ਜਸਬੀਰ ਮੰਡ ਨਾਲ ਇੱਕ ਮੁਲਾਕਾਤ
ਜਸਬੀਰ ਮੰਡ ਪੰਜਾਬੀ ਨਾਵਲ ਜਗਤ ਅੰਦਰ ਗੁਣਾਤਮਿਕ ਸਿਰਜਣਾਵਾਂ ਕਰਨ ਵਾਲਾ ਜਾਣਿਆ–ਪਹਿਚਾਣਿਆ ਨਾਮ ਹੈ। ਉਹ ਸੰਨ 1986 ਦੌਰਾਨ ਪੰਜਾਬੀ ਨਾਵਲ ਜਗਤ ਅੰਦਰ ‘ਔੜ ਦੇ ਬੀਜ’ ਨਾਲ ਦਾਖਿਲ ਹੁੰਦਾ ਹੈ ਤੇ 1992 ਵਿਚ ਆਏ ‘ਆਖ਼ਰੀ ਪਿੰਡ ਦੀ ਕਥਾ’ ਨਾਲ ਉਸ ਦੀ ਅੱਡਰੀ ਪਹਿਚਾਣ ਬਣਦੀ ਹੈ, ਜਿਹੜੀ ਕੇ ਸੰਨ 2010 ਵਿਚ ਪ੍ਰਕਾਸ਼ਿਤ ਹੋਏ ਉਸ ਦੇ ਚਰਚਿਤ ਨਾਵਲ ‘ਖਾਜ’ ਨਾਲ ਉਸ ਨੂੰ ਨਾਵਲ ਜਗਤ ਅੰਦਰ ਸਥਾਪਿਤ ਕਰ ਦਿੰਦੀ ਹੈ। ਸੰਨ 2015 ਦੌਰਾਨ ਆਏ ਉਸ ਦੇ ਬਹੁ-ਚਰਚਿਤ ਨਾਵਲ ‘ਬੋਲ ਮਰਦਾਨਿਆ’ ਨੇ ਪੰਜਾਬੀ ਨਾਵਲ ਨੂੰ ਅਹਿਮ ਮੁਕਾਮ ‘ਤੇ ਪਹੁੰਚਾ ਦਿੱਤਾ ਹੈ। ਇਸ ਨਾਵਲ ਦੀ ਪ੍ਰਾਪਤੀ ਇਹ ਵੀ ਹੈ ਕੇ ਇਸ ਨੇ ਅਪਣੇ ਧਾਰਮਿਕ ਅਤੇ ਇਤਿਹਾਸਿਕ ਧਰਾਤਲਾਂ ‘ਤੇ ਅਪਣੀ ਉਸਾਰੀ ਕਰਦੇ ਹੋਏ ਮੌਜੂਦਾ ਦੌਰ ਦੇ ਵੱਖੋ–ਵੱਖਰੇ ਵਿਸ਼ਿਆਂ ਵਾਲੇ ਨਾਵਲਾਂ ਅੰਦਰ ਅਪਣੀ ਅੱਡਰੀ ਪਹਿਚਾਣ ਸਥਾਪਿਤ ਕੀਤੀ ਹੈ।”ਅਨਹਦ” ਦੇ ਮੁੱਖ ਸੰਪਾਦਕ ਸ. ਪਰਮਿੰਦਰ ਸਿੰਘ ਸ਼ੌਂਕੀ ਅਤੇ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀ ਸ. ਅਮਨਪ੍ਰੀਤ ਸਿੰਘ ਫ਼ਰੀਦਕੋਟ ਨੇ ਜਸਬੀਰ ਸਿੰਘ ਮੰਡ ਨਾਲ ਉਨ੍ਹਾਂ ਦੇ ਇਸ ਨਵੇਂ ਨਾਵਲ ਸਬੰਧੀ ਕਾਫ਼ੀ ਵਿਸਥਾਰ-ਪੂਰਵਕ ਗੱਲ-ਬਾਤ ਕੀਤੀ ਹੈ। ਇਸ ਗੱਲ-ਬਾਤ ਵਿਚੋਂ ਅਸੀਂ ਅਪਣੇ ਪਾਠਕਾਂ ਲਈ ਮਹੱਤਵਪੂਰਨ ਅੰਸ਼ ਪ੍ਰਕਾਸ਼ਿਤ ਕਰਨ ਦੀ ਖ਼ੁਸ਼ੀ ਪ੍ਰਾਪਤ ਕਰ ਰਹੇ ਹਾਂ।
ਪ੍ਰਸ਼ਨ – ਸਭ ਤੋਂ ਪਹਿਲਾਂ ਤਾਂ ਮੰਡ ਸਾਬ ਇਹ ਦੱਸੋ ਕੇ ਪੰਜਾਬੀ ਨਾਵਲ ਜਗਤ ਜਿਹੜਾ ਕੇ ਮੌਜੂਦਾ ਦੌਰ ਅੰਦਰ ਨਿੱਤ–ਨਵੇਂ ਪ੍ਰਯੋਗਾਂ ਦੇ ਸਨਮੁੱਖ ਹੋ ਰਿਹਾ ਹੈ। ਇਹਨਾਂ ਸਮਿਆਂ ਦੌਰਾਨ ਤੁਸੀਂ ਇੱਕ ਧਾਰਮਿਕ–ਇਤਿਹਾਸਿਕ ਵਿਸ਼ੇ ਉੱਪਰ ‘ਬੋਲ ਮਰਦਾਨਿਆ’ ਲੈ ਕੇ ਆਏ ਹੋ। ‘ਬੋਲ ਮਰਦਾਨਿਆ’ ਤੁਹਾਡੇ ਕਿਸ ਅਨੁਭਵ ਵਿਚੋਂ ਨਿਕਲ ਕੇ ਆਇਆ ਹੈ?
ਜਸਬੀਰ ਮੰਡ – ਦਰਅਸਲ ਮੈਂ ਕਿਰਸਾਨੀ ਜੀਵਨ ਨਾਲ ਸਬੰਧਿਤ ਹਾਂ। ਇਸ ਕਾਰਨ ਹੀ ਮੇਰੇ ਦੂਸਰੇ ਨਾਵਲਾਂ ਦਾ ਸਿੱਧਾ ਸਬੰਧ ਯਥਾਰਥ ਨਾਲ ਹੈ। ਜਦੋਂ ਤੁਸੀਂ ਯਥਾਰਥ ਦੀ ਪ੍ਰੈਕਟਿਸ ਵਿਚੋਂ ਨਿਕਲ ਰਹੇ ਹੁੰਦੇ ਹੋ ਤਾਂ ਤੁਹਾਡੇ ਅੰਦਰ ਇੱਕ ਸੰਵੇਦਨਸ਼ੀਲ ਦਿੱਖ ਪੈਦਾ ਹੁੰਦੀ ਹੈ। ਉਹ ਸੰਵੇਦਨਸ਼ੀਲਤਾ ਇੱਕ ਕਰੈਕਟਰ ਚੁਣਦੀ ਹੈ। ਜੋ ਤੁਹਾਡੇ ਮਨ–ਪਸੰਦ ਹੁੰਦਾ ਹੈ। ਜ਼ਿਆਦਾਤਰ ਉਹ ਕਰੈਕਟਰ ਬਹੁਤ ਵੱਡਾ ਹੁੰਦਾ ਹੈ। ਕਈ ਮੌਕਿਆਂ ‘ਤੇ ਉਹ ਇਤਿਹਾਸਿਕ ਵੀ ਹੁੰਦਾ ਹੈ। ਸਥਾਨਿਕ ਸਭਿਆਚਾਰਾਂ ਨਾਲ ਉਸ ਦੀ ਸਾਂਝ ਵੀ ਡੁੰਘੇਰੀ ਹੁੰਦੀ ਹੈ। ਇਸ ਲਈ ਉਹ ਗੁਰੂ ਨਾਨਕ ਵੀ ਹੋ ਸਕਦਾ ਹੈ ਤੇ ਬੁੱਧ ਵੀ ਹੋ ਸਕਦਾ ਹੈ। ਪੰਜਾਬ ਦੀ ਮਿੱਟੀ ਨਾਲ ਧੁਰੋਂ ਜੁੜੇ ਹੋਏ ਹੋਣ ਕਾਰਨ ਇੱਥੋਂ ਦੇ ਸਭਿਆਚਾਰ ਅੰਦਰ ਅਹਿਮ ਸਥਾਨ ਰੱਖਣ ਵਾਲੇ ਗੁਰੂ ਨਾਨਕ ਤੇ ਮਰਦਾਨਾ ਮੇਰੀ ਸੰਵੇਦਨਾ ‘ਚ ਬੈਠ ਗਏ ਸਨ। ਅਸਲ ‘ਚ ਇੱਕ ਤੁਸੀਂ ਯਥਾਰਥ ਨੂੰ ਵੇਖਦੇ ਹੋ।ਇੱਕ ਜੋ ਤੁਹਾਡੀ ਵੇਖਣ ਵਾਲੀ ਨਜ਼ਰ ਹੁੰਦੀ ਹੈ, ਉਸ ਦੇ ਹਾਣ ਦਾ ਤੁਸੀਂ ਕੁੱਝ ਭਾਲਦੇ ਹੋ, ਜਿਹੜਾ ਤੁਹਾਡੀ ਤ੍ਰਿਪਤੀ ਕਰੇ। ਜੋ ਤੁਹਾਡੀ ਸੰਵੇਦਨਾ ਦੀ ਸੰਤੁਸ਼ਟੀ ਕਰਨ ‘ਚ ਸਹਾਇਕ ਸਿੱਧ ਹੋਵੇ। ਇਸ ਕਾਰਨ ਹੀ ਮਰਦਾਨਾ ਬਚਪਨ ਤੋਂ ਹੀ ਮੇਰਾ ਮਨ-ਭਾਉਂਦਾ ਸੀ ਤੇ ਮਰਦਾਨੇ ਦੇ ਮਨ-ਭਾਉਂਦਾ ਨਾਨਕ ਸੀ। ਇਸ ਤਰਾਂ ਅਸੀਂ ਦੋ ਦੀ ਜਗ੍ਹਾ ਤਿੰਨ ਹੋ ਗਏ ਤੇ ਮੇਰਾ ਸਫ਼ਰ ਸ਼ੁਰੂ ਹੋ ਗਿਆ।
ਪ੍ਰਸ਼ਨ – ਇਸ ਸਫ਼ਰ ਨੂੰ ਅਪਣੀ ਮੰਜ਼ਿਲ ਪ੍ਰਾਪਤ ਕਰਨ ਲਈ ਕਿੰਨਾ ‘ਕੁ ਸਮਾਂ ਲੱਗਾ?
ਜਸਬੀਰ ਮੰਡ – ਮੇਰਾ ਇਹ ਸਫ਼ਰ ਕਰੀਬ ੧੦ ਸਾਲ ਤੱਕ ਦਾ ਰਿਹਾ ਹੈ। ਇਸ ਨੂੰ ਮੈਂ ਸੰਨ 2005 ਦੌਰਾਨ ਲਿਖਣਾ ਆਰੰਭ ਕੀਤਾ ਸੀ। ਜਦੋਂ ਇਸ ਦੀ ਸ਼ੁਰੂਆਤ ਹੋਈ ਤਾਂ ਮੈਂ ਮਹਿਸੂਸ ਕੀਤਾ ਕੇ ਅਜੇ ਇਸ ਨੂੰ ਲਿਖਣ ਲਈ ਜ਼ਰੂਰੀ ਤਿਆਰੀ ਦੀ ਮੇਰੇ ਅੰਦਰ ਕਮੀ ਹੈ। ਇਸ ਲਈ ਮੈਂ ਸਿਰਫ਼ ਇੱਕ ਪੰਨਾ ਲਿਖ ਕਿ ਹੀ ਇਸ ਨੂੰ ਛੱਡ ਦਿੱਤਾ। ਅਸਲ ਵਿਚ ਉਹ ਨਾਂ ਸਮਿਆਂ ਦੌਰਾਨ ਮੇਰੇ ‘ਬੋਲ ਮਰਦਾਨਿਆ’ ਤੋਂ ਪਹਿਲਾਂ ਪ੍ਰਕਾਸ਼ਿਤ ਹੋਏ ਨਾਵਲ ‘ਖਾਜ’ ਦੀ ਤਿਆਰੀ ਸੀ।’ਖਾਜ’ ਨੂੰ ਲਿਖਦਿਆਂ–ਲਿਖਦਿਆਂ ਮੁੜ ਫਿਰ ਇਹ ਭਾਰੂ ਹੋ ਗਿਆ ਤੇ ਮੈਂ ਦੁਬਾਰਾ ਇਸ ਨੂੰ ਲਿਖਣ ਲੱਗਾ ਪਰ ਤਾਂ ਵੀ ਤਿਆਰੀ ਪੂਰੀ ਨਾ ਜਾਪੀ। ਇਸ ਤੋਂ ਬਾਅਦ ‘ਖਾਜ’ ਸੰਪੂਰਨ ਹੋਇਆ ਤੇ ਮੈਂ ਇੱਕ ਵਾਰ ਫਿਰ ਤੋਂ ‘ਬੋਲ ਮਰਦਾਨਿਆ’ ਵੱਲ ਪਰਤਿਆ। ਇਸ ਤਰਾਂ ਅਸੀਂ ਆਖ ਸਕਦੇ ਹਾਂ ਕੇ ਦਸ ਸਾਲ ਤੱਕ ਦਾ ਇਸ ਨਾਲ ਮੇਰਾ ਸੰਵਾਦ ਰਿਹਾ ਹੈ।
ਪ੍ਰਸ਼ਨ – ਇਸ ਸੰਵਾਦ ਨੂੰ ਇੱਕ ਸਾਹਿੱਤਿਕ ਕ੍ਰਿਤ ਦੇ ਰੂਪ ਵਿਚ ਢਾਲਣ ਹਿਤ ਤੁਸੀਂ ਕਿਹੜੇ–ਕਿਹੜੇ ਮੂਲ ਜਾਂ ਗੌਣ ਸਰੋਤ ਵਰਤੋਂ ਵਿਚ ਲਿਆਂਦੇ, ਕਿਉਂਕਿ ਜਿਵੇਂ ਕਿ ਆਪਾਂ ਪਹਿਲਾਂ ਗੱਲ ਕਰੀ ਹੈ, ‘ਬੋਲ ਮਰਦਾਨਿਆ’ ਇੱਕ ਧਾਰਮਿਕ ਭਾਵਨਾਵਾਂ ਦੀ ਦੱਸ ਪਾਉਂਦਾ ਨਾਵਲ ਹੈ, ਸੋ ਅਜਿਹੀਆਂ ਰਚਨਾਵਾਂ ਦੀ ਸਿਰਜਣਾ ਲਈ ਇੱਕ ਕਠਿਨ ਖੋਜ-ਕਾਰਜ ਵੀ ਨੇਪਰੇ ਚਾੜ੍ਹਨੇ ਪੈਂਦਾ ਹੈ। ਤੁਸੀਂ ਇਸ ਸਭ ਨਾਲ ਕਿਵੇਂ ਨਜਿੱਠੇ ਹੋ?
ਜਸਬੀਰ ਮੰਡ – ਇਸ ਸਮੇਂ ਦੌਰਾਨ ਮੈਂ ਗੁਰੂ ਨਾਨਕ ਸਾਹਿਬ ਨਾਲ ਸਬੰਧਿਤ ਸਮੁੱਚੀਆਂ ਜਨਮ–ਸਾਖੀਆਂ, ਭਾਈ ਸੰਤੋਖ ਸਿੰਘ ਜੀ ਅਤੇ ਭਾਈ ਵੀਰ ਸਿੰਘ ਜੀ ਦੁਆਰਾ ਰਚਿਤ ਸਿੱਖ ਸਾਹਿੱਤ ਤੋਂ ਇਲਾਵਾ ਜੋ ਵੀ ਸਿੱਖ ਇਤਿਹਾਸ ਵਿਚੋਂ ਸਾਨੂੰ ਇਸ ਸਬੰਧੀ ਵੇਰਵੇ ਮਿਲਦੇ ਹਨ, ਉਹਨਾਂ ਸਾਰਿਆਂ ਦਾ ਨਿਠ ਕੇ ਅਧਿਐਨ ਕੀਤਾ। ਇਸ ਤੋਂ ਬਿਨਾਂ ਜਿਨ੍ਹਾਂ ਵਿਦਵਾਨਾਂ ਨੇ ਜਨਮ–ਸਾਖੀ ਸਾਹਿੱਤ ਉੱਪਰ ਖੋਜ ਕਾਰਜ ਕਰੇ ਹਨ, ਉਹ ਨਾਂ ਵਿਦਵਾਨਾਂ ਦੀਆਂ ਰਚਨਾਵਾਂ ਨੂੰ ਵੀ ਨੀਝ ਨਾਲ ਪੜਿਆ। ਇਸ ਸਭ ਦਾ ਮੈਨੂੰ ਇਹ ਫ਼ਾਇਦਾ ਹੋਇਆ ਕੇ ਜੋ ਮੇਰੇ ਮਨ-ਭਾਉਂਦਾ ਸੀ, ਉਸ ਸਬੰਧੀ ਮੈਨੂੰ ਇੱਕ ਪਲੇਟ ਫਾਰਮ ਮਿਲ ਗਿਆ। ਜਿਸ ਤੋਂ ਬਾਅਦ ਮੈਂ ਇਸ ਨਤੀਜੇ ‘ਤੇ ਪਹੁੰਚਿਆ ਕੇ ਏਨਾ ‘ਕੁ ਵੇਰਵਾ ਸਾਡੇ ਕੋਲ ਹੈ। ਇਸ ਤੋਂ ਇਲਾਵਾ ਜੋ ਗੁਰੂ ਨਾਨਕ ਦਾ ਕਰੈਕਟਰ ਹੈ, ਜੋ ਬਾਬੇ ਦੀ ਸੂਝ ਹੈ, ਉਹਨਾਂ ਦਾ ਸੰਵਾਦ ਹੈ, ਉਹ ਫਿਰ ਮੈਂ ਬਾਬੇ ਦੀ ਬਾਣੀ ਨੂੰ ਸਮਝਦੇ ਹੋਏ ਗ੍ਰਹਿਣ ਕੀਤਾ। ਉਸ ਵਿਚੋਂ ਹੀ ਬਾਬੇ ਦਾ ਸਰਬੋਤਮ ਸਰੂਪ ਸਾਡੇ ਸਾਹਮਣੇ ਆਉਂਦਾ ਹੈ। ਬਾਬੇ ਦੀ ਖ਼ੂਬਸੂਰਤੀ ਇਸ ਗੱਲ ਵਿਚ ਹੈ ਕਿ ਬਾਬਾ ਅਪਣੇ ਦੈਵੀ ਰੂਪ ਦੀ ਮਿੱਥ ਤੋੜਦਾ ਹੈ। ਬਾਬਾ ਜੋ ਕੁੱਝ ਵੀ ਬ੍ਰਹਿਮੰਡ ਵਿਚ ਵਾਪਰ ਰਿਹਾ, ਜੋ ਕੁੱਝ ਉਸ ਦੇ ਆਲੇ–ਦੁਆਲੇ ਘਟ ਰਿਹਾ, ਉਸ ਵਿਚ ਅਪਣੇ–ਆਪ ਨੂੰ ਵੱਡਾ ਕਰਤਾ ਨਹੀਂ ਸਮਝਦਾ। ਬਾਬੇ ਨੂੰ ਦੇਖਣ ਦੀ ਸੂਝ ਜੋ ਬਾਣੀ ਵਿਚ ਹੈ, ਉਸ ਨਾਲ ਮੈਨੂੰ ਬਾਬੇ ਦੇ ਕਰੈਕਟਰ ਦੀ ਸਮਝ ਆਈ, ਕਿ ਬਾਬਾ ਅਪਣੇ ਮਿੱਥ ਆਪ ਤੋੜਦਾ ਹੈ। ਉਹ ਵਾਰ–ਵਾਰ ਕਹਿ ਰਿਹਾ ਹੈ ਮੈਂ ਅੰਤਿਮ ਸੱਚ ਨਹੀਂ ਹਾਂ। ਮੈਂ ਸਾਹਮਣੇ ਵੇਖ ਰਿਹਾ, ਮੈਂ ਦੇਖਣ ਵਾਲਾ ਹਾਂ। ਅਸੀਂ ਆਮ ਤੌਰ ‘ਤੇ ਦੈਵੀ ਦਿੱਖ ਉੱਪਰ ਖੜੇ ਹਾਂ। ਇਹਨਾਂ ਸਾਰਿਆਂ ਪੱਖਾਂ ਨੂੰ ਸਾਹਮਣੇ ਰੱਖਦੇ ਹੋਏ ਫਿਰ ਮੈਂ ਸੋਚਿਆ ਕੇ ਵੇਖਾਂ ਤਾਂ ਸਹੀ ਬਾਬਾ ਅਪਣੀ ਮਾਂ ਅੱਗੇ ਕਿਵੇਂ ਬੈਠਦਾ ਹੈ? ਬਾਬਾ ਮਰਦਾਨੇ ਦੀ ਗ਼ਰੀਬੜੀ ਜਿਹੀ ਮਾਂ ਅੱਗੇ ਕਿਵੇਂ ਪੇਸ਼ ਆਉਂਦਾ ਹੈ? ਬਾਬਾ ਅਪਣੀ ਦਾਈ ਦੌਲਤਾਂ ਅੱਗੇ ਕਿਵੇਂ ਝੁਕਦਾ ਹੈ? ਨਾਵਲ ਪੜ੍ਹਦਿਆਂ ਤੁਸੀਂ ਇੱਕ ਵਾਰਤਾ ਵੱਲ ਧਿਆਨ ਦਿੱਤਾ ਹੋਣਾ ਕਿ ਇੱਕ ਜਗ੍ਹਾ ਇੱਕ ਉੱਜੜਿਆ ਪਿੰਡ ਹੈ। ਉਹ ਪਿੰਡ ਵਾਸੀ ਬਾਬੇ ਤੇ ਮਰਦਾਨੇ ਨੂੰ ਅਪਣੇ ਪਿੰਡ ਲੈ ਜਾਣ ਲਈ ਖੜੇ ਹਨ। ਉਦੋਂ ਹੀ ਉੱਥੇ ਇੱਕ ਨਿੱਕੀ ਜਿਹੀ ਕੁੜੀ ਆਉਂਦੀ ਹੈ। ਬਾਬਾ ਝੁਕ ਕੇ ਉਸ ਬਾਲੜੀ ਜਿੱਡਾ ‘ਕੁ ਹੋ ਜਾਂਦਾ ਹੈ। ਬਾਬੇ ਦੀ ਇਹੀ ਤਾਂ ਵਡਿਆਈ ਹੈ। ਇਹ ਵੱਡੇ ਦਾ ਵੱਡਾ ਪਣ ਹੈ। ਇਹ ਬਾਬੇ ਦੀ ਖ਼ੂਬਸੂਰਤੀ ਹੈ। ਬਾਬਾ ਤਾਂ ਹੀ ਤਾਂ ਸਾਡੇ ਦਿਲਾਂ ਅੰਦਰ ਵਸਿਆ ਪਿਆ ਹੈ। ਕਦੇ ਵੱਖ ਨਹੀਂ ਲਗਦਾ। ਬਾਬੇ ਦੀ ਖ਼ੁਸ਼ਬੋ ਤੁਹਾਡੇ ਆਲੇ–ਦੁਆਲੇ ਖਿੱਲਰੀ ਪਈ ਹੈ। ਇਸ ਸਾਰੇ ਵਾਤਾਵਰਨ ਵਿਚੋਂ ਮੇਰੀ ਕੋਸ਼ਿਸ਼ ਸੀ ਕੇ ਉਹ ਸਾਰੇ ਸੰਵਾਦ ਸਾਹਮਣੇ ਲੈ ਕਿ ਆਵਾਂ, ਜੋ ਕਦੀ ਨਹੀਂ ਲਿਆਂਦੇ ਗਏ।
ਬਾਬੇ ਦੀ ਗੁਰਬਾਣੀ ਵਿਚ ਜੋ ਬਾਬੇ ਦਾ ਸੰਦੇਸ਼ ਹੈ, ਬਾਬਾ ਸੰਬੋਧਨ ਕਿਵੇਂ ਕਰਦਾ ਹੈ? ਬਾਬੇ ਦੇ ਸੰਬੋਧਨ ਦੀ ਵਿਧੀ ਕੀ ਹੈ? ਉਹ ਹੈ ਬਾਬੇ ਦੀ ਨਿਮਰਤਾ। ਬਾਬਾ ਅਪਣੇ-ਆਪ ਨੂੰ ਅਨਾੜੀ ਆਖਦਾ ਹੈ। ਨਾਵਲਕਾਰ ਦੀ ਇਹੀ ਤਾਂ ਸੂਝ ਹੈ ਕਿ ਤੁਹਾਨੂੰ ਦਿਖਦਾ ਕਿਵੇਂ ਹੈ। ਕਈਆਂ ਨੂੰ ਇਸ ਤਰਾਂ ਨਹੀਂ ਦਿਖਾਈ ਦਿੰਦਾ। ਉਹਨਾਂ ਨੂੰ ਬਾਬੇ ਦੀ ਨਿਮਰਤਾ ਇਸ ਤਰਾਂ ਜਾਪਦੀ ਹੈ ਜਿਵੇਂ ਕਿ ਬਾਬਾ ਕੋਈ ਪਿਛਾਂਹ-ਖਿੱਚੂ ਸ਼ਖ਼ਸੀਅਤ ਹੋਵੇ। ਅਸਲ ਗੱਲ ਇਹ ਹੈ ਕਿ ਤੁਸੀਂ ਜਿੰਨੇ ਵੱਡੇ ਹੋ, ਉਨ੍ਹਾਂ ਹੀ ਵੱਡਾ ਬਾਬਾ ਤੁਹਾਨੂੰ ਦਿਖਾਈ ਦੇਵੇਗਾ। ਇਸ ਤਰਾਂ ਸਮਝਦਿਆਂ ਹੀ ਮੈਂ ‘ਬੋਲ ਮਰਦਾਨਿਆ’ ਨਾਲ ਸਬੰਧਿਤ ਅਪਣਾ ਖੋਜ ਕਾਰਜ ਕੀਤਾ ਤੇ ਉਸ ਨੂੰ ਨਾਵਲੀ ਦਿੱਖ ਪ੍ਰਦਾਨ ਕੀਤੀ ਹੈ।
ਪ੍ਰਸ਼ਨ – ਇਸ ਗੱਲ ਨਾਲ ਕਿੰਨਾ ‘ਕੁ ਇਤਫ਼ਾਕ ਰੱਖਦੇ ਹੋ ਕੇ ‘ਬੋਲ ਮਰਦਾਨਿਆ’ ਰਾਹੀਂ ਬਾਬੇ ਦੀ ਕਥਾ ਸਿਰਜੀ ਗਈ ਹੈ?
ਜਸਬੀਰ ਮੰਡ – ਇਹ ਤਾਂ ਨਿਰਪੱਖ ਵਿਚਾਰ ਹੀ ਹੈ ਕਿ ਦੋਵੇਂ ਇੱਕ-ਦੂਜੇ ਤੋਂ ਬਿਨਾਂ ਅਧੂਰੇ ਹਨ। ਜੇ ਅਸੀਂ ਇਤਿਹਾਸ ਦੀ ਨਜ਼ਰ ਵੀ ਵੇਖਣਾ ਹੋਵੇ ਤਾਂ ਦੋਵਾਂ ਦਾ ਸਾਥ ਕਰੀਬ ਪੰਜਾਹ ਸਾਲ ਦਾ ਬਣਦਾ ਹੈ। ਇਸ ਨਾਵਲ ਦੀ ਵਿਧੀ ਇਹ ਹੈ ਕਿ ਬਾਬਾ, ਮਰਦਾਨੇ ਦੁਆਰਾ ਵੇਖਿਆ ਗਿਆ ਹੈ। ਨਾਵਲਕਾਰ ਤਾਂ ਇਸ ਵਿਚ ਤੀਸਰੀ ਜਗ੍ਹਾ ਖਲੋਤਾ ਹੈ। ਜਦੋਂ ਅਸੀਂ ਕਿਸੇ ਇਤਿਹਾਸਕ ਕ੍ਰਿਤ ਦੀ ਸਿਰਜਣਾ ਕਰ ਰਹੇ ਹੁੰਦੇ ਹਾਂ ਤਾਂ ਸਾਨੂੰ ਬਹੁਤ ਸਾਰੀਆਂ ਗੱਲਾਂ ਧਿਆਨ ਵਿਚ ਰੱਖਦੇ ਹੋਏ ਤੁਰਨਾ ਪੈਂਦਾ ਹੈ। ਗੁਰੂ ਨਾਨਕ ਦਾ ਦੈਵੀ ਸਰੂਪ ਹੀ ਇੰਨਾ ਮਹਾਨ ਹੈ ਕਿ ਤੁਸੀਂ ਉਸ ਨੂੰ ਅਪਣੇ ਸ਼ਬਦ ਨਹੀਂ ਦੇ ਸਕਦੇ। ਜਸਬੀਰ ਮੰਡ ਇੰਨਾ ਵੱਡਾ ਨਹੀਂ ਕੇ ਉਹ ਬਾਬੇ ਨੂੰ ਡਾਇਲਾਗ ਦੇ ਸਕੇ। ਇਸ ਕਰ ਕੇ ਉਸ ਨੇ ਅਪਣੇ ਅਤੇ ਬਾਬੇ ਵਿਚਕਾਰ ਇੱਕ ਹੋਰ ਸ਼ਖ਼ਸੀਅਤ ਨੂੰ ਰੱਖਿਆ ਹੈ, ਉਹ ਹੈ-ਮਰਦਾਨਾ। ਮਰਦਾਨਾ ਮੇਰਾ ਸਹਾਇਕ ਹੈ। ਮੈਂ ਉਸ ਦੁਆਰਾ ਅਪਣੀ ਗੱਲ ਕਹਿੰਦਾ ਹਾਂ। ਮੇਰਾ ਉਹ ਬਹਾਨਾ ਹੈ। ਜਿਸ ਰਾਹੀਂ ਮੈਂ ਸੰਵਾਦ ਰਚਾਉਂਦਾ ਹਾਂ। ਜੇ ਮਰਦਾਨਾ ਨਾ ਹੁੰਦਾ ਤਾਂ ਇਹ ਨਾਵਲ ਇੱਕ ਤਰਾਂ ਦੀ ਸਾਖੀ ਹੀ ਬਣ ਜਾਣਾ ਸੀ।
ਪ੍ਰਸ਼ਨ – ਇਸ ਸੰਦਰਭ ‘ਚ ਨਾਵਲਕਾਰ ਇਸ ਨੂੰ ਜਨਮ-ਸਾਖੀ ਸਾਹਿੱਤ ਤੋਂ ਨਿਖੇੜ ਕੇ ਕਿਵੇਂ ਵੇਖਦਾ ਹੈ?
ਜਸਬੀਰ ਮੰਡ – ਮੈਂ ਤਾਂ ਇਸ ਨੂੰ ਜਨਮ-ਸਾਖੀਆਂ ਤੋਂ ਵੱਖਰਾ ਮੰਨਦਾ ਹੀ ਨਹੀਂ ਹਾਂ। ਜਨਮ-ਸਾਖੀਆਂ ਤੋਂ ਮੈਂ ਵੇਰਵੇ ਲਏ ਹਨ। ਇਹ ਉਹ ਨਾਂ ਵੇਰਵਿਆਂ ਦੀ ਮਾਨਸਿਕਤਾ ਹੈ ਕਿਉਂਕਿ ਮੇਰੇ ਕੋਲ ਅਪਣਾ ਕੋਈ ਇਤਿਹਾਸਿਕ ਆਧਾਰ ਨਹੀਂ ਹੈ। ਮੈਂ ਕਿਹੜਾ ਕੋਈ ਇਤਿਹਾਸਕਾਰ ਹਾਂ। ਮੈਂ ਇਹ ਸਭ ਜਨਮ-ਸਾਖੀਆਂ ਤੋਂ ਹੀ ਲਿਆ ਹੈ ਪਰ ਇਹ ਜ਼ਰੂਰ ਹੈ ਕੇ ਜਨਮ-ਸਾਖੀਆਂ ਦੇ ਜੋ ਵੇਰਵੇ ਹਨ, ਮੈਂ ਉਹ ਵੇਰਵੇ ਨਹੀਂ ਦਿੱਤੇ। ਜਿਸ ਕਾਰਨ ਦੁਬਾਰਾ ਫਿਰ ਉਹ ਵੇਰਵੇ ਤੁਹਾਡੀਆਂ ਨਜ਼ਰਾਂ ਸਾਹਮਣੇ ਆਉਂਦੇ ਹਨ। ਜੇਕਰ ਨਹੀਂ ਆਉਂਦੇ ਤਾਂ ਇਹ ਨਾਵਲ ਦਾ ਕਮਜ਼ੋਰ ਪੱਖ ਹੈ। ਮੈਂ ਨਾਵਲ ਵਿਚ ਵੇਰਵਿਆਂ ਦਾ ਹਾਮੀ ਨਹੀਂ ਹਾਂ, ਵੇਰਵਿਆਂ ਦੀ ਮਾਨਸਿਕਤਾ ਦਾ ਪੱਖੀ ਹਾਂ। ਜਿਸ ਕਾਰਨ ਹੀ ਨਾਵਲ ਪੜ੍ਹਦਿਆਂ ਤੁਹਾਨੂੰ ਜਨਮ–ਸਾਖੀਆਂ ਵਾਲੀ ਹਰ ਇੱਕ ਚੀਜ਼ ਯਾਦ ਆਉਂਦੀ ਹੈ। ਦੂਸਰੀ ਗੱਲ, ਜੇਕਰ ਤੁਹਾਡੇ ਕੋਲ ਇਤਿਹਾਸਿਕ ਤੱਥ ਹਨ ਤੇ ਤੁਸੀਂ ਉਹ ਨਾਂ ਤੱਥਾਂ ਨੂੰ ਉਸੇ ਰੂਪ ਅੰਦਰ ਨਾਵਲ ਵਿਚ ਪੇਸ਼ ਕਰ ਦਿੰਦੇ ਹੋ, ਤਾਂ ਫਿਰ ਨਾਵਲ ਦਾ ਤਾਂ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ। ਜੇਕਰ ਤੁਸੀਂ ਉਹਨਾਂ ਤੱਥਾਂ ਨੂੰ ਅਪਣੇ ਅੰਦਰੋਂ ਗੁਜ਼ਾਰ ਕਿ, ਉਹ ਨਾਂ ਦੀ ਮਾਨਸਿਕਤਾ ਨੂੰ ਉਜਾਗਰ ਕਰਦੇ ਹੋ, ਤਾਂ ਕਿ ਉਹ ਤੱਥ ਮੁੜ ਯਾਦ ਆ ਜਾਣ, ਫਿਰ ਹੀ ਤੁਹਾਡੀ ਰਚਨਾ ਨਾਵਲ ਦਾ ਰੂਪ ਗ੍ਰਹਿਣ ਕਰਦੀ ਹੈ। ਮੁੱਖ ਰੂਪ ‘ਚ ਨਾਵਲ ਅਤੇ ਇਤਿਹਾਸ ਵਿਚ ਇਹੀ ਮੁੱਢਲਾ ਫ਼ਰਕ ਹੈ।
ਪ੍ਰਸ਼ਨ – ਮਰਦਾਨੇ ਦੀ ਸ਼ਖ਼ਸੀਅਤ ਨੂੰ ਚਿਤਰਨ ਲਈ ਅਸੀਂ ਗੁਰੂ ਇਤਿਹਾਸ ‘ਤੇ ਨਿਰਭਰ ਕਰਦੇ ਹਾਂ ਜਾਂ ਇੱਕ ਹੋਰ ਸ੍ਰੋਤ ਸਾਡੇ ਪਾਸ ਜਨਮ-ਸਾਖੀਆਂ ਹਨ। ਅਜੋਕੇ ਦੌਰ ‘ਚ ਤੁਹਾਡੀ ਗਲਪ ਕ੍ਰਿਤ ‘ਬੋਲ ਮਰਦਾਨਿਆ’ ਆਉਂਦੀ ਹੈ। ਤੁਸੀਂ ‘ਬੋਲ ਮਰਦਾਨਿਆ’ ਦੇ ਕਰਤਾ ਵਜੋਂ ਭਾਈ ਮਰਦਾਨੇ ਦੀ ਸ਼ਖ਼ਸੀਅਤ ਨੂੰ ਵੇਖਣ ਲਈ ਕਿਹੜੇ ਸਾਧਨ ਕਾਰਗਰ ਮੰਨ ਕੇ ਚਲਦੇ ਹੋ?
ਜਸਬੀਰ ਮੰਡ – ‘ਬੋਲ ਮਰਦਾਨਿਆ’ ਦੇ ਪਾਠਕ ਲਈ ਮੈਂ ਇਹ ਜ਼ਰੂਰੀ ਨਹੀਂ ਸਮਝਦਾ ਕੇ ਉਹ ਪਹਿਲਾਂ ਜਨਮ–ਸਾਖੀਆਂ ਦਾ ਪਾਠ ਕਰੇ ਤੇ ਫਿਰ ‘ਬੋਲ ਮਰਦਾਨਿਆ’ ਵੱਲ ਪਰਤੇ ਕਿਉਂਕਿ ਏਨਾ ‘ਕੁ ਤਾਂ ਇਹ ਨਾਵਲ ਅਪਣੀ ਕਹਾਣੀ ਦੱਸਦਾ ਹੈ ਕਿ ਪਾਠਕ ਬਿਨਾ ਜਨਮ-ਸਾਖੀ ਪੜੇ ਵੀ ਇਸ ਨੂੰ ਮਾਣ ਸਕਦਾ ਹੈ। ਮਰਦਾਨੇ ਦਾ ਜੋ ਚਿਤਰਨ ਮੈਂ ਇਸ ਨਾਵਲ ਅੰਦਰ ਪੇਸ਼ ਕੀਤਾ ਹੈ, ਉਹ ਕਈ ਪੱਖਾਂ ਤੋਂ ਜਨਮ–ਸਾਖੀਆਂ ਅੰਦਰ ਦਰਜ਼ ਊਜਾਂ ਤੋਂ ਬਚਿਆ ਹੋਇਆ ਹੈ। ਮੈਂ ਮਰਦਾਨੇ ਨੂੰ ਕਿਤੇ ਵੀ ਭੁੱਖ ਕਾਰਨ ਲੇਲ੍ਹੜੀਆਂ ਕੱਢਦਾ ਹੋਇਆ ਜਾਂ ਹਾਸੋ–ਹੀਣੀਆਂ ਹਰਕਤਾਂ ਕਰਦਾ ਨਹੀਂ ਬਿਆਨ ਕੀਤਾ ਸਗੋਂ ਬਾਬੇ ਨਾਲ ਰਹਿ ਕਿ ਉਸ ਦੀ ਰੂਹਾਨੀਅਤ ਅਤੇ ਅਨੁਭਵੀ ਦਿੱਖਾਂ ਦੀ ਜੋ ਸਿਰਜਣਾ ਹੋਈ ਹੈ ਉਸ ਦਾ ਹੀ ਚਿਤਰਨ ਕੀਤਾ ਹੈ। ਮਰਦਾਨਾ ਅਜਿਹਾ ਨਹੀਂ ਹੋ ਸਕਦਾ ਜਿਸ ਤਰਾਂ ਦਾ ਕਈ ਥਾਵਾਂ ‘ਤੇ ਸਾਡੇ ਜਨਮ–ਸਾਖੀ ਲੇਖਕਾਂ ਨੇ ਬਿਆਨ ਕੀਤਾ ਹੈ। ਗੁਰੂ ਨਾਨਕ ਨਾਲ ਰਹਿੰਦਿਆਂ ਉਸ ਦੀ ਅਪਣੀ ਸ਼ਖ਼ਸੀਅਤ ਰੂਹਾਨੀਅਤ ਦੇ ਉੱਚ ਪੱਧਰਾਂ ਨੂੰ ਪ੍ਰਾਪਤ ਹੋ ਗਈ ਸੀ। ਮੈਂ ਉਹਨਾਂ ਪੱਧਰਾਂ ਦੀ ਹੀ ਦੱਸ ਪਾਉਣ ਵਾਲੀ ਕੋਸ਼ਿਸ਼ ਕੀਤੀ ਹੈ।
ਪ੍ਰਸ਼ਨ – ਪੰਜਾਬੀ ਡਾਇਸਪੋਰਾ ਨਾਲ ਸਬੰਧਿਤ ਜ਼ਿਆਦਾਤਰ ਪੰਜਾਬੀ ਲੇਖਕਾਂ ਦਾ ਰੁਝਾਨ ਵਰਤਮਾਨ ਸਮਿਆਂ ‘ਚ ਸਬਾਲਟਰਨ ਵਿਸ਼ਿਆਂ ਉੱਪਰ ਆਪਣੀਆਂ ਰਚਨਾਵਾਂ ਸਿਰਜਣ ਵੱਲ ਲੱਗਾ ਹੋਇਆ ਹੈ ਪਰ ਉਹ ਨਾਂ ਸਭਨਾਂ ਤੋਂ ਉਲਟ ਤੁਸੀਂ ਡਾਇਸਪੋਰਿਕ ਪ੍ਰਸਥਿਤੀਆਂ ਅੰਦਰ ਇੱਕ ਇਤਿਹਾਸਿਕ–ਧਾਰਮਿਕ ਵਿਸ਼ੇ ਨਾਲ ਸਬੰਧਿਤ ਰਹੱਸਵਾਦ ਦੀ ਸਿਰਜਣਾ ਕਰ ਰਹੇ ਹੋ। ਅਜਿਹੇ ਦੌਰ ‘ਚ ਅਧਿਆਤਮਿਕ ਪੱਖਾਂ ਨਾਲ ਭਰਪੂਰ ਗਲਪ ਦੀ ਰਚਨਾ ਕਰਨ ਦੀ ਕੀ ਕੋਈ ਖ਼ਾਸ ਵਜ੍ਹਾ ਹੈ?
ਜਸਬੀਰ ਮੰਡ – ਸੁਚੇਤ ਰੂਪ ਵਿਚ ਮੈਂ ਇਸ ਨੂੰ ਰਹੱਸਵਾਦ ਨਾਲ ਨਹੀਂ ਜੋੜਿਆ ਹੈ ਕਿਉਂਕਿ ਜੋ ਨਾਵਲਕਾਰ ਹੈ, ਉਸ ਦਾ ਪਹਿਲਾਂ ਧਰਮ ਇਹ ਹੈ ਕਿ ਜਦੋਂ ਉਹ ਕੋਈ ਨਾਵਲ ਸਿਰਜਦਾ ਹੈ, ਖ਼ਾਸ ਕਰ ਕੇ ਇਤਿਹਾਸਿਕ ਨਾਵਲ, ਤਾਂ ਉਹ ਜਿਸ ਪਾਤਰ ਦਾ ਬਿਆਨ ਕਰ ਰਿਹਾ ਹੈ, ਉਸ ਨੂੰ ਉਸ ਧਾਰਾ ਅੰਦਰ ਹੀ ਵਿਚਾਰੇ, ਜਿਸ ਧਾਰਾ ਦਾ ਉਹ ਬੰਦਾ ਹੈ। ਉਸ ਨੂੰ ਉਸੇ ਧਾਰਾ ਵਿਚ ਅਪਣੀ ਗੱਲ ਕਹਿਣ ਦਿੱਤੀ ਜਾਵੇ। ਬਾਬਾ ਕਿਉਂਕਿ ਅਧਿਆਤਮਿਕ ਹੈ। ਇਸ ਲਈ ਇਹ ਨਾਵਲਕਾਰ ਦੀ ਨਾਲਾਇਕੀ ਹੀ ਹੋਵੇਗੀ ਜੇ ਉਹ ਬਾਬੇ ਨੂੰ ਕਿਤੇ ਹੋਰ ਵਿਚਾਰ ਰਿਹਾ ਹੈ। ਮੇਰਾ ਅਪਣਾ ਤਾਂ ਕੋਈ ਇਰਾਦਾ ਨਹੀਂ ਇਸ ਨੂੰ ਰਹੱਸਵਾਦ ਵਿਚ ਵੇਖਣ ਦਾ ਪਰ ਬਾਬਾ ਤਾਂ ਬੰਦਾ ਹੀ ਅਧਿਆਤਮੀ ਧਾਰਾ ਦਾ ਹੈ। ਇਸ ਕਰ ਕੇ ਮੇਰੀ ਇਮਾਨਦਾਰੀ ਹੈ ਕਿ ਮੈਂ ਉਸ ਨੂੰ ਉਸੇ ਧਾਰਾ ‘ਚ ਵੇਖਿਆ ਹੈ। ਮੈਂ ਕੋਸ਼ਿਸ਼ ਕੀਤੀ ਹੈ ਕਿ ਵੇਖਾਂ ਤਾਂ ਸਹੀ ਬਾਬੇ ਨੂੰ ਦਰਖ਼ਤ ਕਿਉਂ ਅਲੱਗ ਲਗਦੇ ਨੇ, ਉਸ ਨੂੰ ਪਾਣੀਆਂ ਦਾ ਵਗਣਾ ਵੱਖ ਕਿਉਂ ਦਿਸਦਾ ਹੈ, ਪੰਛੀ ਅੱਡਰੇ ਕਿਉਂ ਦਿਖਾਈ ਦਿੰਦੇ ਹਨ? ਇਸ ਸਭ ਦਾ ਕਾਰਨ ਇਹੀ ਹੈ ਕਿ ਬਾਬਾ ਇਸ ਧਾਰਾ ਨਾਲ ਸਬੰਧਿਤ ਹੈ। ਇਸ ਲਈ ਮੈਂ ਉਹ ਨਾਂ ਨੂੰ ਇਸੇ ਰੂਪ ‘ਚ ਰੱਖਿਆ ਹੈ, ਨਹੀਂ ਤਾਂ ਕਰੈਕਟਰ ਨਾਲ ਇਨਸਾਫ਼ ਨਹੀਂ ਹੋਵੇਗਾ। ਅਧਿਆਤਮ ‘ਚ ਬੁਨਿਆਦੀ ਪੱਖ ਹੀ ਇਹ ਹੁੰਦਾ ਹੈ ਕੇ ਸਭ ਤੋਂ ਪਹਿਲਾਂ ਨੂੰ ਖ਼ੁਦ ਨੂੰ ਬਦਲਿਆ ਜਾਵੇ। ਮੈਂ ਚਾਹੁੰਦਾ ਸੀ ਮੈਨੂੰ ਬੁਖ਼ਾਰ ਚੜੇ, ਉਤਾਰ ਮੈਂ ਆਪੇ ਲਵਾਂਗਾ। ਅਧਿਆਤਮ ਦਾ ਬੁਖ਼ਾਰ, ਰਹੱਸ, ਚੀਜ਼ਾਂ ਨੂੰ ਵੇਖਣ ਦਾ ਬੁਖ਼ਾਰ, ਤੁਹਾਨੂੰ ਇੱਕ ਵਾਰ ਤਾਂ ਜ਼ਰੂਰ ਚੜ੍ਹਾਉਣਾ ਪਵੇਗਾ, ਨਹੀਂ ਤਾਂ ਜਸਬੀਰ ਮੰਡ ਦੀ ਜੋ ਵਿਚਾਰਧਾਰਾ ਹੈ, ਉਹ ਉਸ ਅਧੀਨ ਹੀ ਬਾਬੇ ਨੂੰ ਵੇਖਦਾ ਰਹੇਗਾ। ਬਾਬੇ ਦੀ ਸ਼ਖ਼ਸੀਅਤ ਨਾਲ ਨਿਆਂ ਕਰਨ ਲਈ ਜ਼ਰੂਰੀ ਹੈ ਕਿ ਇਹ ਵੇਖਿਆ ਜਾਵੇ ਕੇ ਬਾਬਾ ਅਪਣੇ ਆਲ਼ੇ–ਦੁਆਲ਼ੇ ਨੂੰ ਕਿਵੇਂ ਵੇਖਦਾ ਸੀ। ਉਸ ਨੂੰ ਕੀੜੀਆਂ ਕਿਵੇਂ ਦਿਸਦੀਆਂ ਸਨ, ਉਹ ਤੁਰਨਾ-ਫਿਰਨਾ ਬੰਦਿਆਂ ਦਾ ਕਿਵੇਂ ਤੱਕਦਾ ਸੀ। ਅਧਿਆਤਮ ਅੰਦਰ ਤੁਹਾਡਾ ਅਪਣੇ–ਆਪ ਨਾਲ ਆਤਮ–ਚਿੰਤਨ ਬਹੁਤ ਹੁੰਦਾ ਹੈ। ਜ਼ਿਆਦਾਤਰ ਅਸੀਂ ਇਤਿਹਾਸਿਕ ਨਾਵਲ ਵਿਚ ਫਸਦੇ ਹੀ ਤਾਂ ਹਾਂ ਜਦੋਂ ਅਸੀਂ ਜਿਸ ਧਾਰਾ ਨਾਲ ਸਾਡਾ ਪਾਤਰ ਸਬੰਧਿਤ ਹੈ, ਉਸ ਨੂੰ ਉਸ ਧਾਰਾ ਤੋਂ ਬਾਹਰ ਵੇਖਣ ਦੀ ਕੋਸ਼ਿਸ਼ ਕਰਦੇ ਹਾਂ। ਅਧਿਆਤਮ ਦੀ ਧਾਰਾ ਦੇ ਬੰਦਿਆਂ ਨੂੰ ਤੁਹਾਨੂੰ ਅਧਿਆਤਮ ਦੀ ਧਾਰਾ ‘ਚ ਹੀ ਵੇਖਣਾ ਪਵੇਗਾ ਤੇ ਇਮਾਨਦਾਰੀ ਵਰਤਣੀ ਪਵੇਗੀ ਕਿਉਂਕਿ ਤੁਹਾਡੇ ਬੇਈਮਾਨ ਹੋਣ ਦੇ ਬਹੁਤ ਮੌਕੇ ਹੁੰਦੇ ਹਨ। ਇਸ ਦਾ ਕਾਰਨ ਇਹ ਹੁੰਦਾ ਹੈ ਕੇ ਅਪਣੀ ਜ਼ਿੰਦਗੀ ‘ਚ ਤੁਸੀਂ ਕਿਸੇ ਹੋਰ ਧਾਰਾ ਦੇ ਇਨਸਾਨ ਹੁੰਦੇ ਹੋ ਪਰ ਬਾਬੇ ਦਾ ਜੋ ਸੱਚ ਨੂੰ ਵੇਖਣ ਦਾ ਸੁਹੱਪਣ ਹੈ, ਉਹ ਅਧਿਆਤਮ ਹੈ। ਮੈਂ ਇਸ ਨੂੰ ਉਸ ਧਾਰਾ ਰਾਹੀਂ ਹੀ ਵੇਖਿਆ ਹੈ ਤੇ ਰਹੱਸਵਾਦ ਨਾਲ ਇਸ ਦਾ ਜੁੜਨਾ ਇੱਕ ਸੁਭਾਵਿਕ ਪ੍ਰਕਿਰਿਆ ਦਾ ਹਿੱਸਾ ਹੀ ਮੰਨਿਆ ਜਾ ਸਕਦਾ ਹੈ।
ਪ੍ਰਸ਼ਨ – ‘ਬੋਲ ਮਰਦਾਨਿਆ’ ਅੰਦਰ ਮਰਦਾਨੇ ਦੇ ਸੁਪਨਿਆਂ ‘ਚ ਆਨੰਦ ਨਾਲ ਵਾਰਤਾਲਾਪ ਦੇ ਦ੍ਰਿਸ਼ ਨਾਵਲ ਦੀ ਕਥਾ ਦਾ ਅਹਿਮ ਹਿੱਸਾ ਹਨ। ਨਾਵਲਕਾਰ ਇਸ ਸੂਖਮਤਾ ‘ਚੋਂ ਕਿਵੇਂ ਗੁਜ਼ਰਿਆ ਹੈ?
ਜਸਬੀਰ ਮੰਡ –ਇਹ ਨਾਵਲਕਾਰ ਦੀ ਸਮਰੱਥਾ ਹੈ ਕਿ ਨਾਵਲਕਾਰ ਉਸ ਧਾਰਾ ਨਾਲ ਜੁੜਿਆ ਹੋਇਆ ਹੈ ਜਿਸ ਧਾਰਾ ਦਾ ਬਾਬਾ ਬੰਦਾ ਹੈ। ਮਰਦਾਨਾ, ਆਨੰਦ ਵਰਗਾ ਜਗਿਆਸੂ ਹੈ। ਨਾਵਲਕਾਰ ਦੀ ਪ੍ਰਾਪਤੀ ਇਹ ਹੈ ਕਿ ਉਹ ਉਸ ਧਾਰਾ ਦੇ ਬੰਦਿਆਂ ਨੂੰ ਅਪਣੇ ਨਾਵਲ ਵਿਚ ਕਿਵੇਂ ਲੈ ਕਿ ਆਉਂਦਾ ਹੈ, ਜਿਸ ਨਾਲ ਮਰਦਾਨੇ ਦਾ ਪਾਤਰ ਵਧਦਾ-ਫੁੱਲਦਾ ਹੈ। ਆਨੰਦ ਨਾਲ ਸੰਵਾਦ ਕਰਨ ਦਾ ਮੇਰਾ ਮਨੋਰਥ ਹੀ ਇਹ ਹੈ ਕਿ ਜੋ ਮਰਦਾਨਾ ਹੈ, ਉਸ ਦਾ ਜੋ ਸੁਪਨਿਆਂ ਦਾ ਸੰਸਾਰ ਹੈ, ਉਹ ਆਨੰਦ ਵਰਗਾ ਹੀ ਹੈ, ਸੱਚ ਦੀ ਤਲਾਸ਼ ਕਰਨ ਵਾਲਾ। ਇਹ ਨਾਵਲਕਾਰ ਮੰਨ ਕਿ ਚਲਦਾ ਹੈ ਕਿ ਜੋ ਬੰਦਾ ਬਾਬੇ ਨਾਲ ਹਰ ਪਲ ਤੁਰਦਾ–ਫਿਰਦਾ ਹੋਵੇ, ਉਸ ਨੇ ਜ਼ਰੂਰ ਬਾਬੇ ਨਾਲ ਬੁੱਧ ਬਾਰੇ ਵੀ ਗੱਲਾਂ ਕੀਤੀਆਂ ਹੋਣੀਆਂ। ਵੇਦਾਂ ਬਾਰੇ ਵੀ ਅਪਣੀ ਜਗਿਆਸਾ ਉਜਾਗਰ ਕੀਤੀ ਹੋਵੇਗੀ। ਇਸ ਲਈ ਇਹ ਨਾਵਲਕਾਰ ਦੀ ਕਲਪਨਾ ਹੈ ਕੇ ਜਦੋਂ ਮਰਦਾਨੇ ਨੇ ਬਾਬੇ ਨਾਲ ਬੁੱਧ ਬਾਰੇ ਗੱਲਾਂ ਕਰੀਆਂ ਹੋਣੀਆਂ, ਉਸ ਸਮੇਂ ਉਸ ਨੂੰ ਆਨੰਦ ਵੀ ਤਾਂ ਯਾਦ ਆਇਆ ਹੋਣਾ। ਇਸ ਕਰ ਕੇ ਹੀ ਨਾਵਲ ਅੰਦਰ ਦੋਵਾਂ ਦਾ ਸੰਵਾਦ ਸਿਰਜਿਆ ਗਿਆ ਹੈ।
ਪ੍ਰਸ਼ਨ – “ਬੇਦੀਆਂ ਦੀ ਕੁੱਲ ਤੇਰੀ ਦੇਣਦਾਰ ਏ ਡੂਮਾਂ …” ਵਰਗੇ ਕਥਨਾਂ ਦੇ ਕੋਈ ਇਤਿਹਾਸਿਕ ਸਰੋਤ ਵੀ ਪ੍ਰਾਪਤ ਹੋਏ ਹਨ ਜਾਂ ਫਿਰ ਇਹ ਨਾਵਲਕਾਰ ਦੀ ਕਲਪਨਾ ਦੇ ਸਹਾਰੇ ਹੀ ਅਪਣੀ ਹੋਂਦ ਅਖ਼ਤਿਆਰ ਕਰਦੇ ਹਨ?
ਜਸਬੀਰ ਮੰਡ – ਮੈਂ ਪਹਿਲਾਂ ਵੀ ਕਿਹਾ ਹੈ ਕਿ ਨਾਵਲਕਾਰ ਕੋਲ ਇੱਕ ਪਲਾਟ ਹੈ ਜਨਮ ਸਾਖੀਆਂ ਦਾ। ਜਿਨ੍ਹਾਂ ਨੂੰ ਤੁਸੀਂ ਵਿਚਾਰਦੇ ਹੋ, ਸਮਝਦੇ ਹੋ ਤੇ ਫਿਰ ਉਹ ਨਾਂ ਵਿਚੋਂ ਹੀ ਇੱਕ ਮਾਨਸਿਕ ਜਗਤ ਸਿਰਜਦੇ ਹੋ। ਇਸ ਮਾਨਸਿਕ ਜਗਤ ਅੰਦਰ ਜੋ ਖਾਲੀ ਥਾਵਾਂ ਨੇ, ਉਸ ਸਪੇਸ ਨੂੰ ਤੁਸੀਂ ਕਿਸ ਤਰਾਂ ਭਰਦੇ ਹੋ। ਜਿਵੇਂ ਇਹ ਹੈ, ਇਸ ਤੋਂ ਮੁੱਕਰਿਆ ਵੀ ਨਹੀਂ ਜਾ ਸਕਦਾ ਪਰ ਇਹ ਕੋਈ ਤੱਥ ਵੀ ਨਹੀਂ ਹੈ। ਇਹ ਨਾਵਲਕਾਰ ਦੀ ਸ਼ੁੱਧ ਕਾਲਪਨਿਕ ਸਿਰਜਣਾ ਹੈ। ਤੁਸੀਂ ਵੇਖੋ, ਜਦੋਂ ਬਾਬਾ ਮੰਨ ਅਪਣੇ ਘਰ–ਪਰਿਵਾਰ ਵਾਲਿਆਂ ਦੇ ਕਹਿਣ ਦੇ ਬਾਵਜੂਦ ਮੰਨ ਹੀ ਨਹੀਂ ਰਿਹਾ ਸੀ। ਉਹ ਆਖਦਾ ਸੀ ਕੇ ਮੈਂ ਤਾਂ ਜਾਣਾ ਹੀ ਜਾਣਾ ਹੈ, ਤਾਂ ਇਹ ਇਹ ਵੀ ਨਾਲ ਸੋਚਣ ਵਾਲਾ ਤੱਥ ਹੈ ਕਿ ਮਰਦਾਨੇ ਤੋਂ ਬਿਨਾਂ ਨਾਲ ਤੁਰਨਾ ਵੀ ਕਿਸੇ ਨੇ ਨਹੀਂ ਸੀ। ਆਖੀਰ ਘਰਦਿਆਂ ਨੇ ਜ਼ਰੂਰ ਸੋਚਿਆ ਹੋਵੇਗਾ ਕਿ ਚਲੋ ਕੋਈ ਤਾਂ ਸਾਡੇ ਮੁੰਡੇ ਦੇ ਨਾਲ ਹੈ। ਪਹਿਲਾਂ ਤਾਂ ਇਹ ਸੋਚ ਕਿ ਬੁਰਾ ਲਗਦਾ ਹੋਣਾ ਕਿ ਨੀਵੀਂ ਜਾਤ ਦਾ ਬੰਦਾ ਸਾਡੇ ਮੁੰਡੇ ਦੇ ਨਾਲ ਰਹੇਗਾ ਪਰ ਮਾਂ ਨੂੰ ਇਹ ਤਸੱਲੀ ਵੀ ਹੋਈ ਹੋਣੀ ਕੇ ਆਖਰ ਕੋਈ ਤਾਂ ਨਾਲ ਹੋਵੇਗਾ। ਬੇਸ਼ੱਕ ਉਹ ਮਰਾਸੀਆਂ ਨੂੰ ਸਿਰਫ਼ ਮਰਾਸੀ ਹੀ ਸਮਝਦੀ ਹੋਵੇ।ਅਜਿਹੀਆਂ ਪ੍ਰਸਥਿਤੀਆਂ ‘ਚ ਅਜਿਹੇ ਬੋਲਾਂ ਦਾ ਉਚਾਰਿਆ ਜਾਣਾ ਕੋਈ ਵੱਡੀ ਗੱਲ ਨਹੀਂ ਜਾਪਦੀ। ਸੋ ਇਸ ਨੂੰ ਨਾਵਲੀ ਜ਼ਰੂਰਤਾਂ ਦੇ ਸੰਦਰਭ ‘ਚ ਰੱਖਣਾ ਹੀ ਵਧੀਆ ਹੈ।
ਪ੍ਰਸ਼ਨ – ਦੂਸਰੇ ਪਾਸੇ ਮਰਦਾਨੇ ਦੇ ਪਰਿਵਾਰ ਦਾ ਵਾਰਤਾਲਾਪ ਵੀ ਤਾਂ ਹੈ ਕਿ ਮਰਦਾਨਾ ਜਾ ਰਿਹਾ ਹੈ। ਇਸ ਨੂੰ ਬਾਬੇ ਦੇ ਪਰਿਵਾਰ ਅੰਦਰ ਹੋਏ ਵਾਰਤਾਲਾਪ ਤੋਂ ਕਿਵੇਂ ਵੱਖ ਵੇਖਦੇ ਹੋ?
ਜਸਬੀਰ ਮੰਡ – ਇਤਿਹਾਸ ਵਿਚ ਵੀ ਦਰਜ਼ ਹੈ ਤੇ ਇਸ ਵਿਚ ਵੀ ਆਉਂਦਾ ਹੈ ਕਿ ਜੋ ਮਰਦਾਨੇ ਦੀ ਧੀ ਸੀ ਕਾਕੋ, ਉਸ ਦਾ ਖਰਚਾ ਬਾਬੇ ਨੇ ਕੀਤਾ ਸੀ। ਇਸ ਨਾਵਲ ਵਿਚ ਐਨਾ ਹੀ ਆਉਂਦਾ ਹੈ ਕਿ ਅਸੀਂ ਕਾਕੋ ਕੋਲ ਗਏ ਸੀ। ਮਨਸੁੱਖ ਨਾਮ ਦਾ ਬਾਬੇ ਦਾ ਇੱਕ ਸ਼ਰਧਾਲੂ ਸੀ। ਉਹ ਵਾਪਾਰੀ ਬੰਦਾ ਸੀ। ਉਸ ਤੋਂ ਵੀ ਬਾਬੇ ਦੁਆਰਾ ਕਾਕੋ ਦਾ ਸਮਾਨ ਦਿਵਾਇਆ ਗਿਆ। ਬਾਬੇ ਅਤੇ ਮਰਦਾਨੇ ਦੇ ਸਬੰਧ ਹੋਰ ਹਨ ਤੇ ਬਾਕੀਆਂ ਦੇ ਹੋਰ ਹਨ। ਜਦੋਂ ਤੁਸੀਂ ਕਿਸੇ ਸੰਵੇਦਨਾ ਵਿਚ ਸਫ਼ਰ ਕਰਦੇ ਹੋ ਤਾਂ ਵੇਖਦੇ ਹੋ ਕੇ ਜਦੋਂ ਬਾਬਾ ਮਰਦਾਨੇ ਦੇ ਘਰ ਜਾਂਦਾ ਤਾਂ ਉਹ ਵਿਹੜੇ ਪਈ ਇੱਕ ਛੋਟੀ ਜਿਹੀ ਟੁੱਟੀ ਮੰਜੀ ਤੇ ਬੈਠਦਾ ਹੈ। ਬਾਬੇ ਨੂੰ ਮੰਜੀ ‘ਤੇ ਬੈਠਾ ਵੇਖ ਮਰਦਾਨੇ ਦੀ ਮਾਂ ਆਖਦੀ ਹੈ,”ਵੇ ਨਾਨਕਾ! ਤੂੰ ਤਾਂ ਮੇਰੇ ਮਰਦਾਨੇ ਤੋਂ ਵੀ ਝੱਲਾ ਹੈਂ”। ਇਸ ਦੀਆਂ ਬਹੁਤ ਪਰਤਾਂ ਨੇ, ਇੱਕ ਪਰਤ ਇਹ ਵੀ ਹੈ ਕਿ ਜਿਹੋ ਜਾਂ ਤੂੰ ਹੈਂ ਉਸ ਤਰਾਂ ਦਾ ਹੀ ਮਰਦਾਨਾ ਹੈ, ਦੋਵੇਂ ਸ਼ੁਦਾਈ ਹੋ ਤੁਸੀਂ। ਇੱਕ ਇਹ ਵੀ ਹੈ ਕਿ ਤੂੰ ਤਾਂ ਬੇਦੀਆਂ ਦਾ ਪੁੱਤ ਹੈਂ, ਤੂੰ ਫਿਰ ਵੀ ਥੱਲੇ ਬੈਠ ਗਿਆ, ਮੇਰੇ ਪੁੱਤ ਵਾਂਗ। ਇੱਕ ਮਾਂ ਦੀ ਪਰਤ ਆ ਮਮਤਾ ਜਦੋਂ ਮਮਤਾ ਪਿਘਲਦੀ ਹੈ ਤਾਂ ਉਹ ਨਾਂ ਵਾਰਤਾਲਾਪਾਂ ਦੀ ਭਾਵਨਾ ਜ਼ਿਆਦਾਤਰ ਮੌਕਿਆਂ ‘ਤੇ ਇੱਕੋ ਜਿਹੀ ਹੀ ਹੋ ਜਾਂਦੀ ਹੈ। ਇਸ ਕਾਰਨ ਮੈਂ ਇਸ ਨੂੰ ਜ਼ਿਆਦਾ ਵੱਖਰਾ ਨਹੀਂ ਸਮਝਦਾ।
ਪ੍ਰਸ਼ਨ – ਜਦੋਂ ਅਸੀਂ ਇੱਕ ਇਤਿਹਾਸਿਕ ਕ੍ਰਿਤ ਦੀ ਰਚਨਾ ਕਰ ਰਹੇ ਹੁੰਦੇ ਹਾਂ ਤਾਂ ਸਾਡੇ ਲਈ ਉਸ ਨਾਲ ਸਬੰਧਿਤ ਸਮੁੱਚੇ ਪੱਖਾਂ ਨੂੰ ਗਲਪ ਦਾ ਜਾਮਾ ਪਹਿਨਾਉਣਾ ਇੱਕ ਅਸੰਭਵ ਜਿਹਾ ਕਾਰਜ ਜਾਪਦਾ ਹੈ।’ਬੋਲ ਮਰਦਾਨਿਆ’ ਦੇ ਸੰਦਰਭ ‘ਚ ਇਸ ਸਬੰਧੀ ਤੁਹਾਡਾ ਕੀ ਆਖਣਾ ਹੈ?
ਜਸਬੀਰ ਮੰਡ –’ਬੋਲ ਮਰਦਾਨਿਆ’ ਨਾਲ ਜੁੜੀ ਖੋਜ ਦੌਰਾਨ ਮੇਰੇ ਪਾਸ ਇਸ ਨਾਵਲ ਨਾਲ ਸਬੰਧਿਤ ਕਰੀਬ ਇੱਕ ਹਜ਼ਾਰ ਪੰਨਿਆਂ ਦੇ ਸਿਰਫ਼ ਫੁੱਟ–ਨੋਟ ਹੀ ਬਣ ਗਏ ਸਨ। ਇਸ ਕਾਰਨ ਤੁਸੀਂ ਸਮਝ ਸਕਦੇ ਹੋ ਕਿ ਇਸ ਰਚਨਾ ਦਾ ਪਾਸਾਰ ਕਿੰਨਾ ‘ਕੁ ਵੱਡਾ ਹੋ ਸਕਦਾ ਹੈ। ਇਸ ਨੂੰ ਨਾਵਲੀ ਜ਼ਰੂਰਤਾਂ ਮੁਤਾਬਿਕ ਢਾਲਣ ਹਿਤ ਹੀ ਮੈਂ ਕਾਫ਼ੀ ਕੁੱਝ ਬਿਆਨ ਕਰਨ ਤੋਂ ਛੱਡ ਦਿੱਤਾ ਹੈ। ਇਸ ਗੱਲ ਨੂੰ ਮੈਂ ਜ਼ਰੂਰ ਸਵੀਕਾਰਦਾ ਹਾਂ ਪਰ ਇਹ ਜੋ ਸਭ ਛੱਡਿਆ ਗਿਆ ਹੈ, ਮੈਨੂੰ ਨਹੀਂ ਲਗਦਾ ਇਸ ਨਾਲ ਨਾਵਲ ਵਿਚ ਕਿਸੇ ਕਿਸਮ ਦੀ ਕੋਈ ਖੜੋਤ ਆਈ ਹੈ।
ਪ੍ਰਸ਼ਨ – ਪਰ ਫਿਰ ਵੀ ਅਤਿ ਮਹੱਤਵਪੂਰਨ ‘ਕੋਧਰੇ ਦੀ ਰੋਟੀ’ ਦੇ ਪ੍ਰਸੰਗ ਕੋਲੋਂ ਨਾਵਲਕਾਰ ਚੁੱਪ-ਚੁਪੀਤੇ ਗੁਜ਼ਰ ਜਾਂਦਾ ਹੈ। ਸੁਚੇਤ ਤੌਰ ਤੇ ਇਸ ਘਟਨਾ ਦਾ ਜ਼ਿਕਰ ਨਾ ਕਰਨ ਦਾ ਕੀ ਕੋਈ ਖ਼ਾਸ ਉਦੇਸ਼ ਸੀ?
ਜਸਬੀਰ ਮੰਡ – ਹਾਂ, ਇਸ ਦਾ ਇੱਕ ਮੁੱਖ ਕਾਰਨ ਇਹ ਸੀ ਕਿ ਉਹ ਐਨਾ ਖ਼ੂਬਸੂਰਤ ਹੈ, ਐਨਾ ਕਮਾਲ ਦਾ ਪ੍ਰਤੀਕ ਹੈ, ਕੇ ਮੇਰੇ ਕੋਲ ਉਸ ਦਾ ਕੋਈ ਬਦਲ ਨਹੀਂ ਸੀ ਤੇ ਮੈਂ ਉਸ ਦਾ ਦੁਹਰਾਓ ਨਹੀਂ ਕਰਨਾ ਨਹੀਂ ਚਾਹੁੰਦਾ ਸੀ। ਮੇਰਾ ਖਿਆਲ ਹੈ ਕੇ ਕਿਰਤ ਬਾਰੇ ਸ਼ਾਇਦ ਹੀ ਕੋਈ ਇਸ ਤਰਾਂ ਦਾ ਕੋਈ ਹੋਰ ਪ੍ਰਤੀਕ ਹੋਵੇ। ਦੂਸਰਾ ਇਹ ਵੀ ਸੀ ਕਿ ਦੁਬਾਰਾ ਸੈਦ ਸੱਯਦ ਵੱਲੋਂ ਆਉਂਦੇ ਸੈਦ ਪੁਰ ਉਸ ਦੀ ਹਵੇਲੀ ਢਹੀ ਹੋਈ ਹੈ। ਉਸ ਦੀ ਕੁੜੀ (ਭਾਈ ਲਾਲੋ ਦੀ) ਬੱਚਾ ਚੁੱਕੀਂ ਖੜੀ ਹੈ। ਉਹ ਆਖਦੀ ਹੈ,”ਅੱਛਾ! ਤੁਸੀਂ ਉਹੀ ਹੋ, ਜੋ ਸਾਡੇ ਘਰ ਪਹਿਲਾਂ ਵੀ ਆਏ ਸੀ, ਸੱਚ ਦਾ ਨਿਤਾਰਾ ਕਰਨ”, ਮਤਲਬ ਇਹ ਵੀ ਇੱਕ ਅਜਿਹੀ ਘਟਨਾ ਸੀ, ਜਿੱਥੇ ਮੈਨੂੰ ਲੱਗਾ ਮੈਨੂੰ ਅਪਣੀ ਤਾਕਤ ਦਿਖਾਉਣੀ ਚਾਹੁੰਦੀ ਹੈ। ਜੇ ਕੋਧਰੇ ਵਾਲਾ ਪ੍ਰਸੰਗ ਆ ਜਾਂਦਾ ਤਾਂ ਫਿਰ ਇਸ ਘਟਨਾ ਦੀ ਸਮਰੱਥਾ ਘਟਦੀ ਸੀ। ਉਹ ਬਿੰਬ ਵੀ ਐਨਾ ਸ਼ਕਤੀਸ਼ਾਲੀ ਹੈ ਕੇ ਉਹ ਦੇ ਅੱਗੇ ਨਤਮਸਤਕ ਹਾਂ।
ਪ੍ਰਸ਼ਨ – ‘ਬੋਲ ਮਰਦਾਨਿਆ’ ਜਿਵੇਂ ਕਿ ਤੁਸੀਂ ਕਿਹਾ ਹੈ ਕਿ ਦਸ ਸਾਲ ਤੋਂ ਤੁਹਾਡੇ ਚੇਤਿਆਂ ਅੰਦਰ ਤੁਰਦਾ-ਫਿਰਦਾ ਰਿਹਾ ਸੀ। ਇਹਨਾਂ ਸਮਿਆਂ ਵਿਚਕਾਰ ਹੀ ‘ਖਾਜ’ ਵਰਗੇ ਯਥਾਰਥ ਦੀ ਰਚਨਾ ਕਰਨ ਦਾ ਖਿਆਲ ਕਿਵੇਂ ਆਇਆ?
ਜਸਬੀਰ ਮੰਡ – ਅਸਲ ਵਿਚ ਮੈਂ ਕਿਸਾਨ ਹਾਂ। ਇਸ ਕਾਰਨ ‘ਖਾਜ’ ਮੇਰੇ ਜੀਵਨ ਦਾ ਯਥਾਰਥ ਹੈ। ਇਸ ਉਸ ਯਥਾਰਥ ਨੂੰ ਵੇਖਣ ਵਾਲੇ ਬੰਦੇ ਦੀ ਜਿਹੜੀ ਚੇਤਨਾ ਹੈ, ਇਹ ਉਸ ਦੀ ਪ੍ਰਤੀਨਿਧਤਾ ਕਰਦਾ ਹੈ। ਉਸ ਕਿਰਸਾਨੀ ਨੂੰ ਵੇਖਣ ਵੇਲੇ ਬੰਦੇ ਦੀ ਕਿਸਮ ਕਿਸ ਤਰਾਂ ਦੀ ਹੈ। ਜਿਵੇਂ ਮੈਂ ਪਹਿਲਾਂ ਕਿਹਾ ਕਿ ਮੇਰਾ ਵੀ ਤਾਂ ਕੋਈ ਨਾਇਕ ਹੈ। ਮੈਂ ਵੀ ਕਹਿੰਦਾ ਹਾਂ ਮੇਰੇ ਨਾਲ ਕੋਈ ਡਾਇਲਾਗ ਕਰੇ। ਜਿਸ ਵਿਚ ਮੈਂ ਸਿੱਖਿਆਰਥੀ ਹੋਵਾਂ, ਦੱਸਾਂ, ਸਮਝਾਂ ਚੀਜ਼ਾਂ ਸਾਰੀਆਂ। ਇਸ ਸਾਰੇ ਸੋਚ ਵਿਚਾਰ ਅੰਦਰੋਂ ਹੀ ‘ਬੋਲ ਮਰਦਾਨਿਆ’ ਦੇ ਨਾਲ–ਨਾਲ ‘ਖਾਜ’ ਤੁਰਦਾ ਰਿਹਾ ਤੇ ਕਿਉਂਕਿ ਮੈਂ ‘ਖਾਜ’ ਦੇ ਵਾਤਾਵਰਨ ਨੂੰ ਜ਼ਿਆਦਾ ਵਧੀਆ ਸਮਝਦਾ ਤੇ ਮਾਣਿਆ ਸੀ, ਇਸ ਲਈ ‘ਬੋਲ ਮਰਦਾਨਿਆ’ ਤੋਂ ਪਹਿਲਾਂ ਉਸ ਦੀ ਸਿਰਜਣਾ ਕਰਨ ਲਈ ਮੈਨੂੰ ਥੋੜੀ ਆਸਾਨੀ ਹੋਈ ਤੇ ਉਹ ਹੋਂਦ ‘ਚ ਆ ਗਿਆ।
ਪ੍ਰਸ਼ਨ – ‘ਬੋਲ ਮਰਦਾਨਿਆ’ ਇੱਕ ਅਜਿਹਾ ਪ੍ਰਵਚਨ ਹੈ ਜਿਸ ਅੰਦਰ ਮਨੋਵਿਗਿਆਨ, ਧਰਮ- ਸ਼ਾਸਤਰ, ਫ਼ਲਸਫ਼ਾ ਅਤੇ ਇਤਿਹਾਸ ਡੂੰਘੇ ਰੂਪ ਵਿਚ ਸਮੋਏ ਹੋਏ ਹਨ। ਇਹਨਾਂ ਸਾਰਿਆਂ ਨਾਲ ਇੱਕੋ ਸਮੇਂ ਕਿਵੇਂ ਤਾਲਮੇਲ ਸਥਾਪਿਤ ਕੀਤਾ ਤੇ ਇਹਨਾਂ ਨਾਲ ਨਿਆਂ ਕਰਨ ਹਿਤ ਕਿਹੜੀਆਂ ਸਾਵਧਾਨੀਆਂ ਵਰਤੀਆਂ ਸੀ ਤਾਂ ਜੋ ਕਿਸੇ ਕਿਸਮ ਦੇ ਵਿਵਾਦ ਆਦਿ ਤੋਂ ਬਚਿਆ ਜਾ ਸਕੇ?
ਜਸਬੀਰ ਮੰਡ – ਜਦੋਂ ਤੁਸੀਂ ਨਾਨਕ ਬਾਰੇ ਲਿਖ ਰਹੇ ਹੋ, ਨਾਨਕ ਬਾਰੇ ਲਿਖਣ ਵਕਤ ਜੇ ਤੁਸੀਂ ਕਿਤੇ ਇਸ ਤਰਾਂ ਦੀ ਗੱਲ ਕਰਦੇ ਹੋ ਜਾਂ ਬਾਬੇ ਪ੍ਰਤੀ ਉਂਗਲ ਉਠਾਉਂਦੇ ਹੋ ਤਾਂ ਤੁਹਾਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ ਕੇ ਬਾਬੇ ਪ੍ਰਤੀ ਤੁਹਾਡੀ ਸਮਝ ਦੀ ਕਿਤੇ ਨਾ ਕਿਤੇ ਕਮੀ ਹੈ। ਤੁਸੀਂ ਅਪਣੀ ਗੱਲ ਵੀ ਕਹਿਣੀ ਹੈ ਤੇ ਉਸ ਨਾਲ ਨਿਆਂ ਵੀ ਕਰਨਾ ਹੈ। ਜਿਸ ਤਰਾਂ ਬਾਬੇ ਦਾ ਕਰੈਕਟਰ ਹੈ, ਜੇ ਤੁਸੀਂ ਬਾਬੇ ਨੂੰ ਬੁਨਿਆਦੀ ਤੌਰ ‘ਤੇ ਸਮਝਦੇ ਹੋ ਤਾਂ ਕੋਈ ਗੱਲ ਉੱਠਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਇਹ ਨਾਵਲ ਬਾਬੇ ਦੇ ਸਮੇਂ ਤੋਂ ਬਾਹਰ ਨਹੀਂ ਜਾਂਦਾ। ਜਿਹੜੀ ਮੇਰੀ ਉਡੀਕ ਸੀ, ਉਹ ਇਸ ਵਿਚ ਬਾਖ਼ੂਬੀ ਕੰਮ ਆਈ ਹੈ। ਜੇਕਰ ਮੈਂ ਇਹ ਉਡੀਕ ਨਾ ਕਰਦਾ, ਸਬਰ ਨਾ ਰੱਖਦਾ ਫਿਰ ਹੋ ਸਕਦਾ ਸੀ ਇਹ ਅੜਚਣ ਪੈਦਾ ਹੋ ਜਾਦੀ। ਸ਼ਾਇਦ ਇਹ ਖਿੰਡ ਵੀ ਜਾਂਦਾ। ਇਹ ਸਾਰਾ ਸਮਾਂ ਅਸੀਂ ਪਹਿਲਾਂ ਤਿੰਨਾਂ ਨੇ ਅਰਥਾਤ ਬਾਬਾ, ਮਰਦਾਨਾ ਅਤੇ ਮੈਂ ਸਫ਼ਰ ਕੀਤਾ।ਅੱਖਰਾਂ ਵਿਚ ਇਹ ਬਾਅਦ ‘ਚ ਆਇਆ। ਨਾਵਲਕਾਰ ਦੀ ਉਡੀਕ ਬਹੁਤ ਸੁੰਦਰ ਹੁੰਦੀ ਹੈ। ਜੇਕਰ ਉਹ ਉਡੀਕ ਨਾ ਕਰੇ ਤਾਂ ਇਹ ਸਮੱਸਿਆਵਾਂ ਆਉਣਗੀਆਂ। ਮੇਰੀ ਇਹ ਵੀ ਕੋਸ਼ਿਸ਼ ਸੀ ਕਿ ਇਹ ਭਾਰਾ ਨਾ ਹੋਵੇ। ਇਸ ਦੇ ਸੰਖੇਪ ਰੂਪ ਨੂੰ ਸਿਰਜਣ ਲਈ ਮੈਂ ਬੁੱਧ, ਜੈਨ, ਮਾਰਕਸ, ਗੁਰਬਾਣੀ ਆਦਿ ਦਾ ਨਿਠ ਕਿ ਅਧਿਐਨ ਕੀਤਾ ਕਿਉਂ ਕਿ ਨਾਵਲਕਾਰ ਨੇ ਫਲਸਫਿਆਂ ਦਾ ਭਾਰ ਨਹੀਂ ਢੋਣਾ ਹੁੰਦਾ ਸਗੋਂ ਇਹ ਵੇਖਣਾ ਹੁੰਦਾ ਹੈ ਕਿ ਉਸ ਵਿਚੋਂ ਫ਼ਲਸਫ਼ਾ ਕਿਵੇਂ ਨਿਕਲ ਕਿ ਆਉਂਦਾ ਹੈ ਤਾਂ ਜੋ ਮੁੜ ਉਸੇ ਫ਼ਲਸਫ਼ੇ ਦੀ ਯਾਦ ਆ ਜਾਏ। ਬਾਬੇ ਦਾ ਫ਼ਲਸਫ਼ਾ ਅਧਿਆਤਮ ਹੈ। ਇਸ ਕਰ ਕੇ ਇਸ ਦੇ ਵਿਚ ਇਹ ਨਹੀਂ ਕਿ ਜਿੰਨੇ ਵੀ ਸਵਾਲ ਹਨ, ਕੋਈ ਵੀ ਸਵਾਲ ਤੁਹਾਡੀ ਹਉਮੈਂ ਨੂੰ ਚੋਗ਼ਾ ਪਾ ਦੇਵੇ। ਅਧਿਆਤਮ ‘ਚ ਜੋ ਹਉਮੈਂ ਦੀ ਆਖ਼ਰੀ ਚਰਮ ਸੀਮਾ ਹੈ, ਉਹ ਇਹ ਹੈ ਕਿ ਮੇਰਾ ਗੁਰੂ ਹੀ ਸ੍ਰੇਸ਼ਠ ਹੈ। ਜਦੋਂ ਤੁਸੀ ਇਸ ਵਿਚਾਰ ਦੇ ਧਾਰਨੀ ਹੋ ਜਾਂਦੇ ਹੋ ਤਾਂ ਤੁਸੀਂ ਉੱਕ ਜਾਂਦੇ ਹੋ। ਭਾਈ ਵੀਰ ਸਿੰਘ ਜੀ ਇੱਥੇ ਹੀ ਉੱਕੇ ਸਨ। ਜਿਸ ਨੂੰ ਅਧਿਆਤਮ ਦੀ ਸਮਝ ਹੈ, ਉਸ ਨੂੰ ਪਤਾ ਹੈ ਕਿ ਇਹ ਉਕਾਈ ਕਿੱਥੇ ਹੈ, ਕਿਉਂਕਿ ਸਾਡਾ ਗੁਰੂ ਤਾਂ ਮੰਨਦਾ ਹੀ ਨਹੀਂ ਕਿ ਉਹ ਸਰਵ-ਸ੍ਰੇਸਟ ਹੈ। ਉਹ ਤਾਂ ਸਭਨਾਂ ਦੀ ਗੱਲ ਕਰਦਾ ਹੈ। ਗੁਰੂ ਸਾਡੀ ਮਿੱਥ ਤੋੜਦੇ ਹਨ। ਇਸ ਲਈ ਜ਼ਰੂਰੀ ਹੈ ਕੇ ਤੁਸੀਂ ਇਸ ਧਾਰਾ ਦੀ ਸਮਝ ਕਾਇਮ ਕਰੋ, ਕਿਉਂਕਿ ਅਧਿਆਤਮ ਤਾਂ ਕੋਈ ਮਿੱਥ ਸਵੀਕਾਰਦਾ ਹੀ ਨਹੀਂ।
ਪ੍ਰਸ਼ਨ – ਨਾਵਲ ਉੱਪਰ ਚਮਕਦੇ ਬੁੱਧ ਦੇ ਪ੍ਰਭਾਵ ਬਾਰੇ ਕੀ ਕਹਿਣਾ ਚਾਹੋਗੇ?
ਜਸਬੀਰ ਮੰਡ – ਨਹੀਂ, ਬੁੱਧ ਦਾ ਉਸ ਤਰਾਂ ਦਾ ਤਾਂ ਕੋਈ ਪ੍ਰਭਾਵ ਮੈਂ ਨਹੀਂ ਸਮਝਦਾ ਕੇ ਇਸ ਉੱਪਰ ਹੈ। ਹਾਂ, ਮੈਂ ਬੁੱਧ ਨੂੰ ਪੜਿਆ ਹੈ ਤੇ ਉਸ ਨੂੰ ਪਿਆਰ ਕਰਦਾ ਹਾਂ। ਬੁੱਧ ਦਾ ਜੋ ਅਪਣੇ ਨਾਲ ਸੰਵਾਦ ਹੈ, ਉਹ ਬਾਕਾਮਾਲ ਹੈ, ਤਾਂ ਹੀ ਤਾਂ ਮੈਂ ਆਖਦਾ ਹਾਂ ਕਿ ਬਾਬਾ ਬਹੁਤ ਸਾਰੀਆਂ ਚੀਜ਼ਾਂ ਦਾ ਸੰਗਮ ਹੈ। ਉਹ ਸਭਨਾਂ ਨਾਲ ਸੰਵਾਦ ਰਚਾਉਂਦਾ ਹੈ। ਇਸ ਸੰਵਾਦ ਵਿਚੋਂ ਹੀ ਜੇਕਰ ਬੁੱਧ ਦਾ ਝਲਕਾਰਾ ਪ੍ਰਾਪਤ ਹੁੰਦਾ ਹੈ ਤਾਂ ਵੱਖਰੀ ਗੱਲ ਹੈ ਪਰ ਸਿੱਧੇ ਰੂਪ ‘ਚ ਮੈਂ ਇਸ ਦੀ ਸਿਰਜਣਾ ਨਹੀਂ ਕੀਤੀ ਸੀ।
ਪ੍ਰਸ਼ਨ – ਅਪਣੇ ਪਹਿਲੇ ਨਾਵਲਾਂ ਜਾਂ ਪੰਜਾਬੀ ਨਾਵਲ ਵਿਚ ਵਰਤੀਆਂ ਜੁਗਤਾਂ ਤੋਂ ਇਲਾਵਾ ਕੀ ਤੁਸੀਂ ਕੋਈ ਨਵੀ ਜੁਗਤ ਵੀ ਇਸ ਨਾਵਲ ਅੰਦਰ ਹੋਂਦ ‘ਚ ਲਿਆਂਦੀ ਹੈ?
ਜਸਬੀਰ ਮੰਡ – ਕਈ ਵਾਰ ਨਾਵਲਕਾਰ ਨੂੰ ਪਤਾ ਹੀ ਨਹੀਂ ਹੁੰਦਾ ਕੇ ਮੈਂ ਕੋਈ ਜੁਗਤ ਵੀ ਵਰਤ ਰਿਹਾ ਹਾਂ। ਇਹ ਤਾਂ ਬਾਅਦ ਵਿਚ ਆਲੋਚਕ ਹੀ ਦੱਸਦੇ ਹਨ ਕੇ ਇਹ ਜੁਗਤ ਵਰਤੀ ਗਈ ਹੈ ਜਾਂ ਇਹ ਕੁੱਝ ਤੁਸੀਂ ਨਵਾਂ ਕੀਤਾ ਹੈ। ਇਸ ਨਾਵਲ ਵਿਚ ਦਰਜ਼ ਹੈ ਜਿਹੜੇ ਜਗਿਆਸੂ ਲੋਕ ਹੁੰਦੇ ਹਨ, ਜਦੋਂ ਉਹ ਅਪਣੇ ਸਫ਼ਰਾਂ ‘ਤੇ ਨਿਕਲਦੇ ਹਨ ਤਾਂ ਪਿੱਛੇ ਉਹ ਨਾਂ ਦੇ ਘਰਾਂ ਅੰਦਰ ਰਹਿਣ ਵਾਲੀਆਂ ਔਰਤਾਂ ਨੂੰ ਕਿਹੜੇ–ਕਿਹੜੇ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ? ਕਿਸ ਤਰਾਂ ਦੇ ਕਸ਼ਟ ਭੋਗਣੇ ਪੈਂਦੇ ਹਨ? ਉਹ ਨਾਂ ਦੀਆਂ ਔਰਤਾਂ ਕਿਨ੍ਹਾਂ ਸੰਕਟ ਵਿਚ ਜੀਅ ਰਹੀਆ ਹੁੰਦੀਆਂ ਹਨ? ਘਰਾਂ ‘ਚ ਬੈਠੀਆਂ ਔਰਤਾਂ ਦੇ ਖਿਆਲ ਕੀ ਹੁੰਦੇ ਹਨ? ਇਹ ਸਭ ਸ਼ਾਇਦ ਮੈਂ ‘ਬੋਲ ਮਰਦਾਨਿਆ’ ਅੰਦਰ ਬਾਖ਼ੂਬੀ ਨਾਲ ਬਿਆਨ ਕਰ ਗਿਆ ਹਾਂ। ਇਹ ਮੈਂ ਸੁਚੇਤ ਰੂਪ ਵਿਚ ਨਹੀਂ ਕੀਤਾ ਸਗੋਂ ਇਸ ਬਾਰੇ ਮੈਨੂੰ ਖ਼ੁਦ ਉਸ ਵਕਤ ਪਤਾ ਲੱਗਾ ਜਦੋਂ ਇਸ ਨਾਵਲ ਬਾਰੇ ਮੈਂ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਗੁਰਮੁਖ ਸਿੰਘ ਜੀ ਨਾਲ ਗੱਲ ਕਰ ਰਿਹਾ ਸੀ। ਉਹਨਾਂ ਨੇ ਮੈਨੂੰ ਇਸ ਬਾਰੇ ਦੱਸਿਆ ਕਿ ਮੈਂ ਇਹ ਜੁਗਤ ਵੀ ਵਰਤੋਂ ਵਿਚ ਲਿਆਂਦੀ ਹੈ ਜਿਹੜੀ ਕਿ ਇਸ ਤੋਂ ਪਹਿਲਾਂ ਦੇ ਨਾਵਲਾਂ ਅੰਦਰ ਘੱਟ ਹੀ ਵੇਖਣ ਨੂੰ ਮਿਲਦੀ ਹੈ।
ਪ੍ਰਸ਼ਨ – ਪੰਜਾਬੀ ਪਾਠਕ, ਜਿਸ ਉੱਪਰ ਅਕਸਰ ਇਹ ਦੋਸ਼ ਮੜਿਆ ਜਾਂਦਾ ਹੈ ਕਿ ਉਹ ਪੜਣ- ਲਿਖਣ ਵਾਲੀਆਂ ਪ੍ਰਵਿਰਤੀਆਂ ਤੋਂ ਜ਼ਿਆਦਾਤਰ ਅਛੂਤਾ ਹੀ ਰਹਿੰਦਾ ਹੈ, ਕੀ ‘ਬੋਲ ਮਰਦਾਨਿਆ’ ਨੂੰ ਮਿਲੇ ਹੁੰਗਾਰੇ ਤੋਂ ਬਾਅਦ ਉਸ ਤੋਂ ਤੁਸੀਂ ਸੰਤੁਸ਼ਟ ਹੋ?
ਜਸਬੀਰ ਮੰਡ – ਅਸਲ ਗੱਲ ਤਾਂ ਇਹ ਹੈ ਕਿ ਪਾਠਕਾਂ ਨਾਲ ਸਿੱਧੇ ਰੂਪ ‘ਚ ਮੇਰਾ ਕੋਈ ਮੇਲ-ਜੋਲ ਹੀ ਨਹੀਂ ਹੈ ਪਰ ਹਾਂ ਜਿਸ ਤਰਾਂ ਦਾ ਪਾਠਕਾਂ ਵੱਲੋਂ ‘ਬੋਲ ਮਰਦਾਨਿਆ’ ਨੂੰ ਪਿਆਰ ਮਿਲਿਆ ਹੈ, ਉਸ ਤੋਂ ਮੈਂ ਪੂਰੀ ਤਰਾਂ ਸੰਤੁਸ਼ਟ ਹਾਂ। ਮੈਨੂੰ ਇਹ ਉਮੀਦ ਨਹੀਂ ਸੀ ਕਿ ਇਸ ਨੂੰ ਪਾਠਕਾਂ ਦਾ ਐਨਾ ਪਿਆਰ ਮਿਲੇਗਾ। ਮੈਂ ਅਕਸਰ ਪੰਜਾਬ ਤੋਂ ਬਾਹਰ ਹੀ ਰਹਿੰਦਾ ਹਾਂ ਤੇ ਜ਼ਿਆਦਾਤਰ ਸਾਹਿੱਤਿਕ ਮੌਕਿਆਂ ‘ਤੇ ਮੇਰੀ ਗੈਰ-ਹਾਜ਼ਰੀ ਹੀ ਹੁੰਦੀ ਹੈ। ਇਸ ਲਈ ਪਾਠਕਾਂ ਨੇ ਜਿੰਨਾਂ ‘ਕੁ ਪਿਆਰ ਮੇਰੀਆਂ ਰਚਨਾਵਾਂ ਨੂੰ ਦਿੱਤਾ ਹੈ, ਮੇਰੇ ਲਈ ਉਹ ਕਾਫ਼ੀ ਹੈ। ਉਮੀਦ ਕਰਦਾ ਹਾਂ ਭਵਿੱਖ ‘ਚ ਵੀ ਉਹ ਇਸ ਪਿਆਰ ਨੂੰ ਕਾਇਮ ਰੱਖਣਗੇ।
ਪ੍ਰਸ਼ਨ – ਪੰਜਾਬੀ ਸਾਹਿੱਤ ਜਗਤ ਅੰਦਰ ਆਲੋਚਕ ਵਰਗ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਇਸ ਦਾ ਕਾਰਨ ਇਹ ਵੀ ਮੰਨਿਆ ਜਾਂਦਾ ਹੈ ਕਿ ਇਹ ਵਰਗ ਸਾਹਿੱਤ ਆਲੋਚਨਾ ਵੇਲੇ ਅਕਸਰ ਲਿਹਾਜ਼ ਪੁਣੇ ਦੀ ਵਰਤੋਂ ਕਰਦਾ ਹੈ। ਤੁਸੀਂ ਆਲੋਚਕ ਵਰਗ ਬਾਰੇ ਕੀ ਕਹਿਣਾ ਚਾਹੁੰਦੇ ਹੋ?
ਜਸਬੀਰ ਮੰਡ – ਆਲੋਚਕਾਂ ਪ੍ਰਤੀ ਮੈਨੂੰ ਕੋਈ ਸ਼ਿਕਵਾ ਨਹੀਂ। ਮੇਰੀ ਗ਼ੈਰ-ਹਾਜ਼ਰੀ ਅਤੇ ਮੇਰੇ ਦਖ਼ਲ ਤੋਂ ਬਗ਼ੈਰ ਜਿੰਨੀ ‘ਕੁ ਮੇਰੀ ਗੱਲ ਹੁੰਦੀ ਹੈ, ਉਹ ਬਹੁਤ ਹੈ। ਮੈਂ ਇੱਥੇ ਰਹਿ ਕਿ ਵੀ ਗ਼ੈਰ-ਹਾਜ਼ਰ ਹੀ ਰਹਿੰਦਾ ਹਾਂ। ਬੌਧਿਕ ਜਗਤ ਨਾਲ ਜਿੰਨਾਂ ‘ਕੁ ਮੇਰਾ ਸੰਵਾਦ ਹੁੰਦਾ ਹੈ, ਉਹ ਕਾਫੀ ਲਾਹੇਵੰਦ ਹੈ। ਮੇਰੀ ਇਹ ਧਾਰਨਾ ਹੈ ਕੇ ਜਦੋਂ ਤੁਸੀਂ ਵਿਆਖਿਆ ਵਿਚ ਜਿਉਂਦੇ ਹੋ ਤਾਂ ਤੁਸੀਂ ਮੂਲ ਸਰੋਤ ਤੋਂ ਦੂਰ ਹੋ ਜਾਂਦੇ ਹੋ। ਜਦੋਂ ਕਿ ਨਾਵਲਕਾਰ ਨੂੰ ਮੂਲ ਸਰੋਤ ਦੇ ਪਾਸ ਹੋਣਾ ਚਾਹੀਦਾ ਹੈ। ਜਦੋਂ ਤੁਹਾਡਾ ਸਿਰਜਣਾਤਮਿਕ ਜਗਤ ਵਿਆਖਿਆ ਅੰਦਰ ਜਿਊਣ ਲੱਗ ਪੈਂਦਾ ਹੈ ਤਾਂ ਤੁਹਾਨੂੰ ਸਰੂਰ ਚੜ੍ਹਨੋਂ ਹਟ ਜਾਂਦਾ ਹੈ, ਤੁਸੀਂ ਨਕਲ ਦੇ ਸ਼ਿਕਾਰ ਹੋ ਜਾਦੇ ਹੋ ਤੇ ਇਸ ਨਕਲ ਤੋਂ ਮੈਂ ਬਚ ਕਿ ਹੀ ਰਹਿਣਾ ਚਾਹੁੰਦਾ ਹਾਂ।
ਪ੍ਰਸ਼ਨ – ਸਿਰਜਣਾਤਮਿਕ ਤੌਰ ‘ਤੇ ਪੰਜਾਬੀ ਨਾਵਲ ਦਾ ਕੀ ਭਵਿੱਖ ਵੇਖਦੇ ਹੋ?
ਜਸਬੀਰ ਮੰਡ – ਮੇਰਾ ਤਾਂ ਇਹ ਮੰਨਣਾ ਹੈ ਕਿ ਪੰਜਾਬੀ ਨਾਵਲ ਦਾ ਭਵਿੱਖ ਬਹੁਤ ਸੁਨਹਿਰੀ ਹੈ। ਮੈਨੂੰ ਪੂਰੀ ਉਮੀਦ ਹੈ ਕਿ ਨੇੜਲੇ ਭਵਿੱਖ ‘ਚ ਇਸ ਖੇਤਰ ਅੰਦਰ ਹੋਰ ਬਹੁਤ ਸਾਰੇ ਚੰਗੇ ਲੋਕ ਆਉਣਗੇ ਅਤੇ ਨਵਿਆਂ ਵਿਸ਼ਿਆਂ ਦੇ ਨਾਲ–ਨਾਲ ਇਤਿਹਾਸਿਕ ਨਾਵਲਾਂ ਦੀ ਸਿਰਜਣਾ ਵੀ ਜਾਰੀ ਹੀ ਰਹੇਗੀ। ਤੁਸੀਂ ਇਸ ਨੂੰ ਸਿਰਫ਼ ਇਤਿਹਾਸ ਕਹਿ ਕਿ ਹੀ ਅਣਗੌਲਿਆ ਨਹੀਂ ਕਰ ਸਦਕੇ। ਇਹ ਹਮੇਸ਼ਾ ਸਾਡੀਆਂ ਪ੍ਰੇਰਨਾਵਾਂ ‘ਚ ਵਸਦਾ ਰਹੇਗਾ। ਮੈਨੂੰ ਪੂਰੀ ਉਮੀਦ ਹੈ ਕਿ ਭਵਿੱਖ ਦਾ ਪੰਜਾਬੀ ਨਾਵਲ ਹੋਰ ਵਧੇਰੇ ਪੂਰਨੇ ਪਾਵੇਗਾ।
ਪ੍ਰਸ਼ਨ – ਕੀ ਇਹ ਉਮੀਦ ਕਰਦੇ ਹੋ ਕਿ ‘ਬੋਲ ਮਰਦਾਨਿਆ’ ਵਰਗੇ ਵਿਸ਼ੇ ਨਾਲ ਸਬੰਧਿਤ ਹੋਰ ਨਾਵਲ ਵੀ ਪੰਜਾਬੀ ਨਾਵਲ ਜਗਤ ਅੰਦਰ ਵੇਖਣ ਨੂੰ ਪ੍ਰਾਪਤ ਹੋਣਗੇ?
ਜਸਬੀਰ ਮੰਡ – ਇਸ ਨਾਵਲ ਦੀ ਨਕਲ ਕਰਨੀ ਸੌਖੀ ਨਹੀਂ ਹੋਵੇਗੀ ਪਰ ਫਿਰ ਵੀ ਉਮੀਦ ਰੱਖੀ ਜਾ ਸਕਦੀ ਹੈ ਕਿ ਭਵਿੱਖ ਵਿਚ ਅਜਿਹੇ ਨਾਵਲ ਸਾਹਿੱਤ ਜਗਤ ਅੰਦਰ ਆਪਣੀਆਂ ਪੈੜਾਂ ਛੱਡਣਗੇ।
ਪ੍ਰਸ਼ਨ – ਨਾਵਲ ਤੋਂ ਬਿਨਾਂ ਕੀ ਕਦੀ ਕਿਸੇ ਹੋਰ ਸਾਹਿੱਤਿਕ ਵਿਧਾ ਬਾਰੇ ਲਿਖਣ ਦਾ ਵੀ ਸੋਚਿਆ ਹੈ ਜਾਂ ਫਿਰ ਸਿਰਫ਼ ਨਾਵਲ ਤੱਕ ਹੀ ਸੀਮਤ ਰਹੋਗੇ?
ਜਸਬੀਰ ਮੰਡ – ਨਹੀਂ, ਮੇਰੇ ਤੋਂ ਤਾਂ ਆਰਟੀਕਲ ਦਾ ਇੱਕ ਪੇਜ ਨਹੀਂ ਲਿਖਿਆ ਜਾਂਦਾ। ਇਸ ਕਰ ਕੇ ਮੈਨੂੰ ਲਗਦਾ ਹੈ ਕੇ ਮੈਂ ਸਿਰਫ਼ ਨਾਵਲ ਹੀ ਲਿਖ ਸਕਦਾ ਹਾਂ ਤੇ ਨੇੜਲੇ ਭਵਿੱਖ ਵਿਚ ਸਿਰਫ਼ ਨਾਵਲ ਹੀ ਲਿਖਾਂਗਾ।
ਪ੍ਰਸ਼ਨ – ਭਵਿੱਖ ਦੀ ਕੀ ਵਿਉਂਤਬੰਦੀ ਹੈ ?
ਜਸਬੀਰ ਮੰਡ – ਫਿਰ ਮੁੜਾਂਗਾ ਅਪਣੀ ਕਿਰਸਾਨੀ ਵੱਲ, ਹੁਣ ਮੈਂ ਦੁਬਾਰਾ ਪਿੰਡ ਚਲਾ ਗਿਆ ਹਾਂ ਤੇ ਕਿਰਸਾਨੀ ਜੀਵਨ ਦੇ ਨਾਲ ਖ਼ੁਦ ਨੂੰ ਇਕਸੁਰ ਕਰ ਰਿਹਾ ਹਾਂ। ਮੈਨੂੰ ਇਸ ‘ਚ ਹੀ ਜ਼ਿਆਦਾ ਖ਼ੁਸ਼ੀ ਮਿਲਦੀ ਹੈ।
ਪ੍ਰਸ਼ਨ – ਇਨਾਮ–ਸਨਮਾਨ ਬਾਰੇ ਕੀ ਖਿਆਲ ਹਨ ?
ਜਸਬੀਰ ਮੰਡ – ਲੋੜ ਹੀ ਨਹੀਂ, ਮੈਂ ਇਸ ਦੌੜ ਵਿਚ ਨਹੀਂ ਸ਼ਾਮਿਲ ਹਾਂ। ਜੇ ਮੇਰੇ ਨਾਵਲ ਨੂੰ ਕੋਈ ਇਨਾਮ ਮਿਲਦਾ ਤਾਂ ਮੈਂ ਬਹੁਤ ਹੈਰਾਨ ਹੋਵਾਂਗਾ। ਮੈਂ ਕਿਉਂਕਿ ਇਹਨਾਂ ਇਨਾਮਾਂ ਦਾ ਸਿਸਟਮ ਨਹੀਂ ਸਮਝਦਾ। ਇਸ ਲਈ ਮੈਂ ਕਦੀ ਕਿਸੇ ਸਨਮਾਨ ਬਾਰੇ ਨਹੀਂ ਸੋਚਿਆ। ਮੈਂ ਕੋਈ ਵਡੱਪਣ ਨਹੀਂ ਮਾਰਦਾ। ਮੈਂ ਵਾਸਤਵ ਵਿਚ ਇਹਨਾਂ ਸਭਨਾਂ ਤੋਂ ਦੂਰ ਹੀ ਖ਼ੁਸ਼ ਹਾਂ। ਮੇਰੀਆਂ ਲਿਖਤਾਂ ਨੂੰ ਤੁਸੀਂ ਪਿਆਰ ਕੀਤਾ ਇਸ ਤੋਂ ਵੱਧ ਮੈਨੂੰ ਕੋਈ ਕੀ ਦੇ ਸਕਦਾ ਹੈ?
ਪਰਮਿੰਦਰ ਸਿੰਘ ਸ਼ੌਂਕੀ
ਅਮਨਪ੍ਰੀਤ ਸਿੰਘ ਫ਼ਰੀਦਕੋਟ
+ There are no comments
Add yours