ਯੋਗ: ਇਤਿਹਾਸਿਕ ਪਿਛੋਕੜ ਅਤੇ ਵਰਤਮਾਨ

Estimated read time 1 min read
ਯੋਗ ਸ਼ਬਦ ਮੂਲ ਰੂਪ ਵਿੱਚ ਯੁਜਧਾਤੂ ਤੋਂ ਬਣਿਆ  ਹੈ। ਜਿਸਦਾ ਅਰਥ ਹੈ- ਜੋੜਣਾ ਜਾਂ ਜੋਤਣਾ । ਯੋਗ  ਸਰੀਰ, ਮਨ ਅਤੇ ਆਤਮਾ, ਇਹਨਾਂ ਤਿੰਨਾਂ ਨੂੰ ਇਕ-ਸਾਰ ਕਰਨ ਦੀ ਪੁਰਾਤਨ ਵਿਧੀ ਦਾ ਨਾਮ ਹੈ। ਜਿਸ ਦੀ ਸਥਾਪਨਾ ਭਾਵੇਂ ਵੈਦਿਕ-ਕਾਲ ਵਿਚ ਭਾਰਤੀ ਰਿਸ਼ੀਆਂ ਨੇ ਕੀਤੀ, ਪਰ ਸਮੇਂ ਦੇ ਗੇੜ ਨਾਲ ਇਹ ਵਿਧੀ ਬੋਧ, ਜੈਨ, ਮੁਸਲਿਮ-ਸੂਫੀ ਸੰਤਾਂ ਸਮੇਤ ਇਸਾਈ ਮੱਤ ਵਿਚ ਵੀ ਅਪਣੇ ਰੂਪ ਨੂੰ ਥੌੜਾਬਹੁਤ ਬਦਲਦੇ ਹੋਏ ਪਾਈ ਜਾਣ ਲੱਗੀ । ਯੋਗ ਦੀ ਮੁੱਢਲੀ ਜਾਣਕਾਰੀ ਬੇਸ਼ੱਕ ਸਾਨੂੰ ਪਤੰਜ਼ਲੀ ਦੇ “ਯੋਗ ਸੂਤਰ” ਜਾਂ “ਯੋਗ ਦਰਸ਼ਨ” ਗ੍ਰੰਥ ਵਿਚੋਂ ਪ੍ਰਾਪਤ ਹੁੰਦੀ ਹੈ, ਪਰ ਇਸ ਦੇ ਟੁੱਟਵੇਂ ਸਬੂਤਾਂ ਦੀ ਲੜੀ ਸਾਨੂੰ ਹੜੱਪਾ ਅਤੇ ਸਿੰਧੂ ਘਾਟੀ ਦੀ ਸੱਭਿਅਤਾ ਤੱਕ ਲੈ ਪਹੁੰਚਦੀ ਹੈ। ਸਿੰਧੂ ਘਾਟੀ ਦੀ ਖੁਦਾਈ ਦੌਰਾਨ ਪ੍ਰਾਪਤ ਹੋਈਆਂ ਮੂਰਤੀਆਂ ਦੀ ਅਵਸਥਾ ਦਾ ਅਧਿਐਨ ਕਰਦਿਆਂ ਕਈ ਵਿਦਵਾਨਾਂ ਨੇ ਯੋਗ ਦੀ ਆਰੰਭਤਾ ਆਰੀਆਪੂਰ ਐਲਾਨੀ ਹੈ,ਪਰ ਫਿਰ ਵੀ ਇਹ ਵਿਚਾਰ ਅਜੇ ਤੱਕ ਸਰਬ-ਪ੍ਰਵਾਣਿਤ ਨਹੀਂ ਹੋ ਸਕਿਆ ਕੇ ਯੋਗ ਵਾਸਤਵ ਵਿਚ ਇਤਿਹਾਸ ਦੇ ਕਿਸ ਪੜਾਅ ਉੱਪਰ ਹੋਂਦ ਵਿਚ ਆਇਆ। ਯੋਗ ਬਾਬਤ ਜੋ ਵਿਚਾਰ ਬਹੁ-ਗਿਣਤੀ ਵਿਦਵਾਨਾਂ ਅੰਦਰ ਸਰਬ-ਸੰਮਤੀ ਰੱਖਦਾ ਹੈ, ਉਹ ਇਹ ਹੈ ਕੇ ਲਿਖਤ ਰੂਪ ਵਿਚ ਯੋਗ ਦਾ ਆਰੰਭ ਉਪਨਿਸ਼ਦ ਕਾਲ ਤੋਂ ਹੋਇਆ ਅਤੇ ਇਸ ਉਪ੍ਰੰਤ ਮਹਾਂਭਾਰਤ, ਗੀਤਾ ਦੇ ਨਾਲ-ਨਾਲ ਪਤੰਜਲੀ ਦੇ ਯੋਗ ਸੂਤਰ ਇਸ ਦੇ ਆਰੰਭਿਕ ਅਤੇ ਮੁੱਖ ਗ੍ਰੰਥਾਂ ਵਜੋਂ ਸਾਹਮਣੇ ਆਏ। ਇੱਕ ਹੋਰ ਵਿਚਾਰ ਅਨੁਸਾਰ, ਯੋਗ ਦਾ ਸੰਬੰਧ ਸਾਂਖ ਸ਼ਾਸਤਰ ਨਾਲ ਵੀ ਜੋੜਿਆ ਜਾਂਦਾ ਰਿਹਾ ਹੈ। ਦਰਅਸਲ ਸਾਂਖ ਅਤੇ ਯੋਗ ਆਪਸ ਵਿਚ ਏਨੇ ਇਕ-ਸੁਰ ਹਨ ਕੇ ਦੋਵਾਂ ਵਿਚਕਾਰ ਮੁੱਖ-ਭੇਦ ਕਰਨ ਲਈ ਵਿਦਵਾਨਾਂ ਨੇ ਯੋਗ ਨੂੰ ਈਸ਼ਵਰ ਸਹਿਤਅਤੇ ਸਾਂਖ ਨੂੰ ਈਸ਼ਵਰ ਰਹਿਤਸਵੀਕ੍ਰਿਤ ਕੀਤਾ ਹੈ। ਇਸ ਵਜ੍ਹਾ ਕਾਰਨ ਅਧਿਐਨ ਦ੍ਰਿਸ਼ਟੀ ਤੋਂ ਸਾਂਖ ਅਤੇ ਯੋਗ ਇੱਕ ਹੀ ਸਿੱਕੇ ਦੇ ਦੋ ਪਹਿਲੂਆਂ ਵਜੋਂ ਸਾਡੇ ਸਾਹਮਣੇ ਆਉਂਦੇ ਹਨ। ਭਗਵਦਗੀਤਾਦੇ ਇੱਕ ਸ਼ਲੋਕ ਅਨੁਸਾਰ ਤਾਂ ਸਾਂਖ ਅਤੇ ਯੋਗ ਦੋ ਵੱਖ-ਵੱਖ ਚੀਜਾਂ ਹਨ, ਇਹ ਆਖਣਾ ਹੀ ਮੂਰਖਾਂ ਦੀ ਨਿਸ਼ਾਨੀ ਹੈ, ਕਿਉਂ ਕਿ ਵਿਦਵਾਨ ਦੋਵਾਂ ਨੂੰ ਇੱਕ ਹੀ ਸਮਝਦੇ ਹਨ ਯੋਗ ਵਿੱਦਿਆ ਵਿੱਚ ਸ਼ਿਵ ਨੂੰ ਪਹਿਲਾ ਜਾਂ ਆਦਿ ਯੋਗੀ ਸਵੀਕ੍ਰਿਤ ਕੀਤਾ ਜਾਂਦਾ ਹੈ। ਕਈ ਹਜ਼ਾਰ ਸਾਲ ਪਹਿਲਾਂ, ਹਿਮਾਲਿਆ ਦੇ ਕਾਂਤੀ ਸਰੋਵਰ ਝੀਲ ਦੇ ਤਟਾਂ ਤੇ ਕਿਹਾ ਜਾਂਦਾ ਹੈ ਕਿ ਸ਼ਿਵ ਨੇ ਅਪਣੇ ਪ੍ਰਬੁੱਧ ਗਿਆਨ ਨੂੰ ਅਪਣੇ ਸੁਪ੍ਰਸਿੱਧ ਸਪਤ-ਰਿਸ਼ੀਆਂ ਨੂੰ ਪ੍ਰਦਾਨ ਕੀਤਾ ਸੀ। ਜਿਹਨਾਂ ਨੇ ਅਗਾਂਹ ਇਹ ਗਿਆਨ ਏਸ਼ੀਆ, ਮੱਧਪੂਰਬ, ਉੱਤਰੀਰੀਕ , ਦੱਖਣੀਅਮਰੀਕਾ ਆਦਿ ਦੇ ਵਿਭਿੰਨ ਖੇਤਰਾਂ ਤੱਕ ਪਹੁੰਚਾਇਆ।


                       


ਯੋਗ ਕੀ ਹੈ ? ਇਹ ਪ੍ਰਸ਼ਨ ਵੀ ਫਿਲਹਾਲ ਅਪਣੇ ਯੋਗ ਉੱਤਰ ਨੂੰ ਪ੍ਰਾਪਤ ਨਹੀਂ ਹੋ ਸਕਿਆ। ਇਤਿਹਾਸਿਕ ਸੰਦਰਭਾਂ ਵਿਚ ਸਭ ਤੋਂ ਪਹਿਲਾਂ ਯੋਗਸ਼ਬਦ ਸਾਨੂੰ ਰਿਗਵੇਦ ਵਿਚ ਪ੍ਰਾਪਤ ਹੁੰਦਾ ਹੈ, ਪਰ ਉੱਥੇ ਇਸ ਸ਼ਬਦ ਦਾ ਮਤਲਬ ਰੱਥ ਵਿਚ ਗਧੇ ਆਦਿ ਨੂੰ ਜੋੜਣਾਹੈ ਨਾਂ ਕੇ ਕਿਸੇ ਪ੍ਰਕਾਰ ਦੀ ਕੋਈ ਸਰੀਰਕ ਕਿਰਿਆ ਕਰਨਾ। ਕੁੱਝ ਵਿਦਵਾਨ ਇਹ ਵੀ ਦਾਅਵਾ ਕਰਦੇ ਹਨ ਕਿ ਯੋਗ ਵੇਦਾਂ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਹੀ ਇੱਥੋਂ ਦੇ ਆਦਿਵਾਸੀਆਂ ਵਿਚ ਪ੍ਰਚਲਿੱਤ ਕੁੱਝ ਆਦਿਮ-ਪ੍ਰਥਾਵਾਂ ਦੇ ਰੂਪ ਵਿਚ ਮੌਜੂਦ ਸੀ, ਪਰ ਅਜਿਹੇ ਦਾਅਵਿਆਂ ਦਾ ਕੋਈ ਠੋਸ ਆਧਾਰ ਸਾਨੂੰ ਅਜੇ ਤੱਕ ਪ੍ਰਾਪਤ ਨਹੀਂ ਹੋਇਆ।  ਭਗਵਦ-ਗੀਤਾ ਵਿਚ ਯੋਗ ਦੀ ਵਰਤੋਂ ਇਕੱਲਿਆਂ ਅਤੇ ਸਾਂਝੇ ਤੌਰ ਤੇ ਕਈ ਜਗ੍ਹਾ ਹੋਈ ਪ੍ਰਾਪਤ ਹੁੰਦੀ ਹੈ, ਜਿਵੇਂ ਕੇ  ਬੁੱਧੀ ਯੋਗ , ਸੰਨਿਆਸ ਯੋਗ , ਕਰਮ ਯੋਗ ਆਦਿ । ਪਨਿਸ਼ਦ – ਕਾਲ ਵਿਚ ਸਾਨੂੰ ਅਧਿਆਤਮ ਯੋਗ , ਯੋਗ ਵਿਧੀ ਅਤੇ ਧਿਆਨ ਯੋਗ ਵਰਗੇ ਸ਼ਬਦ ਵੀ ਪ੍ਰਾਪਤ ਹੋਣ ਲੱਗੇ ਸੀ । ਕਠ ਉਪਨਿਸ਼ਦ ਵਿਚ ਯੋਗ-ਸੂਤਰਾਂ ਨਾਲ ਮੇਲ ਖਾਂਦੀ ਇੱਕ ਪਰਿਭਾਸ਼ਾ ਦੇ ਦਰਸ਼ਨ ਹੁੰਦੇ ਹਨ। ਜਿਸ ਵਿਚ ਯੋਗ ਨੂੰ ਇੰਦਰੀਆਂ ਨੂੰ ਸਥਿਰ ਕਰਨ ਵਾਲਾਕਿਹਾ ਗਿਆ ਹੈ। ਉੱਤਰ-ਵੈਦਿਕ ਕਾਲ ਵਿੱਚ ਭਗਤੀ ਅਤੇ ਹੱਠ ਯੋਗ ਵਰਗੇ ਸ਼ਬਦ ਵੀ ਮਿਲਦੇ ਹਨ। ਉਂਝ  ਹੱਠ ਯੋਗਪੰਦਰਵ੍ਹੀ ਸਦੀ ਦੌਰਾਨ ਯੋਗੀ ਸਵਤਮਰਮਾ ਦੇ ਹੱਠਯੋਗ ਪ੍ਰਦੀਪਕਾਰਾਹੀਂ ਸਾਡੇ ਸਾਹਮਣੇ ਦ੍ਰਿਸ਼ਟੀ ਗੋਚਰ ਹੁੰਦਾ ਹੈ। ਹੱਠ ਯੋਗ ਅਤੇ ਪਤੰਜਲੀ ਦਾ ਰਾਜ ਯੋਗ ਇਹ ਦੋਵੇਂ ਵੱਖੋਵੱਖ ਯੋਗ ਹਨ। ਹੱਠ ਯੋਗ ਅਪਣੇ ਕਈ ਭਿੰਨਭਿੰਨ ਰੂਪਾਂ ਦੀ ਇੱਕ ਵੱਖਰੀ ਹੀ ਸ਼ੈਲੀ ਹੈ, ਜਿਸਨੂੰ ਅਕਸਰ ਯੋਗ ਸ਼ਬਦ ਨਾਲ ਜੋੜਿਆ ਜਾਂਦਾ ਹੈ। ਪਤੰਜਲੀ ਨੇ ਅਪਣੇ ਯੋਗ ਦਰਸ਼ਨ ਵਿੱਚ ਯੋਗ ਦੀ ਪਰਿਭਾਸ਼ਾ ਕਰਦਿਆਂ ਇਸਨੂੰ ਚਿਤ ਦੀਆਂ ਵ੍ਰਿਤੀਆਂ ਨੂੰ ਰੋਕਣ ਅਤੇ ਪੂਰਨਤਾ ਤੱਕ ਜਾਣ ਦਾ ਸਾਧਨਦੱਸਿਆ ਹੈ। ਦੂਸਰੇ ਸਬਦਾਂ ਵਿੱਚ ਕਹਿ ਸਕਦੇ ਹਾਂ ਕਿ ਯੋਗ ਅਪਣੀ ਸਰਬੋਤਮ ਅਵਸਥਾ, ਸਮਾਧੀ , ਮੋਕਸ਼ ਜਾਂ ਕੈਵਲਯ ਤੱਕ ਪਹੁੰਚਣ ਲਈ ਅਪਣਾਏ ਜਾਣ ਵਾਲੇ ਸਾਧਨਾਂ ਦਾ ਨਾਂਮਾਤਰ ਹੈ। ਇਹਨਾਂ ਸਾਧਨਾਂ ਨੂੰ ਪਤੰਲੀ ਨੇ ਅਪਣੇ ਅਸ਼ਟਾਂਗ ਮਾਰਗ ਰਾਹੀਂ ਅੱਠ ਸ਼੍ਰੇਣੀਆਂ ਵਿੱਚ ਵੰਡਿਆ ਹੈ,   ਜਿਹਨਾਂ ਦਾ ਸੰਖੇਪ ਵਰਨਣ ਪ੍ਰਸਿੱਧ ਵਿਦਵਾਨ ਸ਼੍ਰੀ ਰਾਹੁਲ ਸੰਕਰਤਾਇਨ ਨੇ ਇਸ ਪ੍ਰਕਾਰ ਕੀਤਾ ਹੈ:

1.       ਯਮ : ਅਹਿੰਸਾ , ਸੱਚ , ਚੋਰੀ ਤਿਆਗ , ਬ੍ਰਹਮਚਾਰਯ ਅਤੇ ਅਪਰਗ੍ਰਿਹ ( ਭੋਗਾਂ ਦਾ ਜਿਆਦਾ ਸੰਗ੍ਰਹਿ ਨਾ ਕਰਨਾ )
2.       ਨਿਯਮ : ਸੌਚ ( ਸ਼ਰੀਰਕ ਸੁੱਧਤਾ ) , ਸ਼ੰਤੋਸ਼ , ਤਪ , ਈਸ਼ਵਰ ਭਗਤੀ ਆਦਿ ।
3.       ਆਸਣ : ਆਰਾਮ ਸਹਿਤ ਨਿਸ਼ਚਲ ਸਰੀਰ ( ਜਿਸ ਨਾਲ ਪ੍ਰਾਣਾਯਾਮ ਕਰਨ ਲਈ ਆਸਾਨੀ ਹੋਵੇ )
4.       ਪ੍ਰਾਣਾਯਾਮ : ਆਸਣਾਂ ਦੀ ਅਵਸਥਾ ਵਿੱਚ ਸਾਹ ਕਿਰਿਆ ਦੀ ਗਤੀ ਨੂੰ ਨਿਯੰਤਰਣ ਕਰਨਾ ।
5.       ਪ੍ਰਤਿਯਾਹਾਰ : ਇੰਦਰੀਆਂ ਦਾ ਵਿਸ਼ੇ ਵਿਕਾਰਾਂ ਨਾਲ ਮੇਲ ਨਾ ਹੋਣ ਦੇਣਾ ।
6.       ਧਾਰਣਾ : ਖਾਸ ਅਵਸਥਾ ਚ ਮਨ ਬਿਰਤੀਆਂ ਉੱਪਰ ਕਾਬੂ ।
7.       ਧਿਆਨ : ਧਾਰਣਾ ਦੀ ਸਥਿਤੀ ਵਿੱਚ ਮਨ ਬਿਰਤੀਆਂ ਦੀ ਇੱਕਰੂਪਤਾ ।
8.       ਸਮਾਧੀ : ਧਅੇਯ ( ਅਰਥਾਤ ਜਿਸਨੂੰ ਧਿਆਨ ਵਿੱਚ ਲਿਆਂਦਾ ਜਾ ਸਕੇ , ਜੋ ਧਿਆਨ ਦਾ ਵਿਸ਼ਾ ਹੋਵੇ , ਜਿਸਦਾ ਧਿਆਨ ਕੀਤਾ ਜਾ ਰਿਹਾ ਹੈ ਅਤੇ ਉਹ ਤੱਤ ਕਾਰਜ ਜਾਂ ਗੱਲ , ਜਿਸਨੂੰ ਧਿਆਨ ਵਿੱਚ ਰੱਖਕੇ ਉਸਦੀ ਪ੍ਰਾਪਤੀ ਲਈ ਯਤਨ ਕੀਤਾ ਜਾ ਰਿਹਾ ਹੈ) , ਧਿਆਤਾ ਅਤੇ ਧਿਆਨ ਦੇ ਗਿਆਨਾਂ ਵਿੱਚ ਜਿੱਥੇ ਧਅੇਯ ਮਾਤਰ ਦਾ ਗਿਆਨ ਪ੍ਰਗਟ ਹੁੰਦਾ ਹੈ , ਉਸਨੂੰ ਸਮਾਧੀ ਕਹਿੰਦੇ ਹਨ।
          ਰਾਹੁਲ ਸੰਕਰਤਾਇਨ ਅਨੁਸਾਰ ਹੀ “ਧਾਰਣਾ , ਧਿਆਨ ਅਤੇ ਸਮਾਧੀ ਇਹਨਾਂ ਤਿੰਨਾਂ ਅੰਤਰੰਗੀ ਯੋਗ ਅੰਗਾਂ ਨੂੰ “ਸੰਜਮ” ਵੀ ਕਿਹਾ ਜਾਂਦਾ ਹੈ ।

ਯੋਗ ਬਨਾਮ ਆਸਣ: ਯੋਗ ਸ਼ਾਸ਼ਤਰੀਆਂ ਅਤੇ ਵਿਦਵਾਨਾਂ ਨੇ ਯੋਗ ਅਤੇ ਯੋਗ ਦੇ ਨਾਮ ਅਧੀਨ ਕੀਤੀਆਂ ਜਾਂਦੀਆਂ ਵੱਖ ਵੱਖ ਤਰ੍ਹਾਂ ਦੀਆਂ ਸਰੀਰਕ ਅਵਸਥਾਵਾਂ ਨੂੰ ਅਲੱਗਅਲੱਗ ਸਵੀਕਾਰ ਕੀਤਾ ਹੈ । ਯੋਗ ਦੇ ਮੁੱਖ ਪ੍ਰਵਰਤਕ ਪਤੰਜ਼ਲੀ ਦੇ ਯੋਗ ਸੂਤਰਗ੍ਰੰਥ ਵਿੱਚ ਸ਼ਾਮਿਲ 194 ਸੂਤਰਾਂ ਵਿੱਚੋਂ ਸਿਰਫ ਇੱਕ ਸੂਤਰ ( ਸੂਤਰ ਸੰਖਿਆ ਨੰਬਰ 97 )  ਵਿਚ, ਸ਼ਬਦ ਆਸਣਪ੍ਰਾਪਤ ਹੁੰਦਾ ਹੈ, ਜਿਸ ਬਾਬਤ ਲਿਖਦਿਆਂ ਪਤੰਜ਼ਲੀ ਆਖਦਾ ਹੈ– ‘ ਸਥਿਰਸੁਖਮੰ ਆਸਣਮੰ ਅਰਥਾਤ ਆਰਾਮ ਨਾਲ ਸਥਿਰ ਬੈਠਣ ਦਾ ਨਾਮ ਹੀ ਆਸਣ ਹੈ। ਇਸ ਸੂਤਰ ਦੀ ਇੱਕ ਵਿਆਖਿਆ ਕਰਦਿਆਂ ਪੰਡਿਤ  ਕ੍ਰਿਸਣਾਮਣੀ ਤ੍ਰਿਪਾਠੀ ਜੀ ਨੇ ਅਪਣੀ ਪੁਸਤਕ  “ਯੋਗ ਦਰਸ਼ਨ ਸਮੀਕਸ਼ਾ” ਵਿੱਚ ਕਿਹਾ ਹੈ ਕੇ, ” ਇੱਥੇ ਪਤੰਜ਼ਲੀ ਨੇ ਉਹਨਾਂ ਆਸਣਾਂ ਦਾ ਵਰਨਣ ਨਹੀਂ ਕੀਤਾ, ( ਜਿਹਨਾਂ ਨੂੰ ਵੱਖਵੱਖ ਪ੍ਰਕਾਰ ਦੀਆਂ ਸਰੀਰਕ ਮੁਦਰਵਾਂ ਚ ਕੀਤਾ ਜਾਂਦਾ ਹੈ) ਸਗੋਂ ਬੈਠਣ ਦਾ ਤਰੀਕਾ ਸਾਧਕ ਦੀ ਇੱਛਾ ਤੇ ਛੱਡ ਦਿੱਤਾ ਗਿਆ ਹੈ । ਮਤਲਬ ਇਹ ਕਿ ਜੋ ਸਾਧਕ ਅਪਣੀ ਤਾਕਤ ਦੇ ਅਨੁਸਾਰ ਜਿਸ ਢੰਗ ਨਾਲ ਸੁੱਖ-ਦਾਇਕ ਸਥਿਰ ਭਾਵ ਨਾਲ, ਕਿਸੇ ਪ੍ਰਕਾਰ ਦੇ ਕਸ਼ਟ ਤੋਂ ਬਿਨਾਂ, ਜਿਆਦਾ ਸਮੇਂ ਤੱਕ ਬੈਠ ਸਕੇ, ਉਹੀ ਆਸਣ ਉਹਦੇ ਲਈ ਠੀਕ ਹੈ ਇਸ ਦੇ ਨਾਲ ਹੀ ਅਪਣੇ ਗ੍ਰੰਥ ਵਿਚਲੇ ਦੂਸਰੇ ਅਧਿਆਏ ਵਿਚ ਉਨੱਤੀਵੀਂ ਸੂਤਰ ਚ ਪਤੰਜ਼ਲੀ ਆਸਣਨੂੰ ਯੋਗ ਦਾ ਅੱਠਵਾਂ ਅੰਗ ਕਹਿੰਦਾ ਹੈ। ( ਬੋਧ-ਯੋਗ ਦੀ ਦ੍ਰਿਸ਼ਟੀ ਤੋਂ ਆਸਣ, ਯੋਗ ਦਾ 40ਵਾਂ  ਅੰਗ ਹੈ)। ਇਸ ਸੂਤਰ ਤੋਂ ਇਲਾਵਾ ਪੂਰੇ ਯੋਗ ਸੂਤਰ ਵਿਚ ਕਿਧਰੇ ਵੀ, ਕਿਸੇ ਤਰ੍ਹਾਂ ਦੇ ਆਸਣ ਦਾ ਜਿਕਰ ਸਾਨੂੰ ਨਹੀਂ ਪ੍ਰਾਪਤ ਹੁੰਦਾ। ਵਰਤਮਾਨ ਦੌਰ ਵਿਚ ਪ੍ਰਚਲਿੱਤ ਯੋਗਾਜਾਂ ਯੋਗ ਆਸਣਾਂ ਦਾ ਜ਼ਿਕਰ ਪਤੰਜ਼ਲੀ ਦੇ ਬਹੁਤ ਸਮਾਂ ਬਾਅਦ ਰਚੀਆਂ ਪੁਸਤਕਾਂ ਵਿੱਚ ਕਿਧਰੇ-ਕਿਧਰੇ ਦਿਖਾਈ ਦਿੰਦਾ ਹੈ ਅਤੇ ਉਹ ਵੀ ਉਹਨਾਂ ਪੁਸਤਕਾਂ ਵਿਚ, ਜਿਹਨਾਂ ਦੇ ਰਚੈਤਾ ਨਾਂ ਹੀ ਕੋਈ ਚਿਕਿਤਸਾ ਸ਼ਾਸ਼ਤਰੀ ਸਨ ਅਤੇ ਨਾਂ ਹੀ ਕੋਈ ਅਨੁਭਵੀ ਵਿਆਕਤੀ। ਸ਼ਾਇਦ ਇਹੀ ਕਾਰਨ ਹੋ ਸਕਦਾ ਹੈ, ਕੇ ਸਮਕਾਲੀ ਦੌਰ ਵਿਚ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਦਾ ਦਾਅਵਾ ਕਰਨ ਵਾਲੇ ਇਹਨਾਂ ਯੋਗ-ਆਸਣਾਂ ਨੂੰ ਭਾਰਤ ਦੇ ਪ੍ਰਸਿੱਧ ਆਯੂਰਵੈਦਿਕ ਗ੍ਰੰਥਾਂ ਵਿਚ ਸ਼ਾਮਿਲ ਤੱਕ ਨਹੀਂ ਕੀਤਾ ਗਿਆ। ਦੂਸਰੀ ਗੱਲ ਜਿਹਨਾਂ ਆਸਣਾਂ ਦੀ ਗੱਲ ਅੱਜ-ਕੱਲ੍ਹ ਦੇ ਯੋਗ ਗੁਰੂ ਕਰ ਰਹੇ ਹਨ, ਹੱਠ ਯੋਗ ਵਿਚ ਉਹਨਾਂ ਦੀ ਵਰਤੋਂ ਸਿਰਫ ਮਨੁੱਖੀ ਮਨ ਦੀ ਸਥਿਰਤਾ ਲਈ ਹੋਈ ਪ੍ਰਾਪਤ ਹੁੰਦੀ ਹੈ, ਅਰਥਾਤ ਯੋਗ-ਸਾਧਨਾ ਰਾਹੀਂ ਸਰੀਰ ਨੂੰ ਕਸ਼ਟ ਦੇ ਕੇ ਮਨ ਨੂੰ ਸਥਿਰ ਕਰਨ ਦੀ ਪ੍ਰੰਪਰਾ ਸਦੀਆਂ ਪੁਰਾਣੀ ਹੈ, ਪਰ ਇਹਨਾਂ ਆਸਣਾਂ ਰਾਹੀ ਮਾਨਵੀ ਬਿਮਾਰੀਆਂ ਦੂਰ ਕਰਨ ਦਾ ਉਹ ਪ੍ਰਮਾਣ ਸਾਨੂੰ ਕਿਧਰੇ ਵੀ ਪ੍ਰਾਪਤ ਨਹੀਂ ਹੁੰਦਾ, ਜਿਸ ਦਾ ਦਾਅਵਾ ਯੋਗ ਨੂੰ ਵਿਸ਼ਵ ਮੰਡੀ ਦੀ ਵਸਤੂ ਬਣਾਉਣ ਵਾਲੇ ਤਥਾਕਥਿਤ ਯੋਗ ਗੁਰੂਕਰਦੇ ਦਿਖਾਈ ਪੈਂਦੇ ਹਨ। ਜਿਹਨਾਂ ਅਨੁਸਾਰ ਪ੍ਰਾਣਾਯਾਮ ਕਰਨ ਨਾਲ ਮਨੁੱਖ ਦੀਆਂ ਹਰ ਤਰ੍ਹਾਂ ਦੀਆ ਬਿਮਾਰੀਆਂ ਦਾ ਇਲਾਜ ਸੰਭਵ ਹੈ। ਵਰਣਨਯੋਗ ਹੈ ਕਿ ਹੱਠ ਯੋਗ ਅੰਦਰ ਪ੍ਰਾਪਤ ਅੱਠ ਪ੍ਰਕਾਰ ਦੇ ਪ੍ਰਾਣਾਯਾਮ ਵਿਚੋਂ, ਪੰਜ ਪ੍ਰਕਾਰ ਦੇ ਪ੍ਰਾਣਾਯਾਮ ਨੂੰ ਹਰ ਪ੍ਰਕਾਰ ਦੀਆਂ ਬਿਮਾਰੀਆਂ ਨੂੰ ਨਸ਼ਟ ਕਰਨ ਵਾਲੇ ਕਿਹਾ ਗਿਆ ਹੈ, ਪਰ ਯੋਗ ਦੀ ਜੈਨ ਪ੍ਰੰਪਰਾ ਅਨੁਸਾਰ ਇਹ ਪ੍ਰਣਾਯਾਮ, ਮਨੁੱਖੀ ਮਨ ਨੂੰ ਸਵਸਥ ਅਤੇ ਸਥਿਰ ਨਹੀਂ ਰੱਖ ਸਕਦਾ । 

ਯੋਗ ਦਾ ਖੰਡਨ : ਪ੍ਰਸਿੱਧ ਵਿਦਵਾਨ ਬਾਦਰਾਯਣ  ਨੇ ਅਪਣੇ  ਗ੍ਰੰਥ “ਬ੍ਰਹਮਸੂਤਰ” ਵਿਚ ਅਤੇਨ ਯੋਗ : ਪ੍ਰਤਯੁਕਤ ਕਹਿ ਕੇ, ਯੋਗ ਦਾ ਖੰਡਨ ਕਰਦਿਆਂ ਇਸ ਨੂੰ ਰੱਦ ਕੀਤਾ ਹੈ। ਜਦੋਂ ਕੇ ਸ਼ੰਕਰਾਚਾਰੀਆ ਨੇ ਯੋਗ ਨੂੰ  ਵੇਦਾਂ ਦੀ ਪਰਵਾਹ ਨਾ ਕਰਨ ਬਦਲੇ ਇਸ ਦੀ ਭਰਭੂਰ ਨਿੰਦਾ ਕੀਤੀ ਹੈ। ਈਸ਼ਵਰ ਬਾਬਤ ਜੈਨ ਮੱਤ ਦਾ ਅਨੁਸਰਣ ਕਰਨ ਕਰਕੇ, ਸਵਾਮੀ ਭਗਵਦਾਚਾਰੀਆ ਨੇ ਵੀ ਯੋਗ ਨੂੰ ਤਿਆਗਯੋਗ ਸਮਝਿਆ ਹੈ। ਯੋਗ ਦੀ ਆਲੋਚਨਾ ਸ਼ਾਸ਼ਤਰਾਚਾਰੀਆਂ ਨੇ ਮੁੱਖ ਤੌਰ ਤੇ ਵੇਦ ਵਿਰੋਧੀ ਹੋਣ ਕਾਰਨ ਸਮੇਂ-ਸਮੇਂ ਕੀਤੀ ਹੈ। ਮੀਮਾਸਾਂ ਸ਼ਾਸਤਰ ਦੇ ਪ੍ਰਸਿੱਧ ਵਿਦਵਾਨ ਕੁਮਾਰਿਲ ਭੱਟ ਨੇ ਤਾਂ ਇਸ ਤੋਂ ਵੀ ਅਗਾਂਹ ਜਾਂ ਕੇ ਯੋਗ ਵਾਲਿਆਂ ਨੂੰ ਇਸ ਗੱਲ ਦੀ ਚੁਣੌਤੀ ਦਿੱਤੀ ਸੀ ਕਿਨ੍ਹਾਂ ਨੂੰ ਸਮਾਧੀ ਅਵਸਥਾ ਵਿੱਚ ਜੋ ਕਥਿਤ ਗਿਆਨ ਪ੍ਰਾਪਤ ਹੁੰਦਾ, ਉਹ ਬਿਲਕੁਲ ਪੂਰਨ  ਅਤੇ ਪ੍ਰਮਾਣਿਕ ਹੀ ਹੁੰਦਾ ਹੈ ਅਤੇ ਇਸ ਗਿਆਨ ਨੂੰ ਹੋਰਨਾਂ ਸਾਧਨਾਂ ਰਾਹੀਂ ਪ੍ਰਾਪਤ ਕੀਤਾ ਹੀ ਨਹੀਂ ਜਾ ਸਕਦਾ, ਇਹ ਨਿਰਾਧਾਰ ਤੱਥ ਹੈ। ਹਿੰਦੂਆਂ ਦੇ ਪ੍ਰਮਾਣਿਕ ਗ੍ਰੰਥ “ਮਨੂੰ-ਸਿਮ੍ਰਤੀ” ਵਿਚ ਵੀ ਯੋਗ ਨੂੰ ਛਲਕਪਟਦੇ ਅਰਥ ਪ੍ਰਦਾਨ ਕੀਤੇ ਗਏ ਹਨ। ਮਨੂੰ-ਸਿਮ੍ਰਤੀ ਦੇ ਪ੍ਰਸਿੱਧ ਵਿਆਖਿਆਕਾਰ ਸ਼੍ਰੀ ਕੁੱਲੂ ਭੱਟ ਅਨੁਸਾਰ ਵੀ ਯੋਗ ਦਾ ਅਰਥ ਛਲ ਹੈ, ਬਿਲਕੁਲ ਅਜਿਹੀ ਹੀ ਵਿਆਖਿਆ ਭਾਸ਼ਕਾਰ ਰਾਮਚੰਦਰ ਨੇ ਕਰਦਿਆਂ ਯੋਗ ਨੂੰ ਧੋਖਾਦੇਹੀ ਤੇ ਬੇਈਮਾਨੀ ਕਿਹਾ ਹੈ। ਮਹਾਂਕਵੀ ਕਾਲੀਦਾਸ ਨੇ ਅਪਣੀ ਪ੍ਰਸਿੱਧ ਕ੍ਰਿਤ ਮਹਾਂਕਾਵਿ “ਰਘੂਵੰਸ਼” ਅੰਦਰ ਯੋਗ ਨੂੰ ਮੌਤ ਦੇ ਸਾਧਨ ਦੇ ਰੂਪ ਵਿੱਚ ਬਿਆਨਿਆ ਹੈ, ਜਿਸ ਰਾਹੀਂ ਲੋਕ ਬੁਢਾਪੇ ਚ ਮੌਤ ਨੂੰ ਪ੍ਰਾਪਤ ਹੁੰਦੇ ਸਨ। ਇਹ ਵਿਧੀ ਸ਼ਾਇਦ ਜੈਨੀਆਂ ਦੇ ਸੰਥਾਰਾਂ ਨਾਲ ਮੇਲ ਖਾਂਦੀ ਹੋਵੇਗੀ ।

ਯੋਗ ਦਾ ਮੰਡੀ ਦੀ ਵਸਤੂ ਵਿੱਚ ਰੂਪਾਂਤਰਣ : ਯੋਗਾ ਦੇ ਨਾਮ ਤੇ ਵਿਸ਼ਵ ਭਰ ਵਿੱਚ ਚਲਾਏ ਜਾ ਰਹੇ ਯੋਗ ਵਾਪਾਰ ਦਾ ਆਮਦਨ ਅੰਕੜਾ ਇੱਕ ਸਰਵੇ ਮੁਤਾਬਿਕ ਕਰੀਬ 90 ਬਿਲੀਅਨ ਡਾਲਰ ਦੇ ਕਰੀਬ ਪਹੁੰਚ ਚੁੱਕਾ ਹੈ। ਜਿਸ ਵਿਚ ਇੱਕਲੇ ਅਮਰੀਕਾ ਦਾ ਹਿੱਸਾ ਕਰੀਬ 27 ਬਿਲੀਅਨ ਡਾਲਰ ਦਾ ਹੈ। ਭਾਰਤ ਸਰਕਾਰ ਦੇ ਸੱਦੇ ਤੇ ਮਨਾਏ ਗਏ ਪਹਿਲੇ  ਅੰਤਰਰਾਸ਼ਟਰੀ ਯੋਗ ਦਿਵਸ ਦੇ ਮੱਦੇਨਜ਼ਰ, ਭਾਰਤ ਅੰਦਰ ਹੋਏ ਸਰਕਾਰੀ ਪ੍ਰੋਗਰਾਮਾਂ ਵਿੱਚ 15 ਅਰਬ ਰੁਪਏ ਦੇ ਕਰੀਬ ਖਰਚ ਹੋਏ। ਸਰਕਾਰੀ ਦੇ ਅਧਿਕਾਰਕ ਬਿਆਨਾਂ ਅਨੁਸਾਰ  ਪਹਿਲੇ ਅੰਤਰ-ਰਾਸ਼ਟਰੀ ਯੋਗ ਦਿਵਸ ਦੇ ਮੱਦੇ-ਨਜ਼ਰ ਆਯੂਸ਼ ਵਿਭਾਗ ਵੱਲੋਂ ਨਵੀਂ ਦਿੱਲੀ ਦੇ ਰਾਜਪਥ ਤੇ ਕਰਵਾਏ ਗਏ ਯੋਗ ਪ੍ਰੋਗਰਾਮ ਦੌਰਾਨ ਲੱਗਭੱਗ 1586.96 ਲੱਖ ਰੁਪਏ ਖਰਚ ਹੋਏ , ਜਦੋਂਕਿ ਇਸ ਦੌਰਾਨ ਭਾਗ ਲੈਣ ਵਾਲਿਆਂ ਦੀ ਗਿਣਤੀ ਸਿਰਫ 35985 ਹੀ ਸੀ । ਇਹਨਾਂ ਖਰਚਿਆਂ  ਵਿੱਚ ਸਰਕਾਰ ਵੱਲੋਂ ਸਿਰਫ ਯੋਗ ਦੇ ਪ੍ਰਚਾਰ ਉੱਪਰ ਹੀ828.43 ਲੱਖ ਖਰਚ ਕਰ ਦਿੱਤੇ ਗਏ , ਜਦੋਂਕਿ ਰਾਜਪਥ ਤੇ ਆਯੋਜਿਤ ਸਮਾਗਮ ਦੀ ਵਿਵਸਥਾ ਸਰਕਾਰ ਨੂੰ 758.53 ਲੱਖ ਰੁਪਏ ਵਿਚ ਪਈ । ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਕੇਂਦਰੀ ਯੋਗ ਅਤੇ ਪ੍ਰਾਕ੍ਰਿਤਿਕ ਚਿਕਿਤਸਾ ਅਨੁਸੰਧਾਨ ਪਰਿਸ਼ਦ ਰਾਹੀਂ ਦੇਸ਼ ਦੇ ਹਰ ਜਿਲ੍ਹੇ ਵਿੱਚ ਯੋਗ ਦਿਵਸ ਮਨਾਉਣ ਲਈ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਨੂੰ ਇੱਕਇੱਕ ਲੱਖ ਰੁਪਏ ਦੀ ਮੱਦਦ ਵੀ ਪ੍ਰਦਾਨ ਕੀਤੀ ਗਈ ਸੀ, ਜੋ ਕੇ ਕਰੀਬ ਕਰੀਬ 670 ਲੱਖ ਰੁਪਏ ਬਣਦੀ ਹੈ । ਇਸ ਦੇ ਨਾਲ ਹੀ   ਮੁਰਾਰਜੀ ਦੇਸਾਈ ਰਾਸ਼ਟਰੀ ਯੋਗ ਸੰਸਥਾਨ ਵੱਲੋਂ ਸਾਂਝਾ ਯੋਗ ਪ੍ਰੋਟੋਕਾਲ ਉੱਪਰ ਫਿਲਮ ਅਤੇ ਪੁਸਤਕਾਂ ਬਣਾਉਣ ਹਿੱਤ 34.80 ਲੱਖ ਰੁਪਏ ਖਰਚ ਕਰ ਦਿੱਤੇ ਗਏ। ਇਸ ਸਭ ਦਾ ਪ੍ਰਚਾਰ ਕਰਨ ਹਿੱਤ ਅੰਦਾਜ਼ਨ 900 ਮੀਲੀਅਨ ਲੋਕਾਂ ਨੂੰ  ਮੋਬਾਈਲ ਫੋਨਾਂ ਰਾਹੀਂ ਯੋਗ ਦਾ ਪ੍ਰਚਾਰ ਵੀ ਕੀਤਾ ਗਿਆ । ਭਾਰਤ ਸਰਕਾਰ ਦੀ ਇੱਕ ਰਿਪੋਰਟ ਅਨੁਸਾਰ ਯੋਗ ਨਾਲ ਸੰਬੰਧਿਤ , ਭਾਰਤ ਅੰਦਰ ਤੰਦਰੁਸਤੀ ਉਦਯੋਗ ਕਰੀਬ – ਕਰੀਬ 490 ਅਰਬ ਰੁਪਏ ਦਾ ਹੈ। ਜਿਸ ਵਿੱਚ ਇੱਕਲੀ ਤੰਦਰੁਸਤੀ ਸੇਵਾ, ਬਾਜ਼ਾਰ ਦੀ 40 ਫੀਸਦੀ ਹੈ। ਆਯੂਸ਼ ਖੇਤਰ ( ਆਯੂਰਵੈਦਿਕ, ਯੋਗ, ਨੈਚਰੋਪੈਥੀ, ਯੂਨਾਨੀ, ਸਿੱਧਾ ਅਤੇ ਹੋਮਿਓਪੈਥੀ)  ਦੇ ਅਧੀਨ ਆਉਂਦਾ ਵਾਪਾਰ ਲੱਗਭੱਗ  ਸਾਲਾਨਾ 120 ਅਰਬ ਰੁਪਏ ਦੇ ਹੈ। ਅਰੋਗਤਾ ਅਤੇ ਸਿਹਤ ਦੇ ਨਾਮ ਹੇਠ ਯੋਗ ਦੇ ਫਾਇਦੇ ਦੱਸਦਿਆਂ ਬਾਬਾ ਰਾਮਦੇਵ ਵਰਗੇ ਯੋਗ ਗੁਰੂਆਂ ਦਾ ਸਲਾਨਾ ਵਾਪਾਰ ਦਿਨੋਂ ਦਿਨ ਕਰੋੜਾਂ ਰੁਪਏ ਦੇ ਫਾਇਦਿਆ ਨੂੰ  ਪਾਰ ਕਰਦਾ ਜਾ ਰਿਹਾ ਹੈ। ਵਿੱਤੀ ਵਰੇ 2014 ਵਿਚ ਜਿੱਥੇ ਬਾਬਾ ਰਾਮਦੇਵ ਨੂੰ ਅੰਦਾਜਨ 1200 ਕਰੋੜ ਦੀ ਪ੍ਰਾਪਤੀ ਹੋਈ, ਉੱਥੇ ਹੀ ਪਿਛਲੇ ਸਾਲ ਇਹ ਰਕਮ ਵੱਧ ਕੇ 2000 (2015-16) ਕਰੋੜ ਦੇ ਕਰੀਬ ਪਹੁੰਚ ਜਾਂਦੀ ਹੈ। ਜਿਹੜੀ ਕੇ ਆਉਂਦੇ ਸਾਲਾਂ ਦੌਰਾਨ ਹੋਰ ਵਧੇਰੇ ਹੋਣ ਦੀ ਪੂਰੀ ਸੰਭਾਵਨਾ ਹੈ, ਕਿਉਂਕਿ ਹਰਿਆਣਾ ਵਰਗੇ ਰਾਜ ਰਾਮਦੇਵ ਦੇ ਇਸ ਵਾਪਾਰ ਲਈ ਪੂਰੀ ਤਰਾਂ ਸਰਗਰਮ ਹੋ ਚੁੱਕੇ ਹਨ। ਸ਼ਾਇਦ ਇਹੀ ਵਜਾ੍ਹ ਹੈ ਕੇ ਯੋਗ ਦੇ ਵੱਧਦੇ ਵਾਪਾਰ ਨੂੰ ਵੇਖਦੇ ਭਾਰਤ ਸਮੇਤ ਵਿਸ਼ਵ ਭਰ ਦੇ ਕਈ ਵੱਡੇ ਉਦਯੋਗਪਤੀ ਇਸ ਖੇਤਰ ਵਿੱਚ ਨਿਵੇਸ਼ ਕਰਨ ਨੂੰ ਤਰਜ਼ੀਹ ਦੇ ਰਹੇ ਹਨ।

ਨੋਟ: ਇਸ ਲੇਖ ਵਿਚ ਵਰਤੇ ਗਏ ਇਤਿਹਾਸਿਕ/ਮਿਥਿਹਾਸਿਕ ਗ੍ਰੰਥਾਂ ਦੇ ਹਵਾਲੇ ਸੁਰਿੰਦਰ ਕੁਮਾਰ ਸ਼ਰਮਾ ਦੀ ਕਿਤਾਬ “ਕਯਾ ਬਾਲੂ ਕੀ ਭੀਤ ਪਰ ਖੜ੍ਹਾ ਹੈ ਹਿੰਦੂ ਧਰਮ” ਵਿਚੋਂ ਲਏ ਗਏ ਹਨ।
ਪਰਮਿੰਦਰ ਸਿੰਘ ਸ਼ੌਂਕੀ
ਮੁੱਖ ਸੰਪਾਦਕ
ਅਨਹਦ ਈ-ਮੈਗਜ਼ੀਨ

You May Also Like

More From Author

26Comments

Add yours
  1. 22
    Unknown

    I like this article. I was searching over search engines and found your blog and it really helps thank you very much…
    apowersoft pdf converter crack Number Download includes a very intuitive interface where you can drag and drop files, select the output and click the “Convert” button. apowersoft pdf converter crack serial key of Apowersoft PDF Converter Product Key can convert PDF to many Microsoft Office formats in seconds. apowersoft pdf converter crack can quickly convert PDF files to Word, Excel, PPT, JPG, PNG, TXT, HTML, and more, and even better, you can maintain the high quality of the original files. apowersoft pdf converter crack application can convert images or documents in an Office suite to PDF procedures in the same simple process. apowersoft pdf converter crack

+ Leave a Comment