬੜੇ ਸਹਿਜਤਾ ਨਾਲ ਬਿਆਨ ਕਰਦੀ ਹੈ, ਜਿਸ ਤੋਂ ਪਾਠਕ ਵਰਗ ਨੂੰ ਅਜਿਹੇ ਡੁੱਗਰ ਜਨ-ਜੀਵਨ ਦੀ ਧਾਰਮਿਕ ਬਿਰਤੀ ਦਾ ਸਹਿਜੇ ਗਿਆਨ ਹੋ ਜਾਂਦਾ ਹੈ। ਚੰਦਨ ਨੇਗੀ ਆਪਣੀ ਕਹਾਣੀ ਦੇ ਜਨਮ ਬਾਰੇ ਕਹਿੰਦੀ ਹੈ ਕਿ :
ਮੇਰੀ ਕਹਾਣੀ ਦਾ ਜਨਮ ਤਵੀ ਦੇ ਕੰਢੇ, ਉੱਚੀਆਂ ਪਹਾੜੀਆਂ, ਟਿੱਲਿਆਂ ਦੇ ਵੱਸਦੇ ਮੰਦਰਾਂ ਦੇ ਸ਼ਹਿਰ ਜੰਮੂ ਵਿਚ ਹੋਇਆ ਹੈ।4
          ਇਸ ਪ੍ਰਕਾਰ ਚੰਦਨ ਨੇਗੀ ਨੇ ਆਪਣੀਆਂ ਕਹਾਣੀਆਂ ਵਿਚ ਜੰਮੂ-ਖੇਤਰ ਦੇ ਡੁੱਗਰ ਜਨ-ਜੀਵਨ ਦੀ ਤਸਵੀਰ ਨੂੰ ਚਿਤਰਿਆ ਹੈ। ਉਸ ਨੇ ਕਈ ਥਾਵਾਂ ਤੇ ਸਥਾਨਿਕ ਪੱਧਰ ਤੇ ਰੁਮਾਂਟਿਕਤਾ ਦਾ ਸਹਾਰਾ ਵੀ ਲਿਆ ਹੈ। ਉਸ ਨੇ ਇਸ ਇਲਾਕੇ ਦੇ ਸਧਾਰਨ ਪਾਤਰਾਂ ਦੇ ਨਾਲ-ਨਾਲ ਉਚੇਰੀ ਮਾਨਸਿਕਤਾ ਵਾਲੇ ਪਾਤਰਾਂ ਨੂੰ ਵੀ ਚਿੱਤਰ ਕੇ ਰਵਾਇਤੀ ਅਤੇ ਆਧੁਨਿਕ ਕਦਰਾਂ-ਕੀਮਤਾਂ ਵਾਲੇ ਚੋਣਵੇਂ ਵਸਤੂ-ਜਗਤ ਨੂੰ ਸਥਾਨਿਕ ਬੋਲੀ ਵਿਚ ਪੇਸ਼ ਕਰਦਿਆਂ ਡੁੱਗਰ ਦੇ ਧਾਰਮਿਕ ਬਿਰਤੀ ਵਾਲੇ ਜਨ-ਜੀਵਨ ਨੂੰ ਬਾਖ਼ੂਬੀ ਪੇਸ਼ ਕੀਤਾ ਹੈ।
          ਅਜੋਕੇ ਭਾਰਤੀ ਲੋਕ ਜੰਮੂ-ਕਸ਼ਮੀਰ ਵਿਚ ਪੰਜਾਬੀ ਭਾਸ਼ਾ ਅਤੇ ਇਸ ਦੀਆਂ ਉਪਭਾਸ਼ਾਵਾਂ ਬੋਲਦੇ ਹਨ। ਡੁੱਗਰ ਖੇਤਰ ਵੀ ਇੱਕ ਬਹੁ ਭਾਸ਼ਾਈ ਇਲਾਕਾ ਹੈ, ਜਿਸ ਕਾਰਨ ਹਰ ਸਮਾਜ ਦੀ ਭਾਸ਼ਾ ਤੇ ਸਭਿਆਚਾਰ ਵਿਚ ਥੋੜ੍ਹਾ ਬਹੁਤਾ ਅੰਤਰ ਵੀ ਹੈ। ਚੰਦਨ ਨੇਗੀ ਨੇ ਇਸ ਰਲਗੱਡ ਭਾਸ਼ਾ, ਲੋਕ-ਧਾਰਾ, ਸਮਾਜਿਕ ਜੀਵਨ ਤੇ ਸਭਿਆਚਾਰਾਂ ਨੂੰ ਆਪਣੀਆਂ ਕਹਾਣੀਆਂ ਵਿਚ ਬਾਖ਼ੂਬੀ ਦ੍ਰਿਸ਼ਮਾਨ ਕੀਤਾ ਹੈ। ਉਦਾਹਰਨ ਦੇ ਤੌਰ ‘ਸਗਲਿ ਸੰਗਿ’ ਕਹਾਣੀ ਵਿਚ ਚੰਦਨ ਨੇਗੀ ਨੇ ਡੁੱਗਰ ਦੇ ਪੇਂਡੂ ਜਨ-ਜੀਵਨ ਦੇ ਪਛੜੇਵੇਂ ਅੰਧ-ਵਿਸ਼ਵਾਸ਼ਾਂ ਨੂੰ ਠੋਸ ਰੂਪ ਵਿਚ ਪੇਸ਼ ਕੀਤਾ ਹੈ। ਇਸੇ ਤਰ੍ਹਾਂ ਕਹਾਣੀ ‘ਪਲੰਦੇ’ ਵਿਚੋਂ ਚੰਦਨ ਨੇਗੀ ਨੇ ਮੋਤੀਆ ਦੀ ਸੱਸ ਦੇ ਅਜਿਹੇ ਅੰਧ ਵਿਸ਼ਵਾਸੀ ਵਿਵਹਾਰਿਕ ਰੂਪ ਨੂੰ ਪੇਸ਼ ਕੀਤਾ ਹੈ। ਮੋਤੀਆ ਦੀ ਸੱਸ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਕੋਸਦੀ ਹੈ ਕਿ ਹਰ ਸਾਲ ਕੁੜੀ ਹੀ ਕਿਉਂ ਜਨਮ ਲੈਂਦੀ ਹੈ ਮੁੰਡਾ ਕਿਉਂ ਨਹੀਂ ਜਨਮ ਲੈਂਦਾ ਜਿਸ ਕਰ ਕੇ ਮੋਤੀਆ ਦੀ ਸੱਸ ਘਰ ਦਾ ਵਾਰਿਸ ਲੈਣ ਲਈ ਜਾਦੂ ਟੂਣਿਆਂ, ਧਾਗੇ ਤਵੀਤਾਂ ਆਦਿ ਦੇ ਉਹੜ-ਪੋਹੜ ਵੀ ਕਰਦੀ ਹੈ, ਜਿਸ ਸਥਿਤੀਮਈ ਦ੍ਰਿਸ਼ ਨੂੰ ਚੰਦਨ ਨੇਗੀ ਨੇ ਆਪਣੀ ਕਹਾਣੀ ਵਿਚ ਚਿਤਰਿਆ ਹੈ ਕਿ:

ਮੋਤੀਆ ਦੀ ਸੱਸ ਨੇ ਪੀਰ-ਫ਼ਕੀਰ, ਡਾਕਟਰ, ਨਰਸਾਂ,

ਦਾਈਆਂ, ਧਾਗੇ ਤਵੀਤ, ਝਾੜੇ ਫੂਕੇ ਕੋਈ ਵੀ ਤਾਂ ਦਰ

ਨੀਂ ਸੀ ਛੱਡਿਆ।5

ਉਪਰੋਕਤ ਵਿਚਾਰ ਚਰਚਾ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਚੰਦਨ ਨੇਗੀ ਦੀਆਂ ਕਹਾਣੀਆਂ ਵਿਚ ਡੁੱਗਰ ਰਸਮ-ਰਿਵਾਜ, ਵਹਿਮ-ਭਰਮ, ਸਮਾਜਕ ਸਭਿਆਚਾਰਕ, ਧਾਰਮਿਕ ਜਨ-ਜੀਵਨ ਹੂਬਹੂ ਦਿਖਾਈ ਦਿੰਦਾ ਹੈ, ਜਿਨ੍ਹਾਂ ਨੂੰ ਚੰਦਨ ਨੇਗੀ ਨੇ ਆਪਣੀਆਂ ਕਹਾਣੀਆਂ ਵੱਖ-ਵੱਖ ਦ੍ਰਿਸ਼ਾਂ, ਵਾਰਤਾਲਾਪ, ਵਾਤਾਵਰਨ, ਘਟਨਾਵਾਂ, ਖੇਤਰੀ ਬੋਲੀ ਆਦਿ ਨੂੰ ਡੁੱਗਰ ਖੇਤਰ ਦੇ ਮਾਹੌਲ ਅਨੁਕੂਲ ਢਾਲ ਕੇ ਪ੍ਰਗਟਾਇਆ ਹੈ, ਜਿਸ ਤੋਂ ਉਸ ਦੀਆਂ ਕਹਾਣੀਆਂ ਦੀ ਵਿਸ਼ੇਸ਼ਤਾ ਅਤੇ ਵਿਲੱਖਣਤਾ ਆਪਣੇ ਆਪ ਪ੍ਰਗਟ ਹੁੰਦੀ ਹੈ।

ਹਵਾਲੇ ਤੇ ਟਿੱਪਣੀਆਂ

1. ਨੇਗੀ ਚੰਦਨ, ਬਾਰਿ ਪਰਾਇ, ਨੈਸ਼ਨਲ ਬੁੱਕ ਸ਼ਾਪ, ਦਿੱਲੀ, 1986, ਪੰਨਾ-13.
2. ਉਹੀ, ਚੋਣਵੀਂਆਂ ਕਹਾਣੀਆਂ, ਜੈੱਮ ਪ੍ਰਿੰਟਰਜ਼, ਜਲੰਧਰ, 1995, ਪੰਨਾ-113.
3. ਉਹੀ, ਹਰਖ ਸੋਗ, ਰਚਨਾ ਪਬਲਿਸ਼ਰਜ਼, ਦਿੱਲੀ, 2004, ਪੰਨਾ-26.
4. ਉਹੀ, ਚਿਤੁ ਗੁਪਤ, ਨਿਊ ਏਜ਼ ਬੁੱਕ ਸੈਂਟਰ, ਅੰਮ੍ਰਿਤਸਰ, 1978, ਪੰਨਾ-105.
5. ਉਹੀ, ਹਰਖ ਸੋਗ, ਰਚਨਾ ਪਬਲਿਸ਼ਰਜ਼, ਦਿੱਲੀ, 2004, ਪੰਨਾ-77.

ਡਾ. ਮੇਜਰ ਸਿੰਘ

ਅਸਿਸਟੈਂਟ ਪ੍ਰੋਫ਼ੈਸਰ

ਦੇਸ਼-ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ

ਸੰਪਰਕ: 97790-06299

You May Also Like

More From Author

+ There are no comments

Add yours