ਮਾਰਕਸਵਾਦੀ ਚਿੰਤਨ-ਸ਼੍ਰੇਣੀ ਦੀ ਪਛਾਣ
ਮਾਰਕਸਵਾਦੀ ਚਿੰਤਨ–ਸ਼੍ਰੇਣੀ–ਸੰਘਰਸ਼ ਦੀ ਪਛਾਣ
ਡਾ. ਹਰਜੀਤ ਸਿੰਘ
it is not the consciousness of men that determines their being,
but, on the contrary their social being that
determines their consciousness.
K. Marx and F. Engels
ਮਨੁੱਖੀ–ਹੋਂਦ ਦਾ ਮੂਲ ਆਧਾਰ ਉਤਪਾਦਨ ਤੇ ਪੁਨਰ–ਉਤਪਾਦਨ ਦੀ ਪ੍ਰਕਿਰਿਆ ਉੱਤੇ ਨਿਰਭਰ ਕਰਦਾ ਹੈ,ਜਿਹੜਾ ਮਨੁੱਖ ਨੂੰ ਪ੍ਰਕਿਰਤੀ ਦੀਆਂ ਸ਼ੈਆਂ (objects) ਨਾਲ ਸੰਦਾਂ (means) ਤੇ ਕਿਰਤ (labor) ਦੇ ਸੁਮੇਲ ਦੁਆਰਾ (ਉਤਪਾਦਨ ਸ਼ਕਤੀਆਂ) ਉਤਪਾਦਨ ਪ੍ਰਕਿਰਿਆ ਵਿਚ ਕਾਰਜਸ਼ੀਲ ਹੋਣ ਲਈ ਮਜ਼ਬੂਰ ਕਰਦਾ ਹੈ। ਇਸ ਸੰਦਰਭ ਵਿਚ ਮਨੁੱਖ ਪ੍ਰਕਿਰਤੀ ਦੇ ਮੁਕਾਬਲਤਨ ਆਪਣੀ ਵਿਅਕਤੀਗਤ ਸ਼ਕਤੀ ਦੀਆਂ ਸੀਮਾਵਾਂ ਨੂੰ ਸੰਭਾਵਨਾਵਾਂ ਵਿਚ ਤਬਦੀਲ ਕਰਨ ਲਈ ਬਾਹਰਮੁੱਖੀ ਨਿਯਮਾਂ ਅਧੀਨ ਨਿਸ਼ਚਿਤ ਸਮੂਹਿਕ ਸੰਬੰਧਾਂ ਵਿਚ ਬੱਝਦਾ ਹੈ। ਇਨ੍ਹਾਂ ਸੰਬੰਧਾਂ ਦੀ ਪ੍ਰਵਿਰਤੀ ਮੂਲ ਰੂਪ ਵਿਚ ਅੱਗੋਂ ਉਤਪਾਦਨ ਦੀਆਂ ਸ਼ੈਆਂ ਤੇ ਸੰਦਾਂ (ਉਤਪਾਦਨ ਦੇ ਸਾਧਨਾਂ) ਦੀ ਮਲਕੀਅਤ ‘ਤੇ ਨਿਰਭਰ ਕਰਦੀ ਹੋਈ ਪ੍ਰਚਲਿਤ ਉਤਪਾਦਨ–ਢੰਗਾਂ ਅਧੀਨ ਕਾਰਜਸ਼ੀਲ ਮਨੁੱਖੀ ਗੁੱਟਾਂ ਜਾਂ ਦਾਇਰਆਂ ਦੀ ਪ੍ਰਧਾਨ ਜਾਂ ਪ੍ਰਾਧੀਨ ਸਥਿਤੀ ਨਿਰਧਾਰਿਤ ਕਰਦੀ ਹੈ। ਇਸ ਅਧੀਨ ਭਾਰੂ ਗੁੱਟ ਜਾਂ ਦਾਇਰੇ(ਬੁਨਿਆਦੀ ਰੂਪ ਵਿਚ ਸ਼ੋਸ਼ਕ–ਸ਼੍ਰੇਣੀਆਂ) ਆਪਣੀ ਹੋਂਦ ਦੇ ਆਰੰਭ ਤੋਂ ਸਮਕਾਲ ਤੱਕ ਕਿਸੇ ਨਾ ਕਿਸੇ ਰੂਪ ਵਿਚ ਉਤਪਾਦਨ ਦੀ ਪ੍ਰਕਿਰਿਆ ਤੋਂ ਬਾਹਰ ਰਹਿਕੇ ਵੀ ਉਪਜ ਦੇ ਵਧੇਰੇ ਹਿੱਸੇ ‘ਤੇ ਕਾਬਜ਼ ਹੁੰਦੇ ਆਏ ਹਨ ਅਤੇ ਪ੍ਰਾਧੀਨ ਗੁੱਟਾਂ ਜਾਂ ਦਾਇਰਆਂ (ਬੁਨਿਆਦੀ ਰੂਪ ਵਿਚ ਸ਼ੋਸ਼ਿਤ–ਸ਼੍ਰੇਣੀ) ਦਾ ਸ਼ੋਸ਼ਣ ਕਰਦੇ ਰਹੇ ਹਨ। ਇਸ ਸ਼ੋਸ਼ਣ ਦਾ ਅੰਤ ਸਦਾ ਸੰਬੰਧਿਤ ਸਮਾਜ ਦੀਆਂ ਸ਼ੋਸ਼ਿਤ–ਸ਼੍ਰੇਣੀਆਂ ਦੀ ਸ਼ੋਸ਼ਕ–ਸ਼ੇਣੀਆਂ ਵਿਰੁੱਧ ਵਿਕਸਤ ਹੋਈ ਚੇਤਨਾ ਤੇ ਯਤਨਾਂ ਦੁਆਰਾ ਵਿਕਾਸਮੁੱਖੀ–ਪਰਿਵਰਤਨ ਨੂੰ ਵਿਹਾਰਿਕ ਰੂਪ ਦੇ ਕੇ ਕੀਤਾ ਗਿਆ ਹੈ। ਇਸ ਆਧਾਰ ‘ਤੇ ਹੁਣ ਤੱਕ ਦੇ ਮਨੁੱਖੀ–ਸਮਾਜ ਦੇ ਇਤਿਹਾਸ ਵਿਚ, ਮੁੱਢਲੀ–ਸਮਾਜਵਾਦੀ (ਸ਼੍ਰੇਣੀ–ਰਹਿਤ ਵਿਵਸਥਾ), ਗੁਲਾਮਦਾਰੀ, ਸਾਮੰਤਵਾਦੀ,ਪੂੰਜੀਵਾਦੀ ਤੇ ਕਮਿਉਨਿਜ਼ਮ (ਮਾਰਕਸ ਦੀ ਭਵਿੱਖਬਾਣੀ ਅਨੁਸਾਰ) ਵਰਗੀਆਂ ਸਮਾਜਿਕ–ਆਰਥਿਕ ਵਿਵਸਥਾਵਾਂ ਵਿਕਸਤ ਹੋਈਆਂ ਹਨ। ਜਿਸ ਕਾਰਨ ਹੁਣ ਤੱਕ ਦਾ ਵਿਦਮਾਨ ਸਮੁੱਚਾ ਮਨੁੱਖੀ–ਸਮਾਜ ਦਾ ਇਤਿਹਾਸ ਇਨ੍ਹਾਂ ਵਿਰੋਧੀ ਸ਼੍ਰੇਣੀਆਂ ਵਿਚਲੇ ਸੰਘਰਸ਼ ਦੇ ਸਿੱਟੇ ਵਜੋਂ ਹੀ ਹੋਂਦ ਗ੍ਰਹਿਣ ਕਰਦਾ ਆਇਆ ਹੈ। ਇਸ ਲਈ ਹੀ ਮਾਰਕਸਵਾਦੀ ਫ਼ਲਸਫ਼ਾ ਵਿਰੋਧੀ ਹਿੱਤਾਂ ਤੇ ਅਕਾਂਖਿਆਵਾਂ ਵਾਲੀਆਂ ਸ਼੍ਰੇਣੀਆਂ ਵਿਚਲੇ ਵਿਰੋਧ ਨੂੰ ਸ਼੍ਰੇਣੀਗਤ–ਸਮਾਜ ਦੀ ਪ੍ਰਮੁੱਖ ਸੰਚਾਲਕ ਸ਼ਕਤੀ ਸਵੀਕਾਰ ਕਰਦਾ ਹੈ। ਕਾਰਲ ਮਾਰਕਸ ਅਨੁਸਾਰ :
ਆਜ਼ਾਦ ਸ਼ਹਿਰੀ ਅਤੇ ਗੁਲਾਮ, ਰਾਠ ਅਤੇ ਸਾਧਾਰਨ ਮਨੁੱਖ, ਜਾਗੀਰਦਾਰ ਅਤੇ ਖ਼ੇਤ–ਗੁਲਾਮ, ਗਿਲਡ–ਮਾਲਕ ਅਤੇ ਕਾਰੀਗਰ, ਮਤਲਬ ਇਹ ਕਿ ਦੁਬਾਉਣ ਵਾਲਾ ਅਤੇ ਦਬਾਇਆ ਹੋਇਆ, ਇਕ ਦੂਜੇ ਦੇ ਲਗਾਤਾਰ ਵਿਰੁੱਧ ਖੜੇ ਹੁੰਦੇ ਸਨ, ਨਿਰੰਤਰ, ਕਦੀ ਪ੍ਰਤਖ, ਕਦੀ ਪ੍ਰੋਖ ਲੜਾਈ ਵਿਚ ਜੁਟੇ ਰਹਿੰਦੇ ਸਨ,ਅਜਿਹੀ ਲੜਾਈ ਜਿਹੜੀ ਹਰ ਵਾਰ ਜਾਂ ਤਾਂ ਸਮੁੱਚੇ ਤੌਰ ਉੱਤੇ ਸਮਾਜ ਦੀ ਇਨਕਲਾਬੀ ਮੁੜ–ਬਣਤਰ ਵਿਚ, ਜਾਂ ਲੜਾਈ–ਜੁਟੀਆਂ ਸ਼੍ਰੇਣੀਆਂ ਦੀ ਸਾਂਝੀ ਬਰਾਬਰੀ ਵਿਚ ਜਾ ਮੁਕਦੀ ਸੀ।1
ਇਹ ਵਿਰੋਧੀ ਹਿੱਤਾਂ ਵਾਲੀਆਂ ਸ਼੍ਰੇਣੀਆਂ ਵਿਚਲਾ ਸੰਘਰਸ਼ ਸਮਾਜ ਦੀ ਆਧਾਰ ਸੰਰਚਨਾ ਵਿਚ ਕਾਰਜਸ਼ੀਲ ਰਹਿੰਦਾ ਹੈ ਅਤੇ ਪ੍ਰਤੱਖ ਜਾਂ ਪ੍ਰੋਖ ਰੂਪ ਵਿਚ ਸਮਾਜ ਦੀ ਪਰ–ਉਸਾਰ ਸੰਰਚਨਾ ਦੇ ਵਿਭਿੰਨ ਵਿਚਾਰਧਾਰਕ ਰੂਪਾਂ ਦੁਆਰਾ ਵੀ ਪ੍ਰਤੀਬਿੰਬਤ ਹੁੰਦਾ ਹੈ। ਇਸ ਅਧੀਨ ਸਾਧਨ–ਸੰਪੰਨ ਸ਼੍ਰੇਣੀਆਂ ਸਮਾਜਕ–ਆਧਾਰ ਵਿਚਲੇ ਵਿਰੋਧਾਂ ਨੂੰ ਲੁਪਤ ਕਰਨ ਲਈ ਸਾਧਨ–ਵਿਪੰਨ ਸ਼੍ਰੇਣੀਆਂ ਦੀ ਚਿੰਤਨ, ਚੇਤਨਾ ਤੇ ਸੰਵੇਦਨਾ ਨੂੰ ਸੰਸਕ੍ਰਿਤਕ–ਕੰਡੀਸ਼ਨਿੰਗ ਦੁਆਰਾ ਇਸ ਪ੍ਰਕਾਰ ਰੂਪਾਂਤਰਿਤ ਕਰਨ ਦਾ ਯਤਨ ਕਰਦੀਆਂ ਹਨ ਕਿ ਉਨ੍ਹਾਂ ਦਾ ਸਮੁੱਚਾ ਚਿੰਤਨ, ਚੇਤਨਾ ਤੇ ਸੰਵੇਦਨਾ ਸਾਧਨ–ਸੰਪੰਨ ਸ਼੍ਰੇਣੀਆਂ ਦੇ ਹਿੱਤਾਂ ਤੇ ਇਛਾਵਾਂ ਦੇ ਹੀ ਅਨੁਕੂਲ ਹੋਵੇ। ਅਜਿਹੀ ਪ੍ਰਕਿਰਿਆ ਵਿਚੋਂ ਲੰਘੀਆਂ ਸਾਧਨ–ਵਿਪੰਨ ਸ਼੍ਰੇਣੀਆਂ ਆਪਣੇ ਅਨੁਭਵ ਨੂੰ ਕੇਵਲ ਉਸੇ ਰੂਪ ਵਿਚ ਪਹਿਚਾਣਦੀਆਂ ਹਨ ਜਿਸ ਰੂਪ ਵਿਚ ਇਹ ਸਾਧਨ–ਸੰਪੰਨ ਸ਼੍ਰੇਣੀਆਂ ਨੂੰ ਸਵੀਕਾਰ ਹੁੰਦਾ ਹੈ। ਅਜਿਹਾ ਕਰਨ ਲਈ ਸਾਧਨ–ਸੰਪੰਨ ਸ਼੍ਰੇਣੀਆਂ ਪ੍ਰਚਾਰ ਦੇ ਵਿਭਿੰਨ ਸਾਧਨਾਂ ਜਿਵੇਂ ਸਿੱਖਿਆ–ਸੰਸਥਾਵਾਂ, ਧਾਰਮਿਕ–ਸੰਸਥਾਵਾਂ, ਨਿਆਂ–ਸੰਸਥਾਵਾਂ, ਸਾਹਿਤਕ–ਕਿਰਤਾਂ ਤੇ ਹੋਰ ਪ੍ਰਚਾਰਕ ਸੰਸਥਾਵਾਂ ਦੇ ਮਾਧਿਅਮ ਦੁਆਰਾ ਸਾਧਨ–ਵਿਪੰਨ ਸ਼੍ਰੇਣੀਆਂ ਦੀ ਚੇਤਨਾ ਦਾ ਇਸ ਪ੍ਰਕਾਰ ਰੂਪਾਂਤ੍ਰਣ ਕਰਦੀਆਂ ਹਨ ਕਿ ਉਨ੍ਹਾਂ ਵਿਚੋਂ ਕਈਆਂ ਨੂੰ ਇਹ ਮਹਿਸੂਸ ਵੀ ਨਹੀਂ ਹੁੰਦਾ ਕਿ ਉਨ੍ਹਾਂ ਦੀ ਚੇਤਨਾ ਸਾਧਨ–ਸੰਪੰਨ ਸ਼੍ਰੇਣੀਆਂ ਦੀ ਵਿਚਾਰਧਾਰਾ ਦੇ ਅਨੁਕੂਲ ਬਣ ਗਈ ਹੈ। ਇਹ ਸਥਿਤੀ ਉਦੋਂ ਤੱਕ ਮੌਜੂਦ ਰਹਿੰਦੀ ਹੈ ”ਜਦ ਤੱਕ ਤਤਕਾਲੀਨ ਉਤਪਾਦਨ ਸੰਬੰਧਾਂ ਤੇ ਉਤਪਾਦਨ ਸ਼ਕਤੀਆਂ ਵਿਚ ਕੋਈ ਤੀਬਰ ਅੰਤਰ–ਵਿਰੋਧ ਨਹੀਂ ਉਭਰਦਾ ਤਦ ਤੱਕ ਪ੍ਰਭੁਤਾ–ਸੰਪੰਨ ਵਰਗ ਦੀ ਵਿਚਾਰਧਾਰਾ ਤਰਕਸੰਗਤ, ਸੁਭਾਵਿਕ ਅਤੇ ਪੂਰਨ ਵਿਗਿਆਨਿਕ ਲਗਦੀ ਹੈ। ਪ੍ਰੰਤੂ ਜਦ ਇਕ ਬਿੰਦੂ ‘ਤੇ ਆਕੇ ਇਹ ਨਿਰੰਤਰਣ ਸਮਾਜਿਕ ਤੇ ਭੌਤਿਕ ਉਤਪਾਦਨ ਸ਼ਕਤੀਆਂ ਉੱਤੇ ਬੰਧਨ ਬਣ ਜਾਂਦਾ ਹੈ ਤਾਂ ਕਿਸੇ ਹੋਰ ਵਰਗ ਦੀ ਵਿਚਾਰਧਾਰਾ ਉਤਪਾਦਨ ਸ਼ਕਤੀਆਂ ਦੇ ਅਨੁਕੂਲ ਹੋਣ ਕਰਕੇ ਵਧੇਰੇ ਸਹੀ ਤੇ ਤਾਰਕਿਕ ਪ੍ਰਤੀਤ ਹੋਣ ਲੱਗਦੀ ਹੈ। ਇਸ ਪ੍ਰਕਾਰ ਇਤਿਹਾਸਕ ਵਿਕਾਸ ਦੇ ਹਰੇਕ ਪੜਾਅ ‘ਤੇ ਟੱਕਰ ਵਾਸਤਵਿਕ ਵਿਚ ਦੋ ਵਿਰੋਧੀ ਵਰਗ ਦ੍ਰਿਸ਼ਟੀਕੋਣਾਂ ਵਿਚ ਹੁੰਦੀ ਹੈ ਜਿਸ ਵਿਚ ਇਕ ਵਧੇਰੇ ਸਹੀ ਤੇ ਦੂਜਾ ਘੱਟ। ਸਾਹਿਤਕਾਰ ਦੇ ਸਾਹਮਣੇ ਵਿਕਲਪ ਇਹ ਦੋ ਵਰਗਗਤ ਦ੍ਰਿਸ਼ਟੀਕੋਣਾਂ ਵਿਚੋਂ ਇਕ ਨੂੰ ਚੁਣਨਾ ਹੁੰਦਾ ਹੈ।”2 ਇਸ ਤਰ੍ਹਾਂ ਸ਼੍ਰੇਣੀਗਤ–ਸਮਾਜ ਵਿਚ ਸਾਧਨ–ਸੰਪੰਨ ਤੇ ਸਾਧਨ–ਵਿਪੰਨ ਸ਼੍ਰੇਣੀਆਂ ਵਿਚਲਾ ਸੰਘਰਸ਼ ਸਮਾਜ ਦੀ ਆਧਾਰ–ਸੰਰਚਨਾ ਵਿਚ ਕਾਰਜਸ਼ੀਲ ਤਾਂ ਰਹਿੰਦਾ ਹੀ ਹੈ ਅਤੇ ਨਾਲ ਹੀ ਸਮਾਜ ਦੀ ਪਰ–ਉਸਾਰ ਸੰਰਚਨਾ, ਜਿਸ ਵਿਚ ਸਾਹਿਤ ਵਰਗੇ ਅਨੇਕਾਂ ਅੰਗਾ ਸ਼ਮੂਲੀਅਤ ਕਰਦੇ ਹਨ, ਵਿਚ ਵੀ ਜਟਿਲ ਰੂਪ ਵਿਚ ਪ੍ਰਗਟ ਹੁੰਦਾ ਹੈ, ਜਿਸ ਨੂੰ ਪਹਿਚਾਨ ਦਾ ਕਾਰਜ ਮਾਰਕਸਵਾਦੀ ਸਾਹਿਤ–ਆਲੋਚਨਾ ਦੇ ਪ੍ਰਮੁੱਖ ਪ੍ਰਯੋਜਨਾ ਵਿਚੋਂ ਇਕ (ਇਕਮਾਤਰ ਨਹੀਂ) ਹੈ।
ਮਾਰਕਸਵਾਦੀ ਪੰਜਾਬੀ ਸਾਹਿਤ–ਆਲੋਚਨਾ ਦੇ ਖੇਤਰ ਅਧੀਨ ਇਸ ਪ੍ਰਯੋਜਨ ਦੀ ਭੂਮਿਕਾ ਤੇ ਭੂਮੀ ਸਿਰਜਨ ਵਾਲਿਆਂ ਵਿਚ ਕੇਸਰ ਸਿੰਘ ਕੇਸਰ ਦਾ ਨਾਂ ਵਿਸ਼ੇਸ਼ ਅਰਥਾਂ ਦਾ ਧਾਰਨੀ ਹੈ, ਜਿਸ ਦੀ ਸਾਹਿਤ–ਆਲੋਚਨਾ ਬਹੁ–ਵਿਧਾਈ ਰੁਖ਼ ਅਖ਼ਤਿਆਰ ਕਰਦੀ ਹੋਈ ਆਪਣੇ ਅਧਿਐਨ–ਖੇਤਰ ਨੂੰ ਮਾਰਕਸਵਾਦੀ ਸਾਹਿਤ ਅਧਿਐਨ–ਮਾਡਲ ਉੱਤੇ ਆਸ਼ਰਿਤ ਕਰਦੀ ਪੰਜਾਬੀ ਕਵਿਤਾ, ਨਾਟਕ, ਖੋਜ, ਆਲੋਚਨਾ ਤੇ ਗਲਪ ਤੱਕ ਪਸਾਰਦੀ ਹੈ। ਉਸ ਦੇ ਇਨ੍ਹਾਂ ਪਾਸਾਰਾਂ ਨੂੰ ਉਸ ਦੇ ਮੌਲਿਕ ਆਲੋਚਨਾਤਮਿਕ–ਪਾਠਾਂ ਸਾਹਿਤ–ਖੋਜ ਅਤੇ ਸਾਹਿਤ–ਆਲੋਚਨਾ (1984, 2002), ਪ੍ਰਗਤੀਵਾਦੀ ਵਿਚਾਰਧਾਰਾ ਤੇ ਪੰਜਾਬੀ ਕਵਿਤਾ (1987, 2005) ਤੇ ਵਰਗ ਸੰਘਰਸ਼ ਅਤੇ ਗਲਪ ਸਾਹਿਤ (1992) ਅਤੇ ਸੰਪਾਦਿਤ–ਪਾਠਾਂ ਗ਼ਦਰ ਲਹਿਰ ਦੀ ਕਵਿਤਾ (1995), ਡਾ਼ ਹਰਿਭਜਨ ਸਿੰਘ ਅਭਿਨੰਦਨ ਗ੍ਰੰਥ (1994) ਤੇ ਡਾ਼ ਅਤਰ ਸਿੰਘ ਅਭਿਨੰਦਨ ਗ੍ਰੰਥ (1995) ਵਿਚੋਂ ਸਹਿਜੇ ਹੀ ਵੇਖਿਆ ਜਾ ਸਕਦਾ ਹੈ। ਇਨ੍ਹਾਂ ਆਲੋਚਨਾਤਮਿਕ ਪਾਠਾਂ ਦੇ ਅੰਤਰਗਤ ਸਾਹਿਤ–ਸਿਰਜਨਾ, ਪ੍ਰਵਿਰਤੀ–ਚਿੰਤਨ, ਪੰਜਾਬੀ ਖੋਜ ਦੇ ਮੁੱਲਾਂਕਣ,ਆਲੋਚਨਾ ਪ੍ਰਣਾਲੀਆਂ ਦੇ ਸਿਧਾਂਤਕ–ਢਾਂਚੇ ਤੇ ਉਨ੍ਹਾਂ ਦੀ ਵਿਚਾਰਧਾਰਕ ਪਹੁੰਚ ਆਦਿ ਬਾਰੇ ਉਸ ਦਾ ਮਹੀਨ ਤੇ ਸਪੱਸ਼ਟ ਅਧਿਐਨ ਦ੍ਰਿਸ਼ਟੀਗੋਚਰ ਹੁੰਦਾ ਹੈ, ਜਿਹੜਾ ਸਾਹਿਤ–ਸਿਰਜਨਾ ਦੀਆਂ ਪਰਤਾਂ ਨੂੰ ਪਾਠ ਤੇ ਪ੍ਰਸੰਗ ਦੇ ਦਵੰਦਾਤਮਿਕ ਨੂੰ ਵੇਖਣ ਵਾਲੀ ਤਰਕਸੰਗਤ ਤੇ ਸੰਪੂਰਨ ਆਲੋਚਨਾ–ਵਿਧੀ ਦੁਆਰਾ ਅਗ੍ਰਭੂਮਿਤ ਕਰਦਾ ਖ਼ੁਦ ਵੀ ਅਨੇਕਾਂ ਪਾਸਾਰ ਗ੍ਰਹਿਣ ਕਰਦਾ ਹੈ। ਇਸ ਦਾ ਇਕ ਮਹੱਤਵਪੂਰਨ ਪਾਸਾਰ ਕੇਸਰ ਸਿੰਘ ਕੇਸਰ ਦੇ ਆਲੋਚਨਾਤਮਿਕ–ਪਾਠ ‘ਕੇਸਰ ਸਿੰਘ ਕੇਸਰ ਗਲਪ–ਚਿੰਤਨ‘ਦੇ ਰੂਪ ਵਿਚੋਂ ਵੀ ਵੇਖਿਆ ਜਾ ਸਕਦਾ ਹੈ (ਜਿਸ ਦਾ ਅਧਿਐਨ ਕਰਨਾ ਇਸ ਮਜ਼ਮੂਨ ਦਾ ਮੂਲ ਸਰੋਕਾਰ ਹੈ), ਜਿਹੜਾ ਕੇਸਰ ਸਿੰਘ ਕੇਸਰ ਦੇ ਪੂਰਵਲੇ ਪੰਜਾਬੀ ਗਲਪੀ–ਵਿਧਾ ਦੇ ਅਧਿਐਨ ਉੱਤੇ ਅਧਾਰਿਤ ਆਲੋਚਨਾਤਮਿਕ–ਪਾਠ ‘ਵਰਗ ਸੰਘਰਸ਼ ਅਤੇ ਗਲਪ ਸਾਹਿਤ‘ ਦਾ ਹੀ ਵਿਸਤ੍ਰਰਿਤ ਰੂਪ ਹੈ। ਜਿਸ ਅਧੀਨ ਕੇਸਰ ਗਲਪ–ਆਲੋਚਨਾ ਮਕਾਨਕੀ ਮਾਰਕਸਵਾਦੀ ਚਿੰਤਕਾਂ ਵਾਂਗ ਉਪਰੋਕਤ ਸ਼੍ਰੇਣੀ–ਸੰਘਰਸ਼ ਦੇ ਸੰਕਲਪ ਨੂੰ ਆਰੋਪਿਤ ਕਰਨ ਦੀ ਬਜਾਇ ਇਸ ਨੂੰ ਭਾਰਤੀ/ਪੰਜਾਬੀ ਸਮਾਜਿਕ–ਆਰਥਿਕ ਵਿਵਸਥਾ ਦੇ ਅਨੁਕੂਲ ਕਰਕੇ ਆਲੋਚਨਾਤਮਿਕ ਤੇ ਸਿਰਜਨਾਤਮਿਕ ਢੰਗ ਨਾਲ ਗਲਪੀ–ਬਿੰਬ ਵਿਚੋਂ ਉਭਾਰਨ ਦਾ ਯਤਨ ਕਰਦੀ ਹੈ ਅਤੇ ਸ਼੍ਰੇਣੀ–ਸੰਘਰਸ਼ ਦੀ ਪਹਿਚਾਣ ਨੂੰ ਮੱਧਮ–ਧੁਨੀ ਵਿਚ ਆਪਣੀ ਆਲੋਚਨਾਤਮਿਕ–ਪਹੁੰਚ ਦੀ ਮੂਲ ਸੁਰ ਬਣਾਉਂਦੀ ਹੋਈ ਗਲਪੀ–ਬਿੰਬ ਨੂੰ ਸਮਝਦੀ ਹੀ ਨਹੀਂ ਬਲਕਿ ਸਮਝਣਯੋਗ ਵੀ ਬਣਾਉਂਦੀ ਹੈ।
ਕੇਸਰ ਸਿੰਘ ਕੇਸਰ ਦੀ ਇਹ ਗਲਪ–ਆਲੋਚਨਾ ਉਪਰੋਕਤ ਸ਼੍ਰੇਣੀ–ਸੰਘਰਸ਼ ਤੇ ਸ਼੍ਰੇਣੀ–ਸੰਘਰਸ਼ ਦੀ ਚੇਤਨਾ ਨੂੰ ਹੀ ਆਪਣੀ ਆਲੋਚਨਾਤਮਿਕ–ਪਹੁੰਚ ਦਾ ਅਧਾਰਿਤ ਤੇ ਪਾਸਾਰ ਬਿੰਦੂ ਗ੍ਰਹਿਣ ਕਰਦੀ ਹੈ। ਇਸ ਕੇਂਦਰੀ–ਬਿੰਦੂ ਉੱਤੇ ਖਲੋਕੇ ਹੀ ਕੇਸਰ ਗਲਪ–ਆਲੋਚਨਾ ਪੂਰਵਵਰਤੀ ਪੰਜਾਬੀ ਮਾਰਕਸਵਾਦੀ ਗਲਪ–ਆਲੋਚਨਾ ਦੀ ਵਿਧੀਮੂਲਕ–ਪਰਿਪੇਖ ਤੇ ਸਮਾਨਵਰਤੀ ਰੂਪਵਾਦੀ–ਸੰਰਚਨਾਵਾਦੀ ਪੰਜਾਬੀ ਗਲਪ–ਆਲੋਚਨਾ ਦੀ ਵਿਚਾਰਮੂਲਕ–ਪਰਿਪੇਖ ਉੱਤੇ ਪ੍ਰਸ਼ਨ ਚਿੰਨ੍ਹ ਲਗਾਕੇ ਸੰਬਾਦ ਦੇ ਸੰਬੰਧਾਂ ਵਿਚ ਬੱਝਦੀ ਹੈ। ਇਸ ਸੰਬਾਦ ਤੋਂ ਅੱਗੇ ਕੇਸਰ ਗਲਪ–ਆਲੋਚਨਾ ਦੀ ਆਲੋਚਨਾਤਮਿਕ ਪਹੁੰਚ ‘ਵਿਹਾਰਮੁੱਖ‘ ਰੁਖ ਅਖ਼ਤਿਆਰ ਕਰਦੀ ਹੋਈ ਅਧਿਆਪਨ ਸ਼ੈਲੀ ਦੇ ਅੰਤਰਗਤ ਸੰਕਲਪਾਂ ਦੇ ਸੂਖ਼ਮ ਨਿਖੇੜਿਆਂ ਵੱਲ ਰੁਚਿਤ ਹੁੰਦੀ ਹੈ ਅਤੇ ਗਲਪੀ–ਬਿੰਬ ਦਾ ਮੁੱਲਾਂਕਣ ਸ਼੍ਰੇਣੀ–ਸੰਘਰਸ਼ ਦੇ ਨੁਕਤੇ ਦੇ ਆਧਾਰ ‘ਤੇ ਕਰਦੀ ਹੋਈ ਵਿਕਾਸਮੂਲਕ ਭਵਿੱਖਮੁੱਖੀ–ਪਰਿਵਰਤਨ ਦੀ ਤਰਕਸੰਗਤਾਂ ਤੇ ਨਿਆਇਸ਼ੀਲਤਾ ਵਿਚ ਵਿਸ਼ਵਾਸ ਦ੍ਰਿੜ ਕਰਦੀ ਹੈ। ਪ੍ਰੰਤੂ ਇਥੇ ਧਿਆਨਯੋਗ ਨੁਕਤਾ ਇਹ ਹੈ ਕਿ ਕੇਸਰ ਗਲਪ–ਆਲੋਚਨਾ ਵਿਦਮਾਨ–ਵਾਸਤਵਿਕਤਾ ਅਧੀਨ ਵਿਕਾਸਮੂਲਕ ਭਵਿੱਖਮੁੱਖੀ–ਪਰਿਵਰਤਨ ਦੀਆਂ ਸੰਭਾਵਨਾਂ ਅਤੇ ਪ੍ਰਾਧੀਨ ਵਿਅਕਤੀਆਂ ਦੇ ਪ੍ਰਧਾਨ ਸ਼੍ਰੇਣੀ ਅਧੀਨ ਮਤਾਧੀਨ ਬਣਕੇ ਕਾਰਜਸ਼ੀਲ ਰਹਿਣ ਦੀਆਂ ਸੀਮਾਵਾਂ ਤੇ ਸਮੱਸਿਆਵਾਂ ਦੀ ਸਥਿਤੀ ਤੋਂ ਪੂਰਨ ਭਾਂਤ ਸੁਚੇਤ ਹੈ, ਜਿਹੜੀਆਂ ਕਿਸੇ ਪ੍ਰਕਾਰ ਦੇ ਮਨੁੱਖ–ਹਿਤੈਸ਼ੀ ਭਵਿੱਖਮੁੱਖੀ–ਪਰਿਵਰਤਨ ਨੂੰ ਟਾਲਦੀਆਂ ਰਹਿੰਦੀਆਂ ਹਨ। ਕੇਸਰ ਗਲਪ–ਆਲੋਚਨਾ ਦੀ ਵਸਤੂਗਤ–ਸਥਿਤੀਆਂ ਪ੍ਰਤੀ ਇਹ ਵਸਤੂਭਾਵੀ ਸੁਚੇਤ–ਪਹੁੰਚ ਨਿਰਸੰਦੇਹ ਵਿਚਾਰਧਾਰਕ ਸਪੱਸ਼ਟਤਾ ਤੇ ਪ੍ਰਪੱਕਤਾ ਦਾ ਹੀ ਇਕ ਪ੍ਰਮਾਣ ਹੈ। ਇਸ ਪ੍ਰਸੰਗ ਵਿਚ ਕੇਸਰ ਗਲਪ–ਆਲੋਚਨਾ ਕਰਮਜੀਤ ਸਿੰਘ ਕੁੱਸਾ ਦੇ ਨਾਵਲ‘ਰੋਹੀ ਬੀਆਬਾਨ’ ਦਾ ਵਿਸ਼ਲੇਸ਼ਣ ਕਰਦੀ ਵਿਚਾਰ ਪ੍ਰਗਟਾਉਂਦੀ ਹੈ :
(ਦੁਖਾਂਤ ਉਦੋਂ ਵਾਪਰਦਾ ਹੈ) ਜਦੋਂ ਸੰਵੇਦਨਸ਼ੀਲ ਵਿਅਕਤੀ ਅਜਿਹੇ ਬੁਨਿਆਦੀ ਸੰਕਟ ਵਾਪਰਦੇ ਹਨ ਜਿਨ੍ਹਾਂ ਦਾ ਹੱਕ ਉਨ੍ਹਾਂ ਵਿਅਕਤੀਗਤ ਪਹੁੰਚ ਤੋਂ ਦੂਰ ਸਮਾਜਕ–ਸਭਿਆਚਾਰਕ ਤੇ ਰਾਜਨੀਤਿਕ ਤਬਦੀਲੀਆਂ ਵਿਚ ਪਿਆ ਹੁੰਦਾ ਹੈ ਪਰ ਸਥਿਤੀ ਦੇ ਰਾਜਨੀਤਿਕ ਦਵੰਦ ਆਜਿਹੇ ਇਨਕਲਾਬਾਂ ਦੇ ਵਾਪਰਨ ਨੂੰ ਲੰਮੇ ਸਮੇਂ ਤੱਕ ਟਾਲੀ ਰੱਖਦੇ ਹਨ।3
ਇਸ ਪ੍ਰਕਾਰ ਕੇਸਰ ਗਲਪ–ਆਲੋਚਨਾ ਲਈ ”ਵਰਗ–ਸੰਘਰਸ਼ ਕੇਵਲ ਆਰਥਿਕ ਜਾਂ ਰਾਜਨੀਤਿਕ ਖੇਤਰਾਂ ਦੀ ਹੀ ਵਸਤ ਨਹੀਂ, ਇਹ ਮਨੁੱਖੀ ਸਭਿਆਚਾਰ ਦੇ ਹਰੇਕ ਮੁਹਾਜ਼ ਵਿਚ ਮੌਜੂਦ ਹੈ। ਇਸ ਤੋਂ ਵੀ ਅੱਗੇ ਉਹ ਇਸ ਸੰਘਰਸ਼ ਨੂੰ ਸ਼ੋਸ਼ਿਤ ਪਰ ਇਨਕਲਾਬੀ ਮਿਹਨਤਕਸ਼ ਵਰਗ ਦੀ ਦ੍ਰਿਸ਼ਟੀ ਤੋਂ ਪੇਸ਼ ਕਰਦਾ ਹੋਇਆ ਉਸ ਦੀ ‘ਭਵਿੱਖ ਵਿਚ ਜਿੱਤ‘ ਵਿਚ ਵਿਸ਼ਵਾਸ ਬਿਠਾਉਂਦਾ ਹੈ।”4 ਇਸ ਸ਼੍ਰੇਣੀ–ਸੰਘਰਸ਼ ਦੀ ਪਹਿਚਾਣ ਲਈ ਕੇਸਰ ਗਲਪ–ਆਲੋਚਨਾ ਗਲਪੀ–ਬਿੰਬ ਦਾ ਅਧਿਐਨ–ਵਿਸ਼ਲੇਸ਼ਣ ਕਰਨ ਦੇ ਨਾਲ–ਨਾਲ ਉਸਦੀ ਪ੍ਰਸੰਗ ਨਾਲ ਜੋੜਕੇ ਵਿਆਖਿਆ ਵੀ ਕਰਦੀ ਹੈ ਅਤੇ ਅਜਿਹਾ ਕਰਦੇ ਸਮੇਂ ਇਸ ਆਲੋਚਨਾ ਦਾ ਰੁਖ਼ ਅਮੁਮਨ ਪਾਠ ਤੋਂ ਪ੍ਰਸੰਗ ਵੱਲ ਆਰੰਭ ਹੁੰਦਾ ਹੋਇਆ ਵਿਸ਼ਲੇਸ਼ਣ ਦੌਰਾਨ ਪਾਠ ਤੋਂ ਪ੍ਰਸੰਗ ਤੇ ਪ੍ਰਸੰਗ ਤੋਂ ਪਾਠ ਵੱਲ ਵਾਰ–ਵਾਰ ਜਾਂਦੀ ਤੇ ਪਰਤਦੀ ਹੈ। ਆਪਣੀ ਇਸ ਦਿਸ਼ਾ ਨੂੰ ਨਿਰਧਾਰਿਤ ਕਰਨ ਸਮੇਂ ਕੇਸਰ ਗਲਪ–ਆਲੋਚਨਾ ਵਿਸ਼ੇਸ਼ ਗਲਪੀ–ਸਿਰਜਨਾ ਦੇ ਅਧਿਐਨ–ਵਿਸ਼ਲੇਸ਼ਣ ਲਈ ਰਚਨਾਕਾਰ ਦੀਆਂ ਪੂਰਵਵਲੀਆਂ ਗਲਪੀ–ਸਿਰਜਨਾ ਦਾ ਸਹਾਰਾ ਵੀ ਲੈਂਦੀ ਹੈ ਅਤੇ ਕਈ ਵਾਰ ਉਸ ਨੂੰ ਸਮੁੱਚੀ ਪੰਜਾਬੀ ਗਲਪ–ਸਾਹਿਤ ਪੰਰਪਰਾ ਵਿਚ ਰੱਖਕੇ ਵੇਖਦੀ ਹੋਈ ਸੰਬੰਧਿਤ ਗਲਪੀ–ਸਿਰਜਨਾ ਦੇ ਅੰਤਰ–ਪਾਠੀ ਸੰਬੰਧਾਂ ਨੂੰ ਵੀ ਉਜਾਗਰ ਕਰਦੀ ਹੈ ਅਤੇ ਸ਼੍ਰੇਣੀ–ਚੇਤਨਾ ਨੂੰ ਨਿਸ਼ਚਿਤ ਕਰਨ ਲਈ ਸੇਖੋਂ–ਆਲੋਚਨਾ ਵਾਂਗ ਰਚਨਾਕਾਰ ਦੇ ਜੀਵਨੀਮੂਲਕ ਵੇਰਵਿਆਂ ਦਾ ਸਹਾਰਾ ਲੈਣ ਦੀ ਵਿਧੀ ਨੂੰ ਅਪਣਾਉਂਦੀ ਹੈ, ਜਿਸ ਦੇ ਅੰਤਰਗਤ ਇਹ ਆਲੋਚਨਾ ਰਚਨਾ–ਦ੍ਰਿਸ਼ਟੀ, ਜੀਵਨ–ਦ੍ਰਿਸ਼ਟੀ ਤੇ ਯੁੱਗ–ਦ੍ਰਿਸ਼ਟੀ ਦੇ ਅੰਤਰ–ਸੰਬੰਧਾਂ ਤੇ ਅੰਤਰ–ਦਵੰਦਾਂ ਨੂੰ ਵੇਖਦੀ ਹੋਈ ਗਲਪੀ–ਸਿਰਜਨਾ ਦੀ ਵਿਆਖਿਆ, ਵਿਸ਼ਲੇਸ਼ਣ ਤੇ ਮੁੱਲਾਂਕਣ ਕਰਨ ਵੱਲ ਅਗ੍ਰਸਰ ਹੁੰਦੀ ਹੈ।
ਕੋਈ ਸਾਹਿਤਕਾਰ ਇਸ ਦਵੰਦ ਦੇ ਸਾਰੇ ਪੱਖਾਂ ਨੂੰ ਕਿੰਨੀ ਭਰਪੂਰਤਾ ਤੇ ਕਿੰਨੇ ਠੀਕ ਇਤਿਹਾਸਕ ਪਰਿਪੇਖ ਵਿਚ ਗ੍ਰਹਿਣ ਕਰਦਾ ਹੈ, ਇਹ ਗੱਲ ਉਸ ਦੀ ਜੀਵਨ–ਦ੍ਰਿਸ਼ਟੀ, ਜੀਵਨ–ਅਨੁਭਵ ਤੇ ਸਾਹਿਤਕ ਯੋਗਦਾ ਉੱਤੇ ਨਿਰਭਰ ਹੁੰਦੀ ਹੈ ਤੇ ਇਸ ਦੇ ਆਧਾਰ ‘ਤੇ ਹੀ ਉਸ ਦੀਆਂ ਸਾਹਿਤਕ ਪ੍ਰਾਪਤੀਆਂ ਦਾ ਲੇਖਾ–ਜੋਖਾ ਕੀਤਾ ਜਾ ਸਕਦਾ ਹੈ।5
ਇਸ ਤਰ੍ਹਾਂ ਕੇਸਰ ਗਲਪ–ਆਲੋਚਨਾ ਗਲਪੀ–ਬਿੰਬ ਦੀ ਵਿਆਖਿਆ ਅਤੇ ਰਚਨਾਕਾਰ ਦੇ ਜੀਵਨਮੂਲਕ ਵੇਰਵਿਆਂ ਉੱਤੇ ਆਸ਼ਰਿਤ ਹੋ ਕੇ ਰਚਨਾਕਾਰ ਦੀ ਸ਼੍ਰੇਣਿਕ–ਸਥਿਤੀ ਦਾ ਨਿਰਣਾ ਕਰਦੀ ਹੈ। ਪ੍ਰੰਤੂ ਧਿਆਨਯੋਗ ਇਹ ਹੈ ਕਿ ਜੀਵਨੀਮੂਲਕ–ਵੇਰਵਿਆਂ ਉੱਤੇ ਅਧਾਰਿਤ ਇਹ ਵਿਧੀ ਜਿਥੇ ਪ੍ਰਤੱਖ ਸੰਭਾਵਨਾ ਤੇ ਸਾਰਥਿਕਤਾ ਮੌਜੂਦ ਭਰਪੂਰ ਨਜ਼ਰੀ ਪੈਂਦੀ ਹੈ, ਉੱਥੇ ਪ੍ਰੋਖ ਰੂਪ ਵਿਚ ਇਸ ਵਿਧੀਆਂ ਦੀਆਂ ਅਨੇਕਾਂ ਸੀਮਾਵਾਂ ਤੇ ਸਮੱਸਿਆਵਾਂ ਵੀ ਹੋਂਦ ਰੱਖਦੀਆਂ ਹਨ। ਕਿਉਂਕਿ ਕਈ ਵਾਰ ਰਚਨਾਕਾਰ ਆਪਣੇ ਜੀਵਨ ਦੇ ਅੰਤਰਗਤ ਸੁਚੇਤ ਰੂਪ ਵਿਚ ਕਿਸੇ ਵਿਚਾਰਧਾਰਕ ਪ੍ਰਤਿਬੱਧਤਾ ਦੇ ਲੜ ਲੱਗਿਆ ਹੋਇਆ ਵੀ ਆਪਣੀ ਕਲਾਤਮਿਕ ਸੀਮਾਵਾਂ ਦੇ ਕਾਰਨ ਵੱਸ ਅਚੇਤ ਹੀ ਗਲਪੀ–ਬਿੰਬ ਦੀ ਅਧੀਨ ਵਿਪਰੀਤ ਧੁਨੀ ਪ੍ਰਸਤੁਤ ਕਰ ਜਾਂਦਾ ਹੈ ਅਤੇ ਆਪਣੀ ਵਿਚਾਰਧਾਰਕ ਪ੍ਰਤਿਬੱਧਤਾ ਤੋਂ ਸੁਚੇਤ ਹੁੰਦਾ ਹੋਇਆ ਵੀ ਉਸ ਨੂੰ ਜ਼ੁਬਾਨ ਨਹੀਂ ਦੇ ਪਾਉਂਦਾ (ਜਿਵੇਂ ਪੰਜਾਬੀ ਦਾ ਨਾਲਵਕਾਰ ਜਸੰਵਤ ਸਿੰਘ ਕੰਵਲ)। ਇਸ ਪ੍ਰਸੰਗ ਵਿਚ ਕੇਸਰ ਗਲਪ–ਆਲੋਚਨਾ ਜਿਥੇ ਇਕ–ਪਾਸੇ ਸੇਖੋਂ–ਆਲੋਚਨਾ ਦੀ ਇਸ ਉਪਰੋਕਤ ਵਿਧੀ ਨੂੰ ਅਪਣਾਉਣ ਕਾਰਨ ਸਾਂਝੇ ਧਰਾਤਲ ਉੱਤੇ ਵਿਚਰਦੀ ਹੈ, ਉਥੇ ਇਹ ਆਲੋਚਨਾ ਇਸ ਵਿਧੀ ਨੂੰ ਲਾਗੂ ਕਰਨ ਵਿਚ ਨਿਖੜੀ ਦ੍ਰਿਸ਼ਟੀਗੋਚਰ ਹੁੰਦੀ ਹੈ, ਜਿਸ ਅਧੀਨ ਇਹ ਗਲਪ–ਆਲੋਚਨਾ ਜ਼ਿਆਦਾਤਰ ਰਚਨਾ–ਦ੍ਰਿਸ਼ਟੀ, ਜੀਵਨ–ਦ੍ਰਿਸ਼ਟੀ ਤੇ ਯੁੱਗ–ਦ੍ਰਿਸ਼ਟੀ ਦੇ ਪਰਸਪਰ ਸੰਬੰਧਾਂ ਦਾ ਮੁਤੱਲਿਆ ਕਰਦੀ ਹੋਈ ਤਰਕਸੰਗਤ ਤੇ ਵਿਵੇਕਸ਼ੀਲ ਢੰਗ ਨਾਲ ਪੰਜਾਬੀ ਦੇ ਵਿਸ਼ੇਸ਼ ਨਾਵਲਕਾਰਾਂ (ਜਿਵੇਂ ਨਾਨਕ ਸਿੰਘ, ਸੁਰਿੰਦਰ ਸਿੰਘ ਨਰੂਲਾ, ਜਸਵੰਤ ਸਿੰਘ ਕੰਵਲ, ਸੰਤ ਸਿੰਘ ਸੇਖੋਂ,ਕਰਮਜੀਤ ਕੁੱਸਾ ਆਦਿ) ਦੀਆਂ ਸਿਰਜਨਾਵਾਂ ਦਾ ਸਟੀਕ ਤੇ ਸੰਤੁਲਿਤ ਮੁੱਲਾਂਕਣ ਕਰਨ ਦੇ ਸਮਰੱਥ ਬਣਦੀ ਹੈ।ਕੇਸਰ ਗਲਪ–ਆਲੋਚਨਾ ਦੀ ਇਹ ਸਮਰੱਥਾ ਇਸ ਆਲੋਚਨਾ ਦੀ ਉਸ ਦ੍ਰਿਸ਼ਟੀ ਤੇ ਵਿਧੀ ਉੱਤੇ ਆਸ਼ਰਿਤ ਹੈ, ਜਿਸ ਅਧੀਨ ਇਹ ਆਲੋਚਨਾ ਗਲਪੀ–ਪਾਠ ਦੇ ਯਥਾਰਥ ਨੂੰ ਪ੍ਰਸੰਗ ਵਿਚਲੀ ਵਾਸਵਿਕਤਾ ਨਾਲ ਅੰਤਰ–ਸੰਬੰਧਿਤ ਕਰਦੀ ਹੋਈ ਪਾਠ ਦੇ ਲੁਪਤ ਅਰਥਾਂ ਨੂੰ ਉਜਾਗਰ ਕਰਨ ਵੱਲ ਅਗ੍ਰਸਰ ਹੁੰਦੀ ਹੈ । ਅਜਿਹਾ ਕਰਦੇ ਸਮੇਂ ਇਹ ਆਲੋਚਨਾ ਆਪਣੀ ਵਿਚਾਰਧਰਕ ਸਪੱਸ਼ਟਤਾ ਕਾਰਨ ਸਥਾਪਤ ਨਾਲੋਂ ਵੱਖਰੇ ਵਿਚਾਰ ਤੇ ਵਿਸ਼ਲੇਸ਼ਣ ਕਰਨ ਵੱਲ ਰੁਚਿਤ ਨਹੀਂ ਹੁੰਦੀ ਸਗੋਂ ਸਥਾਪਿਤ ਦੇ ਬਿੰਬ ਨੂੰ ਵਿਖੰਡਤ ਕਰਕੇ ਉਸਦੇ ਮੁੱਲਾਂ ਦੇ ਮੂਲ ਤੱਕ ਪਹੁੰਚਣ ਲਈ ਯਤਨਸ਼ੀਲ ਰਹਿੰਦੀ ਹੈ, ਜਿਵੇਂ ਕੇਸਰ ਗਲਪ–ਆਲੋਚਨਾ ਸੁਰਿੰਦਰ ਸਿੰਘ ਨਰੂਲਾ ਦੇ ਨਾਵਲ ਬਾਰੇ ਵਿਸ਼ਲੇਸ਼ਣ ਕਰਦੀ ਹੋਈ ਇਹ ਮੱਤ ਦਿੰਦੀ ਹੈ :
ਆਮ ਤੌਰ ‘ਤੇ ਨਰੂਲੇ ਨੂੰ ਯਥਾਰਥਵਾਦੀ ਪੰਜਾਬੀ ਨਾਵਲ ਦਾ ਮੋਢੀ ਕਿਹਾ ਜਾਂਦਾ ਹੈ ਪਰ ਉਹ ਦਾ ਇਹ ਨਾਵਲ ਸਧਾਰਨ ਦ੍ਰਿਸ਼ਟੀ ਤੋਂ ਪੰਜਾਬੀ ਦੇ ਨਿਮਨ ਕੋਟੀ ਦੇ ਨਾਵਲਾਂ ਵਿਚ ਆਉਂਦਾ ਹੈ। ਉਹ ‘ਯੂਟੋਪੀਅਈ ਸਮਾਜਵਾਦ‘ ਦੀ ਸਿਰਜਨ ਦੀ ਧੁਨ ਵਿਚ ਭਾਰਤੀ ਦੀ ਆਜ਼ਾਦੀ ਤੋਂ ਬਾਅਦ ਸਰਕਾਰੀ ਸੁਧਾਰਵਾਦੀ ਨਾਹਰਿਆਂ ਦੀ ਹਮਾਇਤ ਵਿਚ ਜਾ ਖੜ੍ਹਦਾ ਹੈ। ਪਰ ਨਾਇਕ ਦੇ ਕਿਰਦਾਰ ਨੂੰ ਯਥਾਰਥਕ ਰੂਪ ਵਿਚ ਪੇਸ਼ ਕਰਕੇ ਤੇ ਕਾਮਿਆਂ ਦੇ ਆਗੂਆਂ ਨੂੰ ਜੇਲ ਵਿਚ ਦਿਖਾ ਕੇ ਉਹ ਇਸ ਸੁਧਾਰਵਾਦ ਦਿੱਖ ਨੂੰ ਅੰਦਰੋਂ ਸੱਕੀ ਵੀ ਬਣਾਉਂਦਾ ਹੈ। ਸੁਮੱਚੇ ਰੂਪ ਵਿਚ ਇਸ ਨੂੰ ਯਥਾਰਥ ਦਾ ਨਹੀਂ ਸੁਪਨੇ ਦਾ ਨਾਵਲ ਹੀ ਕਿਹਾ ਜਾ ਸਕਦਾ ਹੈ।6
ਉਪਰੋਕਤ ਸੰਦਰਭ ਇਸ ਆਲੋਚਨਾ ਦੀ ਮੌਲਿਕਤਾ ਦਾ ਪ੍ਰਮਾਣ ਅਤੇ ਵਿਕਾਸਮਈ ਹੋਣ ਦੀ ਪਹਿਚਾਣ ਹੈ। ਜਿਸ ਪਹਿਚਾਣ ਨੂੰ ਕੇਸਰ ਗਲਪ–ਆਲੋਚਨਾ ਦੀ ਸੰਬਾਦ ਪ੍ਰਵਿਰਤੀ ਵਿਚੋਂ ਵੀ ਤਲਾਸ਼ਿਆ ਜਾ ਸਕਦਾ ਹੈ, ਜਿਸ ਅਧੀਨ ਇਹ ਆਲੋਚਨਾ ਪੰਜਾਬੀ ਗਲਪੀ–ਸਿਰਜਨਾਵਾਂ ਬਾਰੇ ਮੌਜੂਦ ਪੰਜਾਬੀ ਗਲਪ–ਆਲੋਚਕਾਂ (ਜੋਗਿੰਦਰ ਸਿੰਘ ਰਾਹੀ ਤੇ ਨਰਿੰਜਨ ਤਸਨੀਮ) ਦੀਆਂ ਪੂਰਵਲੀਆਂ ਧਾਰਨਾਵਾਂ ਨਾਲ ਸੰਬਾਦ ਦਾ ਰਿਸ਼ਤਾ ਕਾਇਮ ਕਰਦੀ ਇਨ੍ਹਾਂ ਧਾਰਨਾਵਾਂ ਨੂੰ ਦਰੁਸਤ ਕਰਨ ਲਈ ਵੀ ਯਤਨਸ਼ੀਲ ਰਹਿੰਦੀ ਹੈ। ਉਸ ਦਾ ਇਹ ਸੰਬਾਦ ਕੇਵਲ ਪੰਜਾਬੀ ਗਲਪ ਨਾਲ ਸੰਬੰਧਿਤ ਪਰ–ਆਲੋਚਕਾਂ ਦੀਆਂ ਧਾਰਨਾਵਾਂ ਨਾਲ ਹੀ ਨਹੀਂ ਰਹਿੰਦਾ ਸਗੋਂ ਇਨ੍ਹਾਂ ਆਲੋਚਕਾਂ ਦੀਆਂ ਅਧਿਐਨ–ਪ੍ਰਣਾਲੀਆਂ ਜਾਂ ਅਧਿਐਨ–ਵਿਧੀਆਂ ਨੂੰ ਵੀ ਆਪਣੇ ਕਲੇਵਰ ਵਿਚ ਲੈਂਦਾ ਹੈ। ਇਸ ਧਰਾਤਲ ਉੱਤੇ ਇਹ ਆਲੋਚਨਾ ਰੂਪ–ਕੇਂਦਰਿਤ ਤੇ ਆਦਰਸ਼ਵਾਦੀ ਆਲੋਚਨਾ ਪੱਧਤੀਆਂ ਦੀਆਂ ਪਹੁੰਚ–ਵਿਧੀਆਂ ਦੀਆਂ ਕਮਜ਼ੋਰੀਆਂ ਤੇ ਇਨ੍ਹਾਂ ਦੀਆਂ ਵਿਚਾਰਧਾਰਕ ਵਿਸੰਗਤੀਆਂ ਦੀ ਭੂਮੀ ਤੇ ਭੂਮਿਕਾ ਨੂੰ ਦ੍ਰਿਸ਼ਟੀਗੋਚਰ ਕਰਦੀ ਹੈ। ਇਹ ਕੇਸਰ ਗਲਪ–ਆਲੋਚਨਾ ਦੀ ਵਿਚਾਰਧਾਰਕ ਪ੍ਰਤਿਬੱਧਤਾ ਦਾ ਪ੍ਰਮਾਣ ਹੈ, ਜਿਸ ਦੇ ਅੰਤਰਗਤ ਪ੍ਰਗਟਾਅ ਦੀ ਸਪੱਸ਼ਟਤਾ ਦਾ ਗੁਣ ਇਸ ਆਲੋਚਨਾ ਦੀ ਅਧਿਆਪਨੀ–ਸ਼ੈਲੀ ਨੇ ਆਪਣੇ ਵਿਚ ਸਮੋਇਆ ਹੈ।
ਕੇਸਰ ਗਲਪ–ਆਲੋਚਨਾ ਦਾ ਅਗਲੇਰਾ ਪਛਾਣ ਚਿੰਨ੍ਹ ਉਸਦੇ ਗਲਪ–ਸ਼ਾਸਤਰ ਦੇ ਨਿਰਮਾਣ ਵਿਚ ਲੁਪਤ ਹੈ ਜਿਸ ਦਾ ਨਿਰਮਾਣ ਇਹ ਆਲੋਚਨਾ ਪ੍ਰੋਢ ਸਮਾਜ–ਸ਼ਾਸਤਰੀ ਤੇ ਸੁਹਜ–ਸ਼ਾਸਤਰੀ ਜਿਵੇਂ ਮਿਸ਼ੈਲ ਜਿਰਾਫ਼ਾ,ਜਾਰਜ ਲੁਕਾਚ, ਰੈਲਫ਼ ਫਾਕਸ, ਐਡਵਿਨ ਮਿਉਰ ਤੇ ਲੁਇਸ ਗੋਲਡਮਾਨ ਆਦਿ ਦੇ ਸਿਧਾਂਤਕ ਸੁਹਜ ਤੇ ਸਮਾਜ–ਸ਼ਾਸਤਰੀ ਮਾਡਲਾਂ ਉੱਤੇ ਅਧਾਰਿਤ ਹੈ। ਇਨ੍ਹਾਂ ਸਾਹਿਤ–ਚਿੰਤਕਾਂ ਪਾਸੋਂ ਇਹ ਗਲਪ–ਆਲੋਚਨਾ ਗਲਪੀ–ਸਿਰਜਨਾ ਦੀ ਹੋਂਦ–ਵਿਧੀ ਨਾਲ ਸੰਬੰਧਿਤ ‘ਸਮੁੱਚਤਾ’ ਅਤੇ ‘ਪ੍ਰਤੀਨਿਧਤਾ’7 ਵਰਗੇ ਸੰਕਲਪਾਂ ਨੂੰ ਗ੍ਰਹਿਣ ਕਰਦੀ ਹੈ। ਇਨ੍ਹਾਂ ਵਿਚ ਸਮੁੱਚਤਾ ਤੋਂ ਇਸ ਆਲੋਚਨਾ ਦਾ ਭਾਵ ਸਥਿਤੀਆਂ ਜਾਂ ਪਾਤਰਾਂ ਦੇ ਜਨਮ ਤੋਂ ਲੈ ਕੇ ਮੌਤ ਤੱਕ ਦੇ ਕ੍ਰਮ–ਬੱਧ ਵਿਵਰਣ ਤੋਂ ਨਹੀਂ, ਸਗੋਂ ਇਸ ਦਾ ਭਾਵ ਨਾਵਲ ਵਿਚ ਪੇਸ਼ ਮਨੁੱਖੀ ਸ਼ਖ਼ਸੀਅਤ ਦੇ ਬੌਧਿਕ, ਭਾਵੁਕ ਤੇ ਅਮਲ ਦੇ ਤਿੰਨੋੱ ਪੱਖਾਂ ਨੂੰ ਉਜਾਗਰ ਕਰਨ ਤੋਂ ਹੈ। ਇਸ ਸਮੁੱਚੇ ਜੀਵਨ–ਬਿੰਬ ਨੂੰ ਉਘਾੜਨ ਲਈ ਕੇਸਰ ਗਲਪ–ਆਲੋਚਨਾ ਰਚਨਾਕਾਰ ਤੋਂ ਗਲਪੀ–ਸਿਰਜਨਾ ਨੂੰ ਅਖੰਡਿਤ ਤੇ ਵਿਆਪਕ ਵਾਸਤਵਿਕ–ਜੀਵਨ ਵਿਚੋਂ ਚੋਣ ਦੇ ਸਿਧਾਂਤ ‘ਤੇ ਅਧਾਰਿਤ ਇਕ ਪ੍ਰਤੀਨਿਧ ਜੀਵਨ–ਸਥਿਤੀ ਉਭਾਰਨ ਦੀ ਮੰਗ ਕਰਦੀ ਹੈ। ਕੇਸਰ ਗਲਪ–ਆਲੋਚਨਾ ਦੁਆਰਾ ਪ੍ਰਸਤੁਤ ਹੋਏ ਪ੍ਰਤੀਨਿਧ ਬਿੰਬ ਤੇ ਮੂਲ–ਵਰਤਾਰੇ ਦੇ ਸੰਬੰਧਾਂ ਨੂੰ ਦਵੰਦਾਤਮਿਕ–ਪਦਾਰਥਵਾਦ ਦੇ ‘ਆਮ ਤੇ ਵਿਸ਼ੇਸ਼‘ (general and particular) ਦੇ ਦਾਰਸ਼ਨਿਕ ਪ੍ਰਵਰਗ ਦੇ ਸਮਾਨਾਂਤਰ ਰੱਖਕੇ ਹੋਰ ਗਹਿਰਾਈ ਨਾਲ ਸਮਝ ਸਕਦੇ ਹਾਂ, ਜਿਵੇਂ ਆਮ, ਵਿਸ਼ੇਸ਼ ਦੁਆਰਾ ਪ੍ਰਗਟ ਹੁੰਦਾ ਹੈ ਅਤੇ ਵਿਸ਼ੇਸ਼, ਆਮ ਦੀ ਪ੍ਰਤਿਨਿਧਤਾ ਕਰਦਾ ਹੈ, ਉਸੇ ਤਰ੍ਹਾਂ ਪ੍ਰਤੀਨਿਧ ਬਿੰਬ ਮੂਲ ਵਰਤਾਰੇ ਵਿਚੋਂ ਪੈਦਾ ਹੋ ਕੇ ਵੀ ਵਿਸ਼ੇਸ਼ ਹੁੰਦਾ ਹੈ ਅਤੇ ਮੂਲ ਵਰਤਾਰੇ ਦੀ ਹੀ ਪ੍ਰਤਿਨਿਧਤਾ ਕਰਦਾ ਹੈ। ਇਸ ਪ੍ਰਕਾਰ ਪ੍ਰਤੀਨਿਧ ਬਿੰਬ ਮੂਲ–ਵਰਤਾਰੇ ਨਾਲ ਵਰਗੇਵੇੱ ਤੇ ਵਖਰੇਵੇਂ (ਰਚਨਾਕਾਰ ਦੀ ਸਿਰਜਨ ਸ਼ਕਤੀ ਦੇ ਸਹਾਰੇ) ਦੇ ਸੰਬੰਧਾਂ ਵਿਚ ਬੱਝਿਆ ਹੋਇਆ ਮੂਲ–ਵਰਤਾਰੇ ਦੇ ਵਿਸ਼ੇਸ਼ ਗੁਣ ਆਪਣੇ ਵਿਚ ਸਮੋਈ ਰੱਖਦਾ ਹੈ। ਜਿਸ ਬਾਰੇ ਬੋਰਿਸ ਸ਼ਚਕੋਵ (Boris Sochkov) ਦਾ ਕਹਿਣਾ ਹੈ ਕਿ ”ਨਿੱਕੇ ਦੁਖਾਂਤਾਂ ਦੇ ਪਾਤਰ ਕੇਵਲ ਆਪਣੇ ਜੁਗ ਦੀਆਂ ਪੁਸ਼ਾਕਾਂ ਹੀ ਨਹੀਂ ਪਹਿਨਦੇ, ਉਹ ਆਪਣੇ–ਆਪਣੇ ਜੁਗ ਦੀਆਂ ਬਹੁਤ ਸਾਰੀਆਂ ਮਨੋਵਿਗਿਆਨਕ ਵਿਸ਼ੇਸ਼ਤਾਵਾਂ ਵੀ ਰੱਖਦੇ ਹਨ। ਉਹਨਾਂ ਦਾ ਇਸ ਹੱਦ ਤੱਕ ਸਾਧਾਰਨੀਕਰਨ ਅਤੇ ਯਥਾਰਥਵਾਦੀ ਢੰਗ ਨਾਲ ਪ੍ਰਕਾਰੀਕਰਨ ਕੀਤਾ ਗਿਆ ਹੈ (ਕਿ) ਇਹ ਇਤਿਹਾਸਕ ਤੱਥ ਦੀਆਂ ਸੀਮਾਵਾਂ ਬੰਦਸ਼ਾਂ ਤੋਂ ਪਾਰ ਚਲੇ ਜਾਂਦੇ ਹਨ।”8
ਇਸ ਪ੍ਰਸੰਗ ਵਿਚ ਕੇਸਰ ਗਲਪ–ਆਲੋਚਨਾ ਉਪਰੋਕਤ ਮਾਰਕਸਵਾਦੀ–ਚਿੰਤਕਾਂ ਦੇ ਸੁਮੱਚਤਾ ਤੇ ਪ੍ਰਤੀਨਿਧਤਾ ਦੇ ਸੰਕਲਪਾਂ ਨੂੰ ਹੀ ਯਥਾਰਥਕ ਗਲਪ–ਬਿੰਬ ਸਿਰਜਨ ਦਾ ਆਧਾਰ–ਤੱਤ ਕਿਆਸ ਕਰਦੀ ਹੈ, ਪ੍ਰੰਤੂ ਕੇਸਰ ਗਲਪ–ਆਲੋਚਨਾ ਦੀ ਪ੍ਰਾਪਤੀ ਇਨ੍ਹਾਂ ਸਾਹਿਤਕ–ਮਾਡਲਾਂ ਨੂੰ ਫ਼ੈਸ਼ਨ–ਪ੍ਰਸਤੀ ਦੇ ਪ੍ਰਭਾਵ ਅਧੀਨ ਗ੍ਰਹਿਣ ਕਰਨ ਦੀ ਬਜਾਇ ਇਨ੍ਹਾਂ ਮਾਡਲਾਂ ਦੇ ਮੁੱਲਾਂ ਨੂੰ ਹੂ–ਬੁ–ਹੂ ਗ੍ਰਹਿਣ ਕਰਨ ਦੀ ਥਾਂ ਇਨ੍ਹਾਂ ਮਾਡਲਾਂ ਨੂੰ ਪੰਜਾਬੀ ਸਾਹਿਤ ਦੀ ਪਰੰਪਰਾ ਤੇ ਪਸਾਰਾਂ ਦੇ ਅਨੁਰੂਪ ਢਾਲਕੇ ਨਵ–ਸਿਰਜਨ ਜਾਂ ਪ੍ਰਸੰਗਿਕ ਕਰਨ ਦਾ ਕਾਰਜ ਕਰਨ ਵਿਚ ਅਤੇ ਇਨ੍ਹਾਂ ਮਾਡਲਾਂ ਦੇ ਮੂਲ ਦੀ ਤਲਾਸ਼ ਕਰਕੇ ਧਾਰਨ ਕਰਨ ਵਿਚ ਨਿਹਿਤ ਹੈ। ਜਿਵੇਂ ਜਾਰਜ ਲੁਕਾਚ ਤੇ ਰੈਲਫ ਫ਼ਾਕਸ ਦੀਆਂ ਧਾਰਨਾਵਾਂ ਨੂੰ ਮਾਰਕਸ ਤੇ ਏਂਗਲਜ਼ ਨਾਲ ਸੰਬਧਿਤ ਕਰਦੀ ਇਸ ਆਲੋਚਨਾ ਦਾ ਮੱਤ ਹੈ :
ਯਥਾਰਥਵਾਦੀ ਨਾਵਲੀ ਦੇ ਸੌਂਦਰਯ–ਸ਼ਾਸਤਰ ਦੀ ਉਸਾਰੀ ਵਿਚ ਹੰਗੇਰੀਅਨ ਚਿੰਤਨ ਲੁਕਾਚ ਅਤੇ ਇਕ ਅੰਗਰੇਜ਼ ਆਲੋਚਕ ਰੈਲਫ ਫਾਕਸ ਦਾ ਯੋਗਦਾਨ ਮਹੱਤਵਪੂਰਨ ਹੈ। ਉਨ੍ਹਾਂ ਦੋਹਾਂ ਦਾ ਵਿਚਾਰ ਹੈ ਕਿ ਨਾਵਲ ਸੰਪੂਰਨ ਮਾਨਵ (the whole) ਦੀ ਅਭਿਵਿਅਕਤੀ ਹੈ ਅਤੇ ‘ਸੰਪੂਰਨ ਮਾਨਵ‘ ਦੀ ਅਭਿਵਿਅਕਤੀ ‘ਪੂਰੇ ਸਮਾਜ‘ ਦੇ ਸੰਦਰਭ ਵਿਚ ਹੀ ਹੋ ਸਕਦੀ ਹੈ।(ਇਹ) ਲੁਕਾਚ ਤੇ ਫਾਕਸ ਦੇ ਗਲਪ–ਸ਼ਾਸਤਰ ਦਾ ਸਿਧਾਂਤਕ ਆਧਾਰ ਮੋਟੇ ਤੌਰ ‘ਤੇ, ਮਾਰਕਸ–ਏੱਗਲਜ਼ ਦੀਆਂ ਕੁਝ ਟਿੱਪਣੀਆਂ(observation) ਹਨ।9
ਇਸ ਪ੍ਰਕਾਰ ਇਹ ਗਲਪ–ਆਲੋਚਨਾ ਇਨ੍ਹਾਂ ਸੰਕਲਪਾਂ ਦੀ ਮੂਲ ਪ੍ਰਕਿਰਤੀ ਦੇ ਅਨੁਕੂਲ ਹੀ ਇਨ੍ਹਾਂ ਦੀਆਂ ਨਵੀਨ ਸੰਭਾਵਨਾਵਾਂ ਨੂੰ ਉਜਾਗਰ ਕਰਦੀ ਹੈ ਅਤੇ ਇਨ੍ਹਾਂ ਵਿਚ ਵਧੇਰੇ ਸਪੱਸ਼ਟਤਾ ਤੇ ਮੌਲਿਕਤਾ ਦਾ ਸੰਚਾਰ ਕਰਦੀ ਹੋਈ ਇਨ੍ਹਾਂ ਦੇ ਮੂਲ ਸੁਭਾਅ ਨੂੰ ਕਾਇਮ ਰੱਖਦੀ ਆਪਣੀ ਆਲੋਚਨਾਤਮਿਕ–ਪਹੁੰਚ ਦਾ ਵਿਕਾਸ ਕਰਦੀ ਹੈ।
ਇਸ ਤੋਂ ਇਲਾਵਾ ਕੇਸਰ ਗਲਪ–ਆਲੋਚਨਾ ਦੀ ਇਕ ਵਿਸ਼ੇਸ਼ਤਾ ਗਲਪੀ–ਸਿਰਜਨਾ ਦੀ ਹੋਂਦ–ਵਿਧੀ ਬਾਰੇ ਵਿਚਾਰ ਕਰਨ ਵਿਚ ਵੀ ਲੁਪਤ ਹੈ, ਜਿਸ ਦੇ ਅੰਤਰਗਤ ਇਹ ਗਲਪ–ਆਲੋਚਨਾ ਗਲਪ–ਸਿਰਜਨਾ ਦੀ ਹੋਂਦ ਨੂੰ ਸਮਾਜ–ਸਾਖੇਪ ਸਿਰਜਨਾ ਕਿਆਸ ਕਰਦੀ ਹੋਈ ਰਚਨਾਕਾਰ ਦੀ ਸਵੈ–ਅਭਿਵਿਅਕਤੀ ਤੇ ਸਮਾਜਿਕ–ਸੱਚ ਦੇ ਦਵੰਦਾਤਮਿਕ ਸੰਬੰਧਾਂ ਉੱਤੇ ਅਧਾਰਿਤ ਉਪਯੋਗਿਕਤਾ–ਮੂਲਕ ਕਿਰਤ ਸਵੀਕਾਰਦੀ ਹੈ। ਅਜਿਹਾ ਕਰਦੇ ਸਮੇਂ ਕੇਸਰ ਗਲਪ–ਆਲੋਚਨਾ ਆਪਣੀ ਸੰਤੁਲਿਤ ਸਿਧਾਂਤਕ ਸੂਝ ਦੁਆਰਾ ਇਸ ਨੁਕਤੇ ਤੋਂ ਵੀ ਸੁਚੇਤ ਹੈ ਕਿ ਵਿਚਾਰਕ ਤੱਤਾਂ ਨਾਲ ਲਬਰੇਜ਼ ਤੇ ਸੁਹਜਾਤਮਿਕ ਤੱਤਾਂ ਤੋਂ ਨਿਰਲੇਪ ਕੋਈ ਗਲਪੀ–ਸਿਰਜਨਾ ਨਿਰੋਲ ਪ੍ਰਚਾਰ ਦਾ ਦਰਜਾ ਪ੍ਰਾਪਤ ਕਰ ਜਾਂਦੀ ਹੈ। ਇਸ ਪ੍ਰਕਾਰ ਦੀ ਸਿਰਜਨਾ ਕੇਸਰ ਗਲਪ–ਆਲੋਚਨਾ ਲਈ ਕਿਸੇ ਵੀ ਪੱਧਰ ‘ਤੇ ਸਾਹਿਤਕ–ਕਿਰਤ ਦਾ ਦਰਜਾ ਨਹੀਂ ਰੱਖਦੀ, ਸਗੋਂ ਇਸ ਗਲਪ–ਆਲੋਚਨਾ ਲਈ ਪ੍ਰਮਾਣਿਕ ਗਲਪ–ਸਿਰਜਨਾ ਸੋਚ ਤੇ ਸੁਹਜ ਦੀ ਸੰਯੁਕਤੀ ਪੇਸ਼ ਕਰਦੀ ਹੈ, ਇਸ ਸੰਯੁਕਤੀ ਦਾ ਨਿਬਾਹ ਕਰਨਾ ਰਚਨਾਕਾਰ ਦੀ ਮਰਜ਼ੀ ਉੱਤੇ ਅਧਾਰਿਤ ਨਹੀਂ ਸਗੋਂ ਇਹ ਗਲਪ–ਸਿਰਜਨਾ ਦੀ ਹੋਂਦ–ਵਿਧੀ ਦੀ ਮਜ਼ਬੂਰੀ ਦਾ ਪਰਿਣਾਮ ਹੈ।
ਯਥਾਰਥਵਾਦੀ ਸਾਹਿਤਕ ਕਿਰਤ ਦੀ ਰਚਨਾ ਪ੍ਰਕਿਰਿਆ ਦਾ ਮੁੱਖ ਆਧਾਰ ਪੂਰਵ–ਪ੍ਰਾਪਤ ਸ਼ਿਲਪ–ਗਿਆਨ ਨਹੀਂ ਹੁੰਦਾ, ਸਗੋਂ ਜੀਵਨ–ਯਥਾਰਥ ਦਾ ਉਹ ਪੈਟਰਨ ਹੁੰਦਾ ਹੈ ਜਿਸ ਨੂੰ ਸਾਹਿਤਕਾਰ ਨੇ ਆਪ ਖੋਜਿਆ ਤੇ ਅਨੁਭਵਿਆ ਹੁੰਦਾ ਹੈ। ਉਹ ਨਾ ਤਾਂ ਪੂਰਵ–ਪ੍ਰਾਪਤ ਸ਼ਿਲਪ–ਗਿਆਨ ਨੂੰ ਪ੍ਰਾਪਤ ਯਥਾਰਥ ਉੱਤੇ ਠੋਸਦਾ ਹੈ ਤੇ ਨਾ ਹੀ ਆਪਣੇ ਅਨੁਭਵ ਕੀਤੇ ਯਥਾਰਥ ਨੂੰ ਆਪ ਮੁਹਾਰੇ ਕਲਾ–ਕਿਰਤ ਵਿਚ ਰੂਪਾਂਤਿਰਤ ਹੋ ਜਾਣ ਦੀ ਖੁੱਲ੍ਹ ਦਿੰਦਾ ਹੈ। ਉਹ ਕਿਸੇ ਅੰਤਮ ਮਨੋਰਥ ਨੂੰ ਮੁੱਖ ਰੱਖ ਕੇ, ਪੂਰਵ ਪ੍ਰਾਪਤ ਸ਼ਿਲਪ–ਔਜ਼ਾਰਾ ਨਾਲ ਰਚਨਾ–ਪ੍ਰਕਿਰਿਆ ਵਿਚ ਬੁਝਦਾ ਹੈ, ਪਰ ਇਸ ਪ੍ਰਕਿਰਿਆ ਦੇ ਦੌਰਾਨ ਅਨੁਭਵ ਠੀਕ ਯਥਾਰਥ ਦੀ ਕੱਚੀ ਸਮੱਗਰੀ ਦਾ ਤਕਾਜ਼ਾ ਉਸ ਨੂੰ ਆਪਣੇ ਆਰੰਭਕ ਮਨੋਰਥ ਅਤੇ ਸ਼ਿਲਪ–ਗਿਆਨ ਵਿਚ ਤਬਦੀਲੀ ਕਰਨ ਲਈ ਮਜ਼ਬੂਰ ਕਰਦਾ ਹੈ।10
ਪ੍ਰੰਤੂ ਇਸ ਪ੍ਰਸੰਗ ਵਿਚ ਕਈ ਵਾਰ ਕੇਸਰ ਗਲਪ–ਆਲੋਚਨਾ ਗਲਪੀ–ਰਚਨਾ ਦੇ ਸਮਾਜਿਕ ਤੇ ਸੁਹਜਾਤਮਿਕ ਪਹਿਲੂਆਂ ਦਾ ਵਿਸ਼ਲੇਸ਼ਣ ਕਰਦੀ ਹੋਈ ਤੱਤਵਾਦੀ–ਆਲੋਚਨਾ ਦੇ ਅਰਥ–ਖੇਤਰ ਵਿਚ ਪ੍ਰਵੇਸ਼ ਕਰ ਜਾਂਦੀ ਹੈ, ਜਿਸ ਅਧੀਨ ਇਹ ਗਲਪ–ਆਲੋਚਨਾ ਗਲਪੀ–ਸਿਰਜਨਾ ਨੂੰ ‘ਕੱਥ ਤੇ ਵੱਥ‘ ਦੇ ਮੋਟੇ ਜਿਹੇ ਰੂਪ ਵਿਚ ਵਿਭਾਜਤ ਕਰਦੀ ਗਲਪੀ–ਸਿਰਜਨਾ ਨੂੰ ਪਾਤਰ–ਚਿੱਤਰਣ, ਰਚਨਾ–ਵਸਤੂ, ਭਾਸ਼ਾ–ਸ਼ੈਲੀ ਤੇ ਸਾਹਿਤਕ–ਯੋਗਦਾਨ ਵਰਗੇ ਸਿਰਲੇਖਾਂ ਅਧੀਨ ਵਿਚਾਰਨ ਲਈ ਕਾਰਜਸ਼ੀਲ ਹੋ ਜਾਂਦੀ ਹੈ। ਵਿਸ਼ਲੇਸ਼ਣ ਤੇ ਮੁੱਲਾਂਕਣ ਦੀ ਇਸ ਪ੍ਰਕਾਰ ਦੀ ਵਿਧੀ ਨਿਰਸੰਦੇਹ ਗਲਪੀ–ਸਿਰਜਨਾ ਦੇ ਸੰਪੂਰਨ ਅਧਿਐਨ ਨੂੰ ਦਰਕਿਨਾਰ ਕਰਨ ਦੀ ਵਿਸੰਗਤੀਆਂ ਨਾਲ ਭਰਪੂਰ ਹੈ। ਇਸ ਦੇ ਨਾਲ ਹੀ ਕੇਸਰ ਗਲਪ–ਆਲੋਚਨਾ ਵਿਕੋਲਿਤਰੇ ਰੂਪ ਵਿਚ ਰਚਨਾਕਾਰ ਦੀ ਜੀਵਨ–ਦ੍ਰਿਸ਼ਟੀ ਤੇ ਰਚਨਾ–ਦ੍ਰਿਸ਼ਟੀ ਦੇ ਅੰਤਰ–ਸੰਬੰਧਾਂ ਤੇ ਅੰਤਰ–ਦਵੰਦਾਂ ਨੂੰ ਵਿਚਾਰਦੀ ਹੋਈ ਕੋਈ ਵਾਰ ਗਲਪੀ–ਪਾਠ ਦੀ ਸਤੱਹੀ–ਸੰਰਚਨਾ ਤੱਕ ਹੀ ਸੀਮਿਤ ਹੋ ਜਾਂਦੀ, ਰਚਨਾਕਾਰ ਦੀਆਂ ਸਮੁੱਚੀਆਂ ਸਿਰਜਨਾਵਾਂ ਦਾ ਠੀਕ ਮੁਤੱਲਿਆ ਕਰਨ ਤੋਂ ਅਵੇਸਲੀ ਵੀ ਰਹਿ ਜਾਂਦੀ ਹੈ। ਇਸ ਪ੍ਰਕਾਰ ਦੀ ਇਕ ਉਦਾਹਰਨ ਕੇਸਰ ਗਲਪ–ਆਲੋਚਨਾ ਦੁਆਰਾ ਸੁਜਾਨ ਸਿੰਘ ਦੀ ਕਹਾਣੀ–ਸਿਰਜਨਾ ਦੇ ਅਧਿਐਨ–ਵਿਸ਼ਲੇਸ਼ਣ ਵਿਚੋਂ ਦ੍ਰਿਸ਼ਟੀਗੋਚਰ ਹੁੰਦੀ ਹੈ, ਜਿਸ ਅਧੀਨ ਕੇਸਰ ਗਲਪ–ਆਲੋਚਨਾ ਸੁਜਾਨ ਸਿੰਘ ਦੇ ਜੀਵਨਪਰਕ–ਵੇਰਵਿਆਂ ਨਾਲ ਉਸਦੀ ਦੀ ਜੀਵਨ–ਦ੍ਰਿਸ਼ਟੀ ਦਾ ਨਿਰਧਾਰਨ ਕਰਦੀ ਹੋਈ ਅੱਗੋਂ ਰਚਨਾ–ਦ੍ਰਿਸ਼ਟੀ ਨੂੰ ਉਲੀਕਣ ਦੇ ਯਤਨ ਅਧੀਨ ਵਿਸ਼ਲੇਸ਼ਣ ਕਰਦੀ ਹੈ ਅਤੇ ਸੁਜਾਨ ਸਿੰਘ ਨੂੰ ਯਥਾਰਥਵਾਦੀ ਅਤੇ ਇਤਿਹਾਸਕ ਅਨਿਵਾਰਤਾ ਨੂੰ ਪੇਸ਼ ਕਰਨ ਵਾਲਾ ਕਹਾਣੀਕਾਰ ਕਿਆਸ ਕਰਦੀ ਹੈ। ਇਥੇ ਕੇਸਰ ਗਲਪ–ਆਲੋਚਨਾ ਦੀ ਸਮੱਸਿਆ ਸੁਜਾਨ ਸਿੰਘ ਦੀ ਕਹਾਣੀ–ਸਿਰਜਨਾ ਵਿਚੋਂ ਉਭਰਦੇ ਸਮਾਜਵਾਦੀ ਗਲਪੀ–ਬਿੰਬ ਦੀ ਉਪਭਾਵੁਕਤਾ ਨੂੰ ਅਣਗੋਲਿਆਂ ਕਰਨ ਵਿਚ ਨਜ਼ਰੀ ਪੈਂਦੀ ਹੈ। ਜਿਸ ਅਧੀਨ ਇਹ ਗਲਪ–ਆਲੋਚਨਾ ਸੁਜਾਨ ਸਿੰਘ ਦੀਆਂ ਜੀਵਨ–ਸਥਿਤੀਆਂ ਦੇ ਪ੍ਰਭਾਵ ਅਧੀਨ ਉਸਦੇ ਵਿਅਕਤਿਤਵ ਵਿਚ ਪ੍ਰਵੇਸ਼ ਪਾਉੱਦੀ ਉਪਭਾਵੁਕਤਾ ਅਤੇ ਉਪਭਾਵੁਕਤਾ ਅਧਾਰਿਤ ਰਚਨਾ–ਦ੍ਰਿਸ਼ਟੀ (ਵਿਕੋਲਿਤਰੇ ਰੂਪ ਵਿਚ) ਕਾਰਨ ਉਸਦੇ ਗਲਪੀ–ਬਿੰਬ ਦੀ ਅਣਯਥਾਰਥਕਤਾ,ਸਤਹੀ–ਪੱਧਰ ਤੇ ਪੂਰਬ–ਆਗ੍ਰਹੀ (prejudice) ਦ੍ਰਿਸ਼ਟੀ ਦੀ ਹੋਂਦ ਪ੍ਰਕਿਰਿਆ ਨੂੰ ਪ੍ਰੋਖੇ ਕਰਦੀ ਹੈ। ਜਿਸ ਕਾਰਨ ਸੁਜਾਨ ਸਿੰਘ ਦੀ ਕਹਾਣੀ–ਸਿਰਜਨਾ ਵਿਚੋਂ ਸਮਾਜਵਾਦ ਦਾ ਵਿਗਿਆਨਿਕ ਤੇ ਬੌਧਿਕ ਸਰੂਪ ਉਜਾਗਰ ਹੋਣ ਦੀ ਬਜਾਇ ਉਪਭਾਵੁਕਤਾ ਨਾਲ ਸੰਮਲਿਤ ਸਰੂਪ ਹੀ ਉਭਰਦਾ ਹੈ।
ਪ੍ਰੰਤੂ ਇਸ ਦੇ ਬਾਵਜੂਦ ਵੀ ਕੇਸਰ ਗਲਪ–ਆਲੋਚਨਾ ਦੀ ਪ੍ਰਮੁੱਖ ਪ੍ਰਾਪਤੀ ਪੰਜਾਬੀ ਗਲਪ–ਸਾਹਿਤ ਨੂੰ ਸਮਾਜ, ਸਿਆਸਤ ਤੇ ਸਭਿਆਚਾਰ ਨਾਲ ਸੰਬੰਧਿਤ ਕਰਕੇ ਇਸ ਨੂੰ ਭਾਰਤੀ/ਪੰਜਾਬੀ ਜਮਾਤੀ–ਖਾਸੇ ਅਨੁਸਾਰ ਸਮਝਣ ਦੇ ਯਤਨ ਅਤੇ ਪਾਠਕ ਨੂੰ ਇਤਿਹਾਸਕ ਤੇ ਵਿਚਾਰਧਾਰਕ ਸੁਚੇਤਨਾ ਪ੍ਰਦਾਨ ਕਰਦੀ ਹੋਈ ਵਿਕਾਸਮਈ ਭਵਿੱਖਮੁੱਖੀ ਪਰਿਵਰਤਨ ਨੂੰ ਦ੍ਰਿੜ ਕਰਵਾਉਣ ਵਿਚ ਨਿਹਿਤ ਹੈ। ਇਸ ਅਧੀਨ ਇਹ ਗਲਪ–ਆਲੋਚਨਾ ਪਹਿਲੀ ਪੀੜ੍ਹੀ ਦੀ ਮਾਰਕਸਵਾਦੀ ਪੰਜਾਬੀ ਗਲਪ–ਆਲੋਚਨਾ ਦੀਆਂ ਸੀਮਾਵਾਂ ਤੇ ਸਮੱਸਿਆਵਾਂ ਤੋਂ ਸੁਚੇਤ ਪਾਠ ਤੇ ਪ੍ਰਸੰਗ ਦੇ ਦਵੰਦਾਤਮਿਕ ਸੰਬੰਧਾਂ ਨੂੰ ਵੇਖਣ ਵਾਲੀ ਪ੍ਰਮਾਣਿਕ ਵਿਧੀ ਨੂੰ ਅੰਤਰ–ਅਨੁਸ਼ਾਸਨੀ ਤੇ ਤੁਲਾਨਾਤਮਿਕ ਪਹੁੰਚ ਨਾਲ ਅਖ਼ਤਿਆਰ ਵੇਖਦੀ ਅਤੇ ਅਧਿਆਪਨੀ–ਸ਼ੈਲੀ ਦੁਆਰਾ ਵਿਗਿਆਨਿਕ ਤੇ ਆਲੋਚਨਾਤਮਿਕ ਸੰਕਲਪਾਂ ਨੂੰ ਸਾਹਿਤ ਤੇ ਸਮਾਜਿਕ ਸੰਦਰਭ ਵਿਚ ਸਪੱਸ਼ਟ ਕਰਦੀ ਹੈ। ਨਿਰਸੰਦੇਹ, ਕੇਸਰ ਗਲਪ–ਆਲੋਚਨਾ ਪੰਜਾਬੀ ਦੇ ਆਲੋਚਨਾਤਮਿਕ ਅਨੁਸ਼ਾਨਸਨ ਦਾ ਇਕ ਨਿਵੇਕਲਾ ਤੇ ਵਿਲੱਖਣ ਪਸਾਰ ਤੇ ਪ੍ਰਾਪਤੀ ਹੈ।
ਹਵਾਲੇ ਤੇ ਟਿੱਪਣੀਆਂ
1. ਮਾਰਕਸ ਏਂਗਲਜ਼, ਕਮਿਊਨਿਸਟ ਪਾਰਟੀ ਦਾ ਮੈਨੀਫ਼ੈਸਟੋ, ਪੰਨਾ-29
2. ਓਮ ਪ੍ਰਕਾਸ਼ ਗਰੇਵਾਲ, ‘ਸਾਹਿਤ ਔਰ ਵਿਚਾਰਧਾਰਾ‘, ਮਾਰਕਸਵਾਦੀ ਸੌਂਦਰਯ ਸ਼ਾਸਤਰ, ਸੰਪਾ਼ ਕਮਲਾ ਪ੍ਰਸਾਦ, ਮੈਨੇਜਰ ਪਾਂਡੇ, ਗਿਆਨ ਰੰਜਨ, ਪੰਨਾ-28-29
3. ਜਸਬੀਰ ਕੇਸਰ (ਸੰਪਾ਼), ਕੇਸਰ ਸਿੰਘ ਕੇਸਰ ਗਲਪ ਚਿੰਤਨ, ਪੰਨਾ-80
4. ਟੀ. ਆਰ. ਵਿਨੋਦ, ਪੰਜਾਬੀ ਆਲੋਚਨਾ ਸ਼ਾਸਤਰ, ਪੰਨਾ-53
5. ਕੇਸਰ ਸਿੰਘ ਕੇਸਰ, ਗਲਪ ਚਿੰਤਨ, ਪੰਨਾ-142
6. ਉਹੀ, ਪੰਨਾ-49
7. ਗਲਪ–ਰਚਨਾ ਵਿਚ ਟਾਈਪ–ਸਿਰਜਨ ਦਾ ਉਹੀ ਮਹੱਤਵ ਹੈ ਜੋ ਕਵਿਤਾ ਵਿਚ ਮੈਟਾਫਰ (ਜਾਂ ਰੂਪਕ)ਸਿਰਜਨ ਦਾ ਹੈ, ‘ਟਾਈਪ‘ ਜਾਂ ‘ਨਮੂਨਾ‘ ਇਕ ਲਘੂ–ਬ੍ਰਹਿਮੰਡ ਹੁੰਦਾ ਹੈ ਜਿਸ ਵਿਚੋਂ ਵਿਰਾਟ ਬ੍ਰਹਿਮੰਡ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਇਕ ਪਰਿਸਥਿਤੀ ਤੇ ਇਕੱਲਾ ਪਾਤਰ ਹੀ ਨਹੀਂ, ਪੂਰੇ ਦਾ ਪੂਰਾ ਨਾਵਲ ਹੀ ਇਕ‘ਟਾਈਪ‘ ਜਾਂ ਇਕ ‘ਨਮੂਨਾ‘ ਹੋ ਨਿਬੜਦਾ ਹੈ। ਕੇਸਰ ਸਿੰਘ ਕੇਸਰ, ਗਲਪ ਚਿੰਤਨ, ਪੰਨਾ-23
8. ਬੋਰਿਸ ਸ਼ਚਕੋਵ, ਯਥਾਰਥਵਾਦ ਦਾ ਇਤਿਹਾਸ, ਪੰਨਾ-96
9. ਕੇਸਰ ਸਿੰਘ ਕੇਸਰ, ਗਲਪ ਚਿੰਤਨ, ਪੰਨਾ-22
10. ਉਹੀ, ਪੰਨਾ-20
https://sahitchintan.blogspot.com/