ਪੰਜਾਬੀ ਲੋਕ-ਮਨਾਂ ਦੇ ਅਵਚੇਤ ਦਾ ਚਿਤੇਰਾ: ਅਮਰ ਸਿੰਘ ਚਮਕੀਲਾ
ਕਈ ਬੰਦੇ ਕਦੇ ਵੀ ਨਹੀਂ ਮਰਦੇ; ਉਹ ਹਮੇਸ਼ਾ ਲੋਕ-ਮਨਾਂ ਵਿੱਚ ਜਿਊਂਦੇ ਰਹਿੰਦੇ ਹਨ। ਅਨੇਕ ਕਲਾਕਾਰ ਇਸੇ ਸ਼ਰੇਣੀ ਵਿੱਚ ਆਉਂਦੇ ਹਨ ਖ਼ਾਸ ਤੌਰ ‘ਤੇ ਉਹ ਕਲਾਕਾਰ ਜੋ ਲੋਕ-ਮਨਾਂ ਵਿੱਚ ਪਈਆਂ ਬਾਤਾਂ ਨੂੰ ਆਪਣੇ ਸ਼ਬਦਾਂ ਵਿੱਚ ਬੰਨ੍ਹਣ ਦਾ ਹੁਨਰ ਜਾਣਦੇ ਹੋਣ। ਅਮਰ ਸਿੰਘ ਚਮਕੀਲਾ ਕੁਝ ਅਜਿਹੀ ਹੀ ਸ਼ਖ਼ਸੀਅਤ ਦਾ ਮਾਲਕ ਸੀ ਜਿਸਨੂੰ ਕਿ ਸੌਖਿਆਂ ਹੀ ਭੁਲਾਇਆ ਨਹੀਂ ਜਾ ਸਕਦਾ, ਵਿਸਾਰਿਆ ਨਹੀਂ ਜਾ ਸਕਦਾ। ਜਦੋਂ ਵੀ ਪੰਜਾਬੀ ਗਾਇਕੀ ਤੇ ਖ਼ਾਸ ਤੌਰ ‘ਤੇ ਗੀਤਕਾਰੀ ਦੀ ਗੱਲ ਚੱਲੇਗੀ ਤਾਂ ਚਮਕੀਲੇ ਦੀ ਕਥਾ ਛੋਹੇ ਬਿਨਾਂ ਅੱਗੇ ਨਹੀਂ ਵਧਿਆ ਜਾ ਸਕੇਗਾ। ਉਹ ਦੋਗਾਣਾ ਗਾਇਕੀ ਵਿੱਚ ਇੱਕ ਮੀਲ-ਪੱਥਰ ਸਥਾਪਤ ਕਰ ਕੇ ਗਿਆ ਜਿਹੜਾ ਕਿ ਅੱਜ ਵੀ ਤਰੋਤਾਜ਼ਾ ਹੈ, ਸਮੇਂ ਦਾ ਅੰਤਰਾਲ ਉਸਨੂੰ ਫਿੱਕਾ ਨਹੀਂ ਕਰ ਸਕਿਆ। ਅਜੋਕੇ ਸਮਿਆਂ ਵਿੱਚ ਉਹ ਪਸੰਦ-ਨਾਪਸੰਦ ਦੀ ਹੋਣੀ ਹੰਢਾਉਂਦਾ ਹੋਇਆ ਵੀ ਲੋਕ-ਮਨਾਂ ਵਿੱਚ ਰਚਿਆ-ਮਿਿਚਆ ਪਿਆ ਹੈ। ਤੁਸੀਂ ਉਸਨੂੰ ਅਸ਼ਲੀਲ ਕਹਿ ਕੇ ਰੱਦ ਤਾਂ ਸਕਦੇ ਹੋ ਪਰ ਉਸਦੀ ਹੋਂਦ ਨੂੰ ਨਕਾਰ ਨਹੀਂ ਸਕਦੇ। ਅਨੇਕ ਨਾਕਾਰਾਂ ਤੋਂ ਬਾਅਦ ਵੀ ਉਸਦੀ ਮਕਬੂਲੀਅਤ ਘਟੀ ਨਹੀਂ ਸਗੋਂ ਹੋਰ ਵਧੀ ਹੈ। ਚੜ੍ਹਦੀ ਉਮਰ ਦੇ ਗੱਭਰੂ ਹੋਣ ਜਾਂ ਅਧਖੜ੍ਹ ਉਮਰ ਦੇ ਬੰਦੇ ਤੇ ਜਾਂ ਢਲਦੀ ਉਮਰ ਦੇ ਬੁੱਢੇ-ਠ੍ਹੇਰੇ… ਇਨ੍ਹਾਂ ‘ਚੋਂ ਕੋਈ ਅਜਿਹਾ ਪੰਜਾਬੀ ਨਹੀਂ ਜਿਸ ਨੇ ਕਦੇ ਨਾ ਕਦੇ, ਕਿਸੇ ਨਾ ਕਿਸੇ ਰੂਪ ਵਿੱਚ ਚਮਕੀਲੇ ਨੂੰ ਨਾ ਸੁਣਿਆ ਹੋਵੇ।ਚਮਕੀਲੇ ਦੀ ਕਾਬਲੀਅਤ ਇਸ ਗੱਲ ਵਿੱਚ ਹੈ ਕਿ ਉਸਨੇ ਲੋਕ-ਮਨਾਂ ਦੇ ਅਵਚੇਤ ‘ਚ ਪਈਆਂ ਇੱਛਿਤ-ਅਣਇੱਛਿਤ ਇੱਛਾਵਾਂ, ਲਾਲਸਾਵਾਂ, ਵਾਸ਼ਨਾਵਾਂ ਨੂੰ ਬਿਨਾਂ ਕਿਸੇ ਲੱਗ-ਲਪੇਟ ਦੇ ਆਪਣੇ ਗੀਤਾਂ ਵਿੱਚ ਪਰੋ ਦਿੱਤਾ। ਸ਼ਾਇਦ ਉਸ ਦੀ ਇਸੇ ਬੇਬਾਕੀ ਨੇ ਉਸਨੂੰ ਹਾਸ਼ੀਏ ਵੱਲ ਧੱਕ ਦਿੱਤਾ। ਉਹ ਪਰਿਵਾਰ ਵੱਲੋਂ ਨਕਾਰਿਆ ਪਰ ਪਰਿਵਾਰ ਦੀ ਨਿੱਜੀ ਇਕਾਈ (ਖ਼ਾਸ ਤੌਰ ‘ਤੇ ਮਰਦ) ਵੱਲੋਂ ਸੁਣੀ ਤੇ ਸਲਾਹੀ ਜਾਣ ਵਾਲ਼ੀ ਸ਼ਖ਼ਸੀਅਤ ਹੈ। ਉਸਦੇ ਗੀਤ ਜਿੱਥੇ ਲੋਕ-ਮਨਾਂ ਦੀ ਤਰਜ਼ਮਾਨੀ ਕਰਦੇ ਹਨ ਨਾਲ਼ ਹੀ ਪੰਜਾਬੀ ਸੱਭਿਆਚਾਰ ਤੇ ਲੋਕਧਾਰਾ ਦੀ ਜੀਵੰਤ ਪੇਸ਼ਕਾਰੀ ਵੀ ਕਰਦੇ ਹਨ। ਉਸਦੇ ਗੀਤ ਅਜਿਹਾ ਸ਼ੀਸ਼ਾ ਹਨ ਜਿਨ੍ਹਾਂ ਵਿੱਚੋਂ ਪੰਜਾਬੀ ਸੱਭਿਆਚਾਰ ਤੇ ਲੋਕਧਾਰਾ ਦਾ ਮੁਹਾਂਦਰਾ ਸਾਫ਼ ਤੇ ਸਪੱਸ਼ਟ ਦੇਖਿਆ ਜਾ ਸਕਦਾ ਹੈ। ਚਮਕੀਲੇ ਨੇ ਪੰਜਾਬੀਆਂ ਦੇ ਰਹਿਣ-ਸਹਿਣ, ਖਾਣ-ਪੀਣ, ਚੱਜ-ਆਚਾਰ, ਵਰਤ-ਵਿਹਾਰ, ਲੋਕ-ਮੁਹਾਵਰੇ, ਲੋਕ-ਬਾਤਾਂ, ਲੋਕ-ਸਿਆਣਪਾਂ, ਲੋਕ-ਚਰਿੱਤਰਾਂ, ਰਿਸ਼ਤਾ-ਨਾਤਾ ਪ੍ਰਬੰਧ ਆਦਿ ਸਭ ਕਾਸੇ ਨੂੰ ਆਪਣੇ ਕਲੇਵਰ ਵਿੱਚ ਲੈ ਕੇ ਗੀਤ ਲਿਖੇ ਤੇ ਗਾਏ। ਉਸਨੇ ਆਪਣੀ ਠੇਠ ਬੋਲੀ ਵਰਤ ਕੇ ਪੰਜਾਬੀ ਲੋਕ-ਰੰਗਤ ਨੂੰ ਆਪਣੇ ਗੀਤਾਂ ਰਾਹੀਂ ਹੋਰ ਸ਼ਿੰਗਾਰਿਆ। ਰਿਸ਼ਤਾ-ਨਾਤਾ ਪ੍ਰਬੰਧ ਨਾਲ਼ ਸਬੰਧਤ ਸੱਭਿਆਚਾਰ$ਲੋਕਧਾਰਾ ਦਾ ਸ਼ਾਇਦ ਹੀ ਕੋਈ ਪੱਖ ਰਹਿ ਗਿਆ ਹੋਵੇ ਜਿਸਨੂੰ ਚਮਕੀਲੇ ਨੇ ਨਾ ਛੂਹਿਆ ਹੋਵੇ।
ਦੋਗਾਣਾ ਗਾਇਕੀ ਦੀ ਵਿਸ਼ੇਸ਼ਤਾ ਤਹਿਤ ਜਦੋਂ ਉਹ ਰਿਸ਼ਤਿਆਂ ਦੀ ਗੱਲ ਕਰਦਾ ਹੋਇਆ ਰਿਸ਼ਤਿਆਂ ਦੀ ਜੜੁੱਤ ਨੂੰ ਪੇਸ਼ ਕਰ ਕੇ ਨਿੱਗਰ ਸੰਵਾਦ ਰਚਾਉਂਦਾ ਹੈ। ਉਹ ਜੀਜਾ-ਸਾਲ਼ੀ, ਦਿਉਰ-ਭਰਜਾਈ, ਜੇਠ-ਭਰਜਾਈ, ਪਤੀ-ਪਤਨੀ, ਆਸ਼ਕ-ਮਸ਼ੂਕ ਆਦਿ ਦੇ ਰਿਸ਼ਤਿਆਂ ਵਿੱਚ ਲੁਕੀ ਹੋਈ ਅਵਚੇਤ ਮਾਨਸਿਕਤਾ ਨੂੰ ਸੁਚੇਤ ਰੂਪ ਵਿੱਚ ਫੜਨ ਦਾ ਆਹਰ ਕਰਦਾ ਹੈ। ਜਿਵੇਂ ਕਿ ਜੀਜਾ ਹਮੇਸ਼ਾ ਹੀ ਇਸ ਲੋਕ-ਬਿਆਨ ‘ਸਾਲ਼ੀ ਅੱਧੇ ਘਰ ਵਾਲ਼ੀ’ ਦਾ ਓਹਲਾ ਲੈ ਕੇ ਇਸ ਨੂੰ ਆਪਣੀ ਸੁਵਿਧਾ ਅਨੁਸਾਰ ‘ਸਾਲ਼ੀ ਅੱਧੀ ਘਰਵਾਲ਼ੀ’ ਦੇ ਰੂਪ ਵਿੱਚ ਢਾਲ਼ ਕੇ ਆਪਣੀ ਕਾਮੁਕ ਤ੍ਰਿਪਤੀ ਨੂੰ ਪੂਰਨਾ ਲੋਚਦਾ ਹੈ। ਚਮਕੀਲੇ ਨੇ ਜੀਜੇ ਦੇ ਕਿਰਦਾਰ ਦੇ ਅਵਚੇਤ-ਸੁਚੇਤ ਵਿੱਚ ਪਈ ਇਸ ਅਤ੍ਰਿਪਤ ਇੱਛਾ ਨੂੰ ਘੋਖ-ਪੜਤਾਲ ਕੇ ਫੇਰ ਆਪਣੇ ਸ਼ਬਦਾਂ ਦੀ ਜਾਦੂਗਰੀ ਰਾਹੀਂ ਇਸ ਨੂੰ ਗੀਤਾਂ ਵਿੱਚ ਪਰੋਣ ਦੀ ਕੋਸ਼ਿਸ਼ ਕੀਤੀ ਹੈ। ਉਹ ਜੀਜੇ ਦੀ ਇਸ ਕਾਮੁਕ ਭੁੱਖ ਨੂੰ ਪੇਸ਼ ਕਰਦਾ ਹੋਇਆ ਸਾਲ਼ੀ ਦੇ ਮੂੰਹੋਂ ਕਹਾਉਂਦਾ ਹੈ, ‘ਘਰ ਸਾਲ਼ੀ ਦੇ ਤਿੜਦਾ ਜੀਜਾ, ਠਰਕ ਭੋਰਦਾ ਫਿਰਦਾ ਜੀਜਾ… ਚਸਕਾ ਪੈ ਗਿਆ ਸਾਲ਼ੀ ਦਾ ਜੀਜਾ ਵੇ ਤੈਨੂੰ’ ਤੇ ਜੀਜਾ, ਜਿਹੜਾ ਕੇ ਹਰ ਹੀਲੇ ਸਾਲ਼ੀ ਨੂੰ ਪ੍ਰਾਪਤ ਕਰਨਾ ਲੋਚਦਾ ਹੈ, ਕਹਿੰਦਾ ਹੈ, ‘ਸਾਢੂ ਤੋਂ ਅੱਖ ਬਚਾ ਕੇ ਨੀ ਗਲ਼ ਲੱਗ ਜਾ ਸਾਲ਼ੀਏ’। ਹੁਣ ਜੀਜੇ ਵੱਲੋਂ ਆਪਣੀ ਸਾਲ਼ੀ ਸਾਹਵੇਂ ਆਪਣੀ ਘਰਵਾਲ਼ੀ ਬਾਰੇ ਇਹ ਕਹਿਣਾ ਕਿ ‘ਭੈਣ ਸਾਲ਼ੀਏ ਤੇਰੀ ਨੀ ਹੁਣ ਕੰਡਮ ਹੋਗੀ’ ਜੀਜੇ ਵੱਲੋਂ ਸਾਲ਼ੀ ਨੂੰ ਪ੍ਰਾਪਤ ਕਰਨ ਦਾ ਗੁੱਝਾ ਨਿਮੰਤਰਣ ਹੀ ਹੈ। ਜੇਕਰ ਜੀਜਾ ਇਸ ਰਿਸ਼ਤੇ ਦੀਆਂ ਖੱੁਲ੍ਹਾਂ ਮਾਣਨ ਦੀ ਹਿੰਮਤ ਕਰਦਾ ਹੈ ਤਾਂ ਚਮਕੀਲਾ ‘ਕੱਲਾ ਠੀਕਰਾ ਜੀਜੇ ਸਿਰ ਨਹੀਂ ਭੰਨਦਾ ਸਗੋਂ ਲੋਕ-ਮੁਹਾਵਰੇ ਅਨੁਸਾਰ ‘ਤਾੜੀ ਇੱਕ ਹੱਥ ਨਾਲ਼ ਨਹੀਂ ਵੱਜਦੀ’ ਦੇ ਆਧਾਰ ‘ਤੇ ਸਾਲ਼ੀ ਦੀ ਇਸ ਅਤ੍ਰਿਪਤ ਖਾਹਿਸ਼ ਪਿੱਛੇ ਲੁਕੀ ਅਦ੍ਰਿਸ਼ ਖਿੱਚ ਨੂੰ ਵੀ ਭਲੀਭਾਂਤ ਸਮਝਦਾ ਹੈ। ਇਸੇ ਲਈ ‘ਜੀਜਾ-ਸਾਲ਼ੀ’ ਦੇ ਰਿਸ਼ਤੇ ਵਿੱਚ ਸਾਲ਼ੀ ਦੀ ਮਾਨਸਿਕਤਾ ਨੂੰ ਘੋਖ ਕੇ ਜਦ ਉਹ ਸਾਲ਼ੀ ਦੇ ਮੂੰਹੋਂ ਇਹ ਅਖਵਾਉਂਦਾ ਹੈ ਕਿ ‘ਗੜਵੇ ਵਰਗੀ ਰੰਨ ਵੇ ਜੀਜਾ ਲੱਕ ਮਿਣਲੈ’ ਤਾਂ ਉਹ ‘ਵਿਰੋਧੀ ਲੰਿਗ ਆਕਰਸ਼ਨ’ ਦੀ ਥਿਊਰੀ ਪ੍ਰਤੀ ਆਪਣੀ ਸਹਿਮਤੀ ਪ੍ਰਗਟ ਕਰਦਾ ਜਾਪਦਾ ਹੈ।
ਇਸੇ ਤਰ੍ਹਾਂ ਪੰਜਾਬੀ ਸੱਭਿਆਚਾਰ ਦੇ ਰਿਸ਼ਤਾ-ਨਾਤਾ ਪ੍ਰਬੰਧ ਵਿੱਚ ਜੋ ਖੁੱਲ੍ਹਾਂ ਦਿਉਰ ਨੂੰ ਦਿੱਤੀਆਂ ਗਈਆਂ ਹਨ ਉਹ ਜੇਠ ਨੂੰ ਨਹੀਂ ਮਿਲਦੀਆਂ ਹਾਲਾਂਕਿ ਇਹ ਦੋਹੇਂ ਜਾਣੇ ਹੁੰਦੇ ਕੰਤ ਦੇ ਭਰਾ ਹੀ ਹਨ। ਇਸ ਇਕਪਾਸੜ ਸੋਚ ਦਾ ਪ੍ਰਗਟਾਵਾ ਪੰਜਾਬੀ ਲੋਕ-ਗੀਤਾਂ ਵਿੱਚੋਂ ਸਪੱਸ਼ਟ ਝਲਕਦਾ ਹੈ : ‘ਛੜੇ ਜੇਠ ਨੂੰ ਲੱਸੀ ਨ੍ਹੀ ਦੇਣੀ, ਦਿਉਰ ਭਾਵੇਂ ਮੱਝ ਚੁੰਘ ਜੇ’
ਕਿਸੇ ਨਾਰ ਲਈ ਕੰਤ ਤੋਂ ਬਾਅਦ ਜੇ ਕੋਈ ਲਾਡਲਾ ਹੈ ਤਾਂ ਉਹ ਦਿਓਰ ਹੈ। ਪੰਜਾਬੀ ਸੱਭਿਆਚਾਰ ਵਿੱਚ ਵਿਆਹ ਵੇਲ਼ੇ ਲਾੜੇ ਦਾ ਸਰਬਾਲਾ ਉਸ ਦਾ ਛੋਟਾ ਭਰਾ (ਭਾਵ ਲਾੜੀ ਦਾ ਦਿਓਰ) ਹੀ ਬਣਦਾ ਰਿਹਾ ਹੈ। ਇਸ ਤੋਂ ਅਰਥ ਹਨ ਜੇ ਕਿਸੇ ਅਨਹੋਣੀ ਕਰਕੇ ‘ਮੰਗ’ ਲਾੜੇ ਨੂੰ ਨਾ ਵਿਆਹੀ ਜਾ ਸਕੇ ਤਾਂ ਉਸ ਨੂੰ ਸਰਬਾਲੇ (ਭਾਵ ਲਾੜੀ ਦੇ ਦਿਓਰ) ਨਾਲ਼ ਤੋਰ ਦਿੱਤਾ ਜਾਂਦਾ ਸੀ। ਫਿਰੋਜ਼ਪੁਰ ਜਿਲੇ ਵਿੱਚ ਜੇ ਮੁਕਲਾਵਾ ਲੈ ਆਉਣ ਤੋਂ ਪਹਿਲਾਂ ਪਤੀ ਦੀ ਮੌਤ ਹੋ ਜਾਂਦੀ ਸੀ ਤਾਂ ਪਤੀ ਦਾ ਛੋਟਾ ਭਰਾ ਹੀ ਮੁਕਲਾਵਾ ਲੈ ਕੇ ਆਉਂਦਾ ਸੀ, ਫਿਰ ਉਹੀ ਉਸ ਲਾੜੀ ਦਾ ਕਾਨੂੰਨੀ ਪਤੀ ਮੰਨਿਆ ਜਾਂਦਾ ਸੀ। ਪੰਜਾਬੀ ਸੱਭਿਆਚਾਰ ਦੇ ਸੰਦਰਭ ਵਿੱਚ ਚਮਕੀਲੇ ਨੇ ਦਿਓਰ-ਭਰਜਾਈ ਤੇ ਜੇਠ-ਭਰਜਾਈ ਦੇ ਰਿਸ਼ਤੇ ਵਿਚਲੀ ਕੈਮਿਸਟਰੀ ਨੂੰ ਸਮਝ ਕੇ ਆਪਣੇ ਗੀਤਾਂ ਵਿੱਚ ਚਿਤਰਿਆ ਹੈ। ਜੇ ਦਿਓਰ, ਭਰਜਾਈ ਨੂੰ ਇਹ ਕਹਿੰਦਾ ਹੈ ਕਿ ‘ਬਾਹਾਂ ਵਿੱਚ ਭਾਬੀ ਸੌਂਅ ਜਾ ਨੀ, ਝੱਲੂਗਾ ਦਿਓਰ ਪੱਖੀਆਂ’ ਤਾਂ ਇਸ ਖਾਤਰਦਾਰੀ ਪਿੱਛੇ ਦਿਓਰ ਦੀਆਂ ਅਨੇਕ ਚਾਹਤਾਂ ਵੀ ਲੁਕੀਆਂ ਹੋਈਆਂ ਹਨ। ਇਨ੍ਹਾਂ ਅਨੇਕ ਚਾਹਤਾਂ ਵਿੱਚ ਇੱਕ ਚਾਹਤ ਭਾਬੀ ਦੀ ਭੈਣ ਨਾਲ਼ ਵਿਆਹ ਕਰਵਾਉਣ ਦੀ ਵੀ ਹੁੰਦੀ ਹੈ। ਦਿਓਰ, ਭਾਬੀ ਦਾ ਮਿੰਣਤ-ਤਰਲਾ ਕਰਦਾ ਕਹਿੰਦਾ ਹੈ ਕਿ ‘ਭਾਬੀਏ ਭੈਣ ਤੇਰੀ ਨਾਲ਼, ਦਿਓਰ ਤੇਰਾ ਕਦ ਖੇਡੂ ਕੰਗਣਾ ਨੀ’ ਤਾਂ ਭਾਬੀ ਨੂੰ ਵੀ ਪਤਾ ਹੈ ਕਿ ਜਦੋਂ ਲਾਡਲਾ ਦਿਓਰ ਵਿਆਹਿਆ ਗਿਆ ਤਾਂ ਉਸਦੀ ਆਪਣੀ ਸਰਦਾਰੀ ਖੁੱਸ ਜਾਣੀ ਹੈ। ਜਿਹੜਾ ਦਿਓਰ ਅੱਜ ‘ਬੁੱਚੀਆਂ ਭਰਨ’ ਦੀ ਗੱਲ ਕਰਦਾ ਹੈ ਵਿਆਹ ਪਿੱਛੋਂ ਇਸ ਨੇ ਸਾਰੇ ‘ਮਲਾਹਜੇ ਤੋੜ’ ਜਾਣੇ ਹਨ। ਉਹ ਦਿਓਰ ਨੂੰ ਟਾਲ਼ਦੀ ਰਹਿੰਦੀ ਹੈ, ਕਦੇ ਇੰਝ ਕਹਿੰਦੀ ਹੈ ਕਿ ‘ਤੇਰੀ ਆਈ ਨਾ ਵਿਆਹ ਦੀ ਅਜੇ ਵਾਰੀ, ਵੇ ਦਿਓਰਾ ਵੇ ਤਬੀਤਾਂ ਵਾਲ਼ਿਆ’ ਤੇ ਕਦੇ ਉਲਾਂਭਾ ਦਿੰਦੀ ਇਹ ਵੀ ਆਖ ਦਿੰਦੀ ਹੈ, ‘ਹੁਣ ਤੂੰ ਭੈਣ ਮੇਰੀ ‘ਤੇ ਰੱਖੀਂ ਫਿਰਦੈਂ ਅੱਖ ਦਿਓਰਾ ਵੇ’ ਪਰ ਸੱਚਾਈ ਦਾ ਉਸਨੂੰ ਵੀ ਪਤਾ ਹੈ ਕਿ ਅੱਜ ਨਹੀਂ ਤਾਂ ਕੱਲ੍ਹ ਦਿਓਰ ਦਾ ਵਿਆਹ ਹੋ ਹੀ ਜਾਣਾ ਹੈ। ਭਾਬੀ ਨੂੰ ਕੁਆਰੇ ਦਿਓਰ ਦਾ ਵੱਡਾ ਆਸਰਾ ਹੁੰਦਾ ਹੈ ਖ਼ਾਸ ਤੌਰ ‘ਤੇ ਜਦੋਂ ਕੰਤ ਕਿਤੇ ਦੂਰ ਗਿਆ ਹੋਵੇ ਤਾਂ ਭਰਜਾਈ ਲਈ ਇੱਕੋ ਧਰਵਾਸਾ ਬਚਦਾ ਹੈ ਜਿਸ ਨਾਲ਼ ਉਹ ਆਪਣਾ ਜੀਅ ਫਰੋਲ਼ ਸਕਦੀ ਹੈ, ‘ਕੰਤ ਮੇਰਾ ਦੂਰ ਗਿਆ, ਦਿਓਰਾ ਚੰਨ ਦੀ ਚਾਨਣੀ ਰਾਤ’। ਘਰਵਾਲ਼ਾ ਵੀ ਦਿਓਰ-ਭਰਜਾਈ ਦੇ ਰਿਸ਼ਤੇ ਦੀ ਇਸ ਨਜ਼ਾਕਤ ਨੂੰ ਖ਼ੂਬ ਸਮਝਦਾ ਹੈ। ਇਸੇ ਲਈ ਗਾਹੇ-ਬਗਾਹੇ ਉਹ ਆਪਣੀ ਘਰਵਾਲ਼ੀ ਨੂੰ ਸੁਚੇਤ ਕਰਦਾ ਹੋਇਆ ਚਿਤਾਵਨੀ ਦਿੰਦਾ ਰਹਿੰਦਾ ਹੈ, ‘ਤੇਰਾ ਦਿਓਰ ਸਿਰੇ ਦਾ ਵੈਲੀ, ਰੰਨ ਚੁਟਕੀ ਨਾਲ ਟਿਕਾਵੇ’ ਭਾਵ ਉਹ ਆਪਣੇ ਰਿਸ਼ਤੇ ਦੇ ‘ਰੰਗ ਵਿੱਚ ਭੰਗਣਾ’ ਨਹੀਂ ਪੈਣ ਦੇਣਾ ਚਾਹੁੰਦਾ।
ਦੂਜੇ ਪਾਸੇ ਭਰਜਾਈ ਲਈ ਜੇਠ ਵੱਡੀ ਥਾਂ ਲੱਗਦਾ ਹੈ। ਜਦੋਂ ਘਰ ਦਾ ਲਾਣੇਦਾਰ ਬਜ਼ੁਰਗ ਚਲਾਣਾ ਕਰ ਜਾਂਦਾ ਹੈ ਤਾਂ ਲਾਣੇਦਾਰੀ ਜੇਠ ਹੱਥ ਆ ਜਾਣ ਕਾਰਨ ਉਹ ਸਹੁਰੇ ਦੀ ਥਾਂ ਵੀ ਲੈ ਲੈਂਦਾ ਹੈ। ਭਰਜਾਈ ਜੇਠ ਕੋਲ਼ੋਂ ਪਰਦਾ ਕਰਦੀ ਹੈ। ਜੇਠ ਲਈ ਇਹ ਗੱਲ ਸਹਿਣਯੋਗ ਨਹੀਂ ਹੁੰਦੀ ਪਰ ਲੋਕ-ਲੱਜ ਪਾਲ਼ਦਾ ਜੇਠ ਕੌੜਾ ਘੁੱਟ ਭਰਦਾ ਰਹਿੰਦਾ ਹੈ। ਜੇਠ ਦਾ ਸਤਿਕਾਰ ਬਣਿਆ ਰਹੇ ਇਸ ਲਈ ਜੇ ਕਦੇ ਪਰਦਾਦਾਰੀ ਵਿੱਚ ਕੋਤਾਹੀ ਹੋ ਜਾਂਦੀ ਹੈ ਤਾਂ ਭਰਜਾਈ ਕਹਿੰਦੀ ਹੈ, ‘ਭੁੱਲ ਗਈ ਮੈਂ ਘੁੰਡ ਕੱਢਣਾ, ਜੇਠਾ ਵੇ ਮਾਫ਼ ਕਰੀਂ’ ਪਰ ਜੇਠ ਵਿਚਾਰੇ ਲਈ ਤਾਂ ਭਰਜਾਈ ਦਾ ਐਨਾ ਕੁ ਝਾਕਾ ਹੀ ਸੰਤੁਸ਼ਟੀ ਭਰਿਆ ਹੈ। ਤਾਹੀਓ ਤਾਂ ਉਹ ਕਹਿੰਦਾ ਹੈ ‘ਅਧੀਏ ਦਾ ਨਸ਼ਾ ਚੜ੍ਹ ਗਿਆ ਦਰਸ਼ਨ ਤੇਰੇ ਕਰ ਕੇ ਨੀ’। ਪੰਜਾਬੀ ਸੱਭਿਆਚਾਰ ਵਿੱਚ ਜੇਠ ਦੀ ਸਥਿਤੀ ਬੜੀ ਕਸੂਤੀ ਜਿਹੀ ਹੈ, ਜੇ ਕਿਤੇ ਉਹ ਛੜਾ ਰਹਿ ਜਾਵੇ ਤਾਂ ਉਸ ਵਿਚਾਰੇ ਦੀ ਦੁਰਗਤੀ ਬਹੁਤੀ ਹੁੰਦੀ ਹੈ ਕਿਉਂਕਿ ਪੰਜਾਬੀ ਸਮਾਜ ਵਿੱਚ ਵਿਆਹ ਪੱਖੋਂ ਊਣੇ ਰਹਿ ਗਏ ਬੰਦੇ ਨੂੰ ਇੱਜ਼ਤ ਭਰੀਆਂ ਨਜ਼ਰਾਂ ਨਾਲ਼ ਨਹੀਂ ਵੇਖਿਆ ਜਾਂਦਾ। ਨਾਲ਼ ਹੀ ਉਸ ਨੂੰ ਕਬੀਲਦਾਰੀ ਦੀ ਸੂਝ ਤੋਂ ਸੱਖਣਾ ਸਮਝ ਕੇ ਹਰ ਵਾਰ ਦੂਜੈਲੀ ਥਾਂ ‘ਤੇ ਰੱਖਿਆ ਜਾਂਦਾ ਹੈ। ਛੜੇ ਜੇਠ ਦਾ ਆਪਣਾ ਕੋਈ ਟੱਬਰ-ਟੀਰ ਤਾਂ ਹੁੰਦਾ ਨਹੀਂ ਇਸ ਕਰਕੇ ਉਸਨੂੰ ਆਪਣੇ ਵਿਆਹੇ ਹੋਏ ਛੋਟੇ ਭਾਈ ਦੇ ਟੱਬਰ ਵਿੱਚ ਹੀ ਵਸਣਾ ਪੈਂਦਾ ਹੈ। ਘਰ ਦੀ ਮਾਲਕਣ$ਛੋਟੇ ਭਾਈ ਦੀ ਘਰਵਾਲ਼ੀ ਨੂੰ ਉਹ ਹਮੇਸ਼ਾ ਘਰ ਦਾ ਵਾਧੂ ਜੀਅ ਹੀ ਲਗਦਾ ਹੈ। ਕਦੇ-ਕਦਾਈਂ ਜਦੋਂ ਛੜਾ ਜੇਠ, ਭਰਜਾਈ ਕੋਲ਼ੋਂ ਦਿਓਰਾਂ ਵਾਲ਼ੀ ਖੁੱਲ੍ਹ ਹਾਸਿਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਭਰਜਾਈ ਨਿਰਦਈ ਹੋ ਕੇ ਇਸ ‘ਕਰਤੂਤ’ ਦੀ ਸ਼ਿਕਾਇਤ ਆਪਣੇ ਘਰਵਾਲ਼ੇ ਕੋਲ਼ ਕਰ ਦਿੰਦੀ ਹੈ ਜਿਵੇਂ ‘ਉਹ ਤਕਦਾ ਰਿਹਾ ਤੇ ਮੈਂ ਸਿਖਰ ਦੁਪਿਹਰੇ ਨਾਉਂਦੀ ਸੀ’। ਘਰਵਾਲਾ ਆਪਣੇ ਵੱਡੇ ਭਾਈ ਨੂੰ ਤਾਂ ਕੁਝ ਕਹਿ ਨਹੀਂ ਸਕਦਾ ਸੋ ਉਸ ਦਾ ਸਾਰਾ ਨਜ਼ਲਾ ਘਰਵਾਲ਼ੀ ‘ਤੇ ਝੜਦਾ ਹੈ। ਉਹ ਘਰਵਾਲ਼ੀ ਨੂੰ ਝਾੜਦਾ ਹੋਇਆ ਕਹਿੰਦਾ ਹੈ, ‘ਜੇ ਤੂੰ ਅਸਲੇ ਦੀ ਹੁੰਦੀ ਨੀ, ਫੜ ਲੈਂਦੀ ਗੰਡਾਸੀ ਖੂੰਢੀ ਨੀ, ਤੇਰੇ ਮਾਰਾਂ ਬੁੱਥੇ ‘ਤੇ ਚਾਂਟੇ ਕਿਉਂ ਅੱਗ ਲਾ ਬੈਠੀ…’। ਘਰਵਾਲ਼ਾ ਕਈ ਵਾਰੀ ਆਰਥਿਕਤਾ ਹੱਥੋਂ ਵੀ ਮਜਬੂਰ ਹੁੰਦਾ ਹੈ, ਉਸਨੂੰ ਕਈ ਵਾਰ ਇੰਝ ਵੀ ਆਖਣਾ ਪੈ ਜਾਂਦਾ ਹੈ, ‘ਖੁਸ਼ ਰੱਖਿਆ ਕਰ ਨੀ ਤੂੰ ਨਿਆਣਿਆਂ ਦੇ ਤਾਏ ਨੂੰ’ ਪਰ ਘਰਵਾਲ਼ੀ ‘ਪਤਨੀ ਧਰਮ’ ਪਾਲ਼ਦੀ ਹੋਈ ਜੇਠ ਨੂੰ ਬਹੁਤੇ ਅਧਿਕਾਰ ਦੇਣ ਤੋਂ ਇਨਕਾਰੀ ਵੀ ਹੋ ਜਾਂਦੀ ਹੈ, ‘ਚੋਪੜੀਆਂ ਨਾਲ਼ੇ ਦੋ ਦੋ ਦੇਵਾਂ, ਗੱਲਾਂ ਕਰੇ ਅਨੋਖੜੀਆਂ, ਵੇ ਹੁਣ ਜੇਠ ਵੈਰੀਆ, ਨਿੱਤ ਭਾਲ਼ਦੈ ਚੋਪੜੀਆਂ’ ਭਾਵ ਉਹ ਪਤੀ ਆਖੇ ਲੱਗ ਕੇ ਛੜੇ ਜੇਠ ਨੂੰ ‘ਰੁੱਖੀ-ਸੁੱਖੀ’ ਤਾਂ ਪੁੱਛ ਸਕਦੀ ਹੈ ਪਰ ਨਿੱਤ ‘ਚੋਪੜੀਆਂ’ ਅਤੇ ਉਹ ਵੀ ‘ਦੋ ਦੋ’ ਦੇਣਾ, ਇਹ ਕੰਮ ਉਸਨੂੰ ਨਹੀਂ ਪੁੱਗਦਾ।
ਜੇ ਜੇਠ ਵਿਆਹਿਆ ਹੋਵੇ ਤਾਂ ਉਸ ਘਰ ਵਿੱਚ ਪੈਦਾ ਹੋਣ ਵਾਲ਼ੀਆਂ ਸਮੱਸਿਆਵਾਂ ਦਾ ਰੂਪ ਵੀ ਵੱਖਰਾ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਜੇਠ-ਭਰਜਾਈ ਦਾ ਰਿਸ਼ਤਾ ਕਿੰਝ ਵਿਚਰਦਾ ਹੈ, ਚਮਕੀਲੇ ਨੇ ਇਸ ਦਾ ਬਿਆਨ ਵੀ ਬਾਖ਼ੂਬੀ ਕੀਤਾ ਹੈ। ਜਿਵੇਂ ਜਠਾਣੀ ਦੇ ਨਿਆਣਾ-ਨਿੱਕਾ ਉਦੋਂ ਪੈਦਾ ਹੋਵੇ ਜਦੋਂ ਕਿ ਜੇਠ-ਜਠਾਣੀ ਵੀ ਆਸ ਛੱਡ ਬੈਠੇ ਹੋਣ ਤਾਂ ਉਸ ਵੇਲ਼ੇ ਦਰਾਣੀ$ਭਰਜਾਈ ਦਾ ਪ੍ਰਤੀਕਰਮ ਵਰਨਣਯੋਗ ਹੈ। ਜੇਠ ਘਰ ਕਰੁੱਤੇ ਪੈਦਾ ਹੋਇਆ ਬਾਲ ਭਰਜਾਈ ਲਈ ਸਹਿਣਯੋਗ ਨਹੀਂ ਹੁੰਦਾ ਕਿਉਂਕਿ ਇਹ ਨਿਆਣਾ-ਨਿੱਕਾ ਉਸਨੂੰ ਆਪਣੇ ਬੱਚਿਆਂ ਦੇ ਹੱਕਾਂ ਵਿੱਚ ਵਾਢਾ ਧਰਨ ਵਾਲ਼ਾ ਸ਼ਰੀਕ ਹੀ ਨਜ਼ਰੀਂ ਪੈਂਦਾ ਹੈ। ਉਹ ਲੋਕ-ਲੱਜ ਦੀ ਬੰਨ੍ਹੀ ਅਣਮੰਨੇ ਮਨ ਨਾਲ਼ ਜੇਠ ਨੂੰ ਨਿਆਣਾ-ਨਿੱਕਾ ਹੋਣ ਦੀ ਮੁਬਾਰਕਵਾਦ ਤਾਂ ਦਿੰਦੀ ਹੈ ਪਰ ਮਨ ਵਿਚਲੀ ਕੁੜਤਣ, ਵਿਅੰਗ ਬਣ ਕੇ ਉਸ ਦੇ ਬੋਲਾਂ ‘ਚ ਸਮਾ ਜਾਂਦੀ ਹੈ ਜਦੋਂ ਉਹ ਕਹਿੰਦੀ ਹੈ, ‘ਵਧਾਈਆਂ ਜੇਠਾ ਤੈਨੂੰ, ਤੈਂ ਮਸਾਂ ਡੂਮਣਾ ਚੋਇਆ’ ਇੰਨਾ ਆਖਣ ਨਾਲ਼ ਵੀ ਉਸ ਦਾ ਮਨ ਨਹੀਂ ਭਰਦਾ ਤੇ ਉਹ ਆਪਣੀ ਜਠਾਣੀ ਦੇ ਚਰਿੱਤਰ ‘ਤੇ ਉਗਲ਼ ਧਰਦੀ ਆਖ ਦਿੰਦੀ ਹੈ, ‘ਬੜਾ ਜਠਾਣੀ ਮੇਰੀ ਨੇ ਸਾਧਾਂ ਦਾ ‘ਨੇਰਾ ਢੋਇਆ, ਵਧਾਈਆਂ ਜੇਠਾ ਤੈਨੂੰ ਵੇ ਤੈਂ ਮਸਾਂ ਡੂਮਣਾ ਚੋਇਆ’। ਦੂਜੇ ਪਾਸੇ ਜੇਠ ਨੂੰ ‘ਬਾਰੀਂ ਬਰਸੀਂ ਰੂੜੀ’ ਦੀ ਸੁਣੀ ਜਾਣਾ ਹੀ ਬਹੁਤ ਵੱਡੀ ਪ੍ਰਾਪਤੀ ਜਾਪਦਾ ਹੈ। ਉਹਨੂੰ ਆਪਣੀ ‘ਨਿਉਂ-ਜੜ੍ਹ’ ਲੱਗੀ ਪ੍ਰਤੀਤ ਹੋਣ ਲਗਦੀ ਹੈ ਤੇ ਜੱਗ ‘ਤੇ ਆਪਣਾ ਸੀਰ ਪਿਆ ਜਾਪਣ ਲੱਗਦਾ ਹੈ ਤਾਂ ਉਹ ਵੀ ਮੋੜਵਾ ਜਵਾਬ ਦਿੰਦਾ ਆਖਦਾ ਹੈ, ‘ਵਿੱਚ ਹੌਂਸਲੇ ਹਰਾ ਹੋ ਗਿਆ ਨੀ, ਬੁੱਢਾ ਖੁੰਢ ਪੁਰਾਣਾ’। ਹੁਣ ਉਸ ਵਿੱਚ ਇਹ ਕਹਿਣ ਦਾ ਹੌਸਲਾ ਵੀ ਆ ਜਾਂਦਾ ਹੈ ਕਿ ‘ਅਸੀਂ ਜੋਕਰ ਚਾਹੇ ਗਿਠਮੁਠੀਏ, ਚੁੱਪ ਕਰਜਾ ਰੌਣ ਦੀਏ ਭੈਣੇ ਨੀ, ਤੇਰੀ ਪੁੜੀਪੁੜੀ ਵਿੱਚ ਕਿੱਲ ਠੋਕ ਦਿੱਤਾ ਕੱਚੇ ਮੁਰਦੇ ਖਾਣੀਏ ਡੈਣੇ ਨੀ, ਤੂੰ ਸਾਂਭਲੈ ਆਪਣੇ ਚੌਣੇ ਨੂੰ, ਸਾਡਾ ਪੁੱਤ ਚਮਕੀਲਾ ਸਿਆਣਾ’। ਕਈ ਵਾਰ ਜੇਠ-ਭਰਜਾਈ ਵਿੱਚ ਸਨੇਹ ਵੀ ਦੇਖਣ ਨੂੰ ਮਿਲਦਾ ਹੈ ਪਰ ਇਹ ਵਿਕਲੋਤਰਾ ਹੈ। ਜਿਵੇਂ ਚਮਕੀਲੇ ਨੇ ਆਪਣੇ ਇੱਕ ਗੀਤ ਵਿੱਚ ਅਜਿਹੀ ਸਥਿਤੀ ਨੂੰ ਪੇਸ਼ ਕੀਤਾ ਹੈ। ਇਹ ਇਸ ਕਰਕੇ ਵਾਪਰਦਾ ਹੈ ਕਿ ਭਰਜਾਈ ਦਾ ਕੰਤ ਅਜੇ ਨਿਆਣਾ ਹੈ ਤੇ ਉਸਨੂੰ ਤੀਵੀਂ-ਮਰਦ ਦੇ ਰਿਸ਼ਤਿਆਂ ਦੀ ਸੋਝ੍ਹੀ ਨਹੀਂ। ਇਸ ਸਥਿਤੀ ਦਾ ਬਿਆਨ ਇੰਝ ਹੈ, ‘ਵੇ ਜੇਠਾ ਇੱਕ ਗੱਲ ਸੁਣਾਵਾਂ… ਵੇ ਕੰਤ ਨਿਆਣੇ ਨੇ ਮੈਂ ਰੀਠੇ ਖੇਡਣ ਲਾਲੀ’। ਅਜਿਹੀ ਸਥਿਤੀ ਵਿੱਚ ਜੇਠ, ਭਰਜਾਈ ਦੇ ਹੱਕ ਦੀ ਧਿਰ ਬਣਦਾ ਉਸਨੂੰ ਧਰਵਾਸਾ ਦਿੰਦਾ ਆਖਦਾ ਹੈ, ‘…ਛੋਟਾ ਵੀਰ ਤਾਂ ਚੰਗਾ ਭਾਬੀਏ, ਪੱਟ ਦਾ ਜਾਂਘੀਆ ਪਾਉਂਦਾ ਨੀ ਗੱਭਰੂ ਹੋ ਲੈਣ ਦੇ…’ ਸੋ ਅਜਿਹੀ ਸਥਿਤੀ ਵਿੱਚ ਜੇਠ ਵੱਡੇ ਹੋਣ ਦਾ ਫਰਜ਼ ਨਿਭਾਉਂਦਾ ਹੋਇਆ ਆਪਣੀ ਭਰਜਾਈ ਨੂੰ ਧੀਰਜ ਨਾਲ਼ ਵੇਲ਼ਾ ਟਪਾਉਣ ਦੀ ਤਾਕੀਦ ਕਰਦਾ ਹੈ।
ਇੰਝ ਅਮਰ ਸਿੰਘ ਚਮਕੀਲੇ ਨੇ ਪੰਜਾਬੀ ਰਿਸ਼ਤਿਆਂ ਵਿਚਲੀ ਮਾਨਸਿਕਤਾ ਨੂੰ ਬਹੁਤ ਹੀ ਸੁਲਝੇ ਮਨੋਵਿਿਗਆਨੀ ਵਾਂਗ ਘੋਖਿਆ, ਨਿਰਖਿਆ, ਪਰਖਿਆ ਤੇ ਫੇਰ ਆਪਣੇ ਗੀਤਾਂ ਵਿੱਚ ਪੇਸ਼ ਕੀਤਾ ਹੈ। ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਉਸਨੇ ਪੰਜਾਬੀਆਂ ਦੇ ਅਵਚੇਤ ਵਿੱਚ ਗੂੰਗੀਆਂ ਪਈਆਂ ਚਾਹਤਾਂ ਨੂੰ ਜੀਭ ਦੇ ਦਿੱਤੀ ਸੀ, ਰਿਸ਼ਤਿਆਂ ਦੀ ਰਾਖ ਥੱਲੇ ਦੱਬੀਆਂ ਪਈਆਂ ਅਨੇਕ ਚੰਗਿਆੜੇ ਰੂਪੀ ਵਰਜਿਤ ਗੱਲਾਂ ਨੂੰ ਆਪਣੇ ਗੀਤਾਂ ਦੀ ਤਰੰਗਲੀ ਨਾਲ ਫਰੋਲ਼ਿਆ, ਜਾਣ-ਬੁੱਝ ਕੇ ਅੱਖੋਂ ਓਹਲੇ ਕੀਤੀਆਂ ਗੁਪਤ ਅਤ੍ਰਿਪਤੀਆਂ ਨੂੰ ਬਿਨਾਂ ਕਿਰਕ ਕੀਤਿਆਂ ਨੰਗਾ ਕੀਤਾ ਪਰ ਫੇਰ ਵੀ ਅਸੀਂ ਸਿਰਫ਼ ਉਸ ਨੂੰ ਨਿੰਦ ਕੇ, ਉਸ ਨੂੰ ਰੱਦ ਕੇ, ਉਸ ਨੂੰ ਨਿਗੂਣਾ ਆਖ ਕੇ ਉਸਦੇ ਸੱਭਿਆਚਾਰਕ ਤੇ ਲੋਕਧਾਰਾਈ ਅਧਿਐਨ ਨੂੰ ਬਿਲਕੁਲ ਹੀ ਅੱਖੋਂ ਓਹਲੇ ਨਹੀਂ ਕਰ ਸਕਦੇ। ਮੈਨੂੰ ਇੰਝ ਜਾਪਦਾ ਹੈ ਕਿ ਉਸਦੇ ਕੀਤੇ ਕੰਮ ਦੀ ਭੰਡੀ ਕਰ ਕੇ ਉਸ ਨੂੰ ਬਿਲਕੁਲ ਹਾਸ਼ੀਏ ‘ਤੇ ਨਹੀਂ ਧੱਕਣਾ ਚਾਹੀਦਾ। ਸਾਨੂੰ ਇੱਕ ਵਾਰ ਫੇਰ ਖੁੱਲ੍ਹੇ ਤੇ ਰੌਸ਼ਨ ਦਿਮਾਗ਼ ਨਾਲ਼ ਉਸ ਨੂੰ ਸੁਣਨਾ ਚਾਹੀਦਾ ਹੈ ਤੇ ਉਸ ਦੇ ਨਿੱਠ ਕੇ ਕੀਤੇ ਖੋਜ-ਕਾਰਜ ਦਾ ਮੁੱਲ ਪਾਉਣਾ ਚਾਹੀਦਾ ਹੈ।
ਸਵਾਮੀ ਸਰਬਜੀਤ
526, ਵਿੱਦਿਆ ਨਗਰ,
ਕਰਹੇੜੀ, ਪਟਿਆਲਾ।
ਮੋH 98884-01328
+ There are no comments
Add yours