ਰਾਵਣ: ਇਤਿਹਾਸਿਕ ਪਿਛੋਕੜ ਅਤੇ ਬਦਲਦੇ ਪਰਿਪੇਖ

Estimated read time 1 min read

ਦਸਹਿਰਾ ਵੈਦਿਕ ਪਰੰਪਰਾ ਦੇ ਉਨ੍ਹਾਂ ਕੁਝ ’ਕੁ ਵਿਸ਼ਵ ਪ੍ਰਸਿੱਧ ਤਿਉਹਾਰਾਂ ਵਿਚ ਸ਼ਾਮਿਲ ਇਕ ਮਹੱਤਵਪੂਰਨ ਤਿਉਹਾਰ ਹੈ, ਜਿਸ ਨੇ ਵਰਤਮਾਨ ਸਮਿਆਂ ਅੰਦਰ ਵੀ ਆਪਣੀ ਹੋਂਦ ਨੂੰ ਨਾਂ ਸਿਰਫ਼ ਬਰਕਰਾਰ ਹੀ ਰੱਖਿਆ ਹੋਇਆ ਹੈ, ਸਗੋਂ ਇਹ ਸਮੇਂ ਦੇ ਬੀਤਣ ਨਾਲ ਹੋਰ ਵਧੇਰੇ ਪ੍ਰਪੱਕ ਅਤੇ ਪਸਾਰਮਈ ਵੀ ਬਣਦਾ ਜਾ ਰਿਹਾ ਹੈ। ਇਸ ਤਿਉਹਾਰ ਦਾ ਆਧਾਰਭੂਤ ਸਬੰਧ ਜਿੱਥੇ ਵੈਦਿਕ ਧਰਮ/ਮਿਥਿਹਾਸ ਨਾਲ ਜੋੜਿਆ ਜਾਂਦਾ ਹੈ, ਉੱਥੇ ਹੀ ਇਸ ਨੂੰ ਭਾਰਤੀ ਸਮਾਜ ਅੰਦਰ ਪ੍ਰਾਪਤ ਨੈਤਿਕਤਾ ਅਤੇ ਨਿਆਂ ਬਹਾਲੀ ਵਰਗੇ ਸੰਕਲਪਾਂ ਨਾਲ ਵੀ ਸਬੰਧਿਤ ਕੀਤਾ ਜਾਂਦਾ ਹੈ। ਇਹ ਇਕ ਅਜਿਹਾ ਤਿਉਹਾਰ ਹੈ, ਜਿਹੜਾ ਸਾਨੂੰ ਭਾਰਤੀ ਉਪ-ਮਹਾਂਦੀਪ ਅੰਦਰ ਦਾਖਿਲ ਹੋਣ ਵਾਲੇ ਸਭ ਤੋਂ ਪਹਿਲੇ ਗੈਰ-ਭਾਰਤੀ ਲੋਕਾਂ “ਆਰੀਆ” ਅਤੇ ਇੱਥੋਂ ਦੇ ਮੂਲ ਵਾਸੀ “ਦਰਾਵੜਾਂ” ਵਿਚਕਾਰ ਹੋਈਆਂ ਲੜਾਈਆਂ ਉਪਰੰਤ ਉਪਜੇ ਦੁਖਾਂਤਾਂ ਅਤੇ ਵਖਰੇਵਿਆਂ ਦੀ ਦੱਸ ਪਾਉਂਦਾ ਹੈ। ਅਸਲ ਵਿਚ ਦਸਹਿਰਾ ਆਰੀਆ ਦੀ ਜਿੱਤ ਅਤੇ ਦਰਾਵੜਾਂ ਦੀ ਹਾਰ ਦੀ ਉਹ ਦਾਸਤਾਨ ਹੈ, ਜਿਹੜੀ ਕੇ ਇੱਕੀਵੀਂ ਸਦੀ ਤੱਕ ਪਹੁੰਚਣ ਦੇ ਬਾਵਜੂਦ ਵੀ ਭਾਰਤੀ ਲੋਕਾਂ ਅੰਦਰ ਆਪਸੀ ਪਿਆਰ ਅਤੇ ਸਦਭਾਵਨਾ ਦੀ ਪੈਦਾਇਸ਼ ਕਰਨ ਦੇ ਰਾਹ ਵਿਚ ਸਭ ਤੋਂ ਵੱਡੀ ਰੁਕਾਵਟ ਬਣੀ ਹੋਈ ਹੈ। ਇਹ ਤਿਉਹਾਰ ਦੋ ਕੌਮਾਂ ਵਿਚਕਾਰ ਆਪਸੀ ਨਫ਼ਰਤੀ ਭਾਵਨਾਵਾਂ ਦੀ ਉਤਪਤੀ ਕਰਨ ਅਤੇ ਭਾਈਚਾਰਿਕ ਸਾਂਝਾਂ ਦੀਆਂ ਬੁਨਿਆਦਾਂ ਉਖੇੜਨ ਵਾਲਾ ਤਿਉਹਾਰ ਹੈ। ਜਿਸ ਦੀਆਂ ਪੈਦਾ ਕੀਤੀਆਂ ਦੁਰ ਭਾਵਨਾਵਾਂ ਅੱਜ ਵੀ ਭਾਰਤ ਅੰਦਰ ਸ਼ਾਂਤੀ ਬਹਾਲੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਮੂੰਹ ਚਿੜਾਉਂਦੀਆਂ ਹਨ।

ਸਾਧਾਰਨ ਅਰਥਾਂ ਅਨੁਸਾਰ ਦਸਹਿਰਾ ਉਹ ਤਿਉਹਾਰ ਹੈ, ਜਿਹੜਾ ਦਸ ਸਿਰਾਂ ਵਾਲੇ ਅਰਥਾਤ ਰਾਵਣ ਨੂੰ ਮਾਰਨ ਨਾਲ ਸੰਬੰਧਿਤ ਹੈ। ਇਸ ਤਿਉਹਾਰ ਦੇ ਨਾਇਕ ਰਾਮ ਚੰਦਰ ਜੀ ਬਾਰੇ ਹੁਣ ਤੱਕ ਹਜ਼ਾਰਾਂ ਗ੍ਰੰਥ ਅਤੇ ਪੁਸਤਕਾਂ ਦੀ ਸਿਰਜਣਾ ਹੋ ਚੁੱਕੀ ਹੈ, ਪਰ ਰਾਵਣ ਕੌਣ ਸੀ? ਇਹ ਇਕ ਅਜਿਹਾ ਵਿਸ਼ਾ ਹੈ, ਜਿਸ ਬਾਬਤ ਅਜੇ ਵੀ ਯੋਗ ਸਮਗਰੀ ਦੀ ਕਾਫ਼ੀ ਕਮੀ ਮਹਿਸੂਸ ਕੀਤੀ ਜਾਂਦੀ ਹੈ। ਇਸ ਕਾਰਨ ਜ਼ਿਆਦਾਤਰ ਲੋਕਾਂ ਨੇ ਰਾਵਣ ਨੂੰ ਉਸ ਤਰ੍ਹਾਂ ਦਾ ਇਨਸਾਨ ਹੀ ਸਮਝ ਲਿਆ ਹੈ, ਜਿਸ ਤਰ੍ਹਾਂ ਦੀ ਦੱਸ ਉਨ੍ਹਾਂ ਨੂੰ ਬਹੁ-ਗਿਣਤੀ ਲੋਕਾਂ ਦੁਆਰਾ ਲਿਖਿਤ ਆਪਣੀਆਂ ਗ੍ਰੰਥਾਂ ਅਤੇ ਪੁਸਤਕਾਂ ਰਾਹੀਂ ਪਾਈ ਅਤੇ ਦਿਖਾਈ ਗਈ ਹੈ। ਇਸ ਬਹੁ-ਗਿਣਤੀ ਦੀਆਂ ਰਵਾਇਤਾਂ ਅਤੇ ਵੈਦਿਕ ਮਿਥਿਹਾਸ ਮੁਤਾਬਿਕ ਰਾਵਣ ਇਕ ਅਜਿਹਾ ਸ਼ਖ਼ਸ ਸੀ, ਜਿਹੜਾ ਕਿ ਆਪਣੀ ਮਾਤਾ ਦੇ ਗਰਭ ਅੰਦਰ ਹੀ ਕ੍ਰੋਧੀ, ਕਾਮੀ, ਅਹੰਕਾਰੀ, ਲਾਲਚੀ, ਹੈਵਾਨ ਅਤੇ ਰਾਕਸ਼ਸ਼ ਆਦਿ ਬਿਰਤੀਆਂ ਨੂੰ ਧਾਰਨ ਕਰ ਚੁੱਕਾ ਸੀ। ਰਾਵਣ ਦੇ ਜੀਵਨ ਬਾਰੇ ਕੁਝ ਵੀ ਸਮਝਣ ਤੋਂ ਪਹਿਲਾ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਉਸ ਸਬੰਧੀ ਮੁੱਢਲਾ ਅਤੇ ਮਹੱਤਵਪੂਰਨ ਪ੍ਰਚਾਰ ਉਨ੍ਹਾਂ ਲੋਕਾਂ ਨੇ ਹੀ ਕੀਤਾ, ਜਿਨ੍ਹਾਂ ਨੇ ਮੱਧ-ਏਸ਼ੀਆ ਤੋਂ ਉੱਠ ਕਿ ਅਪਣਾ ਵਾਸਾ ਉੱਤਰ ਭਾਰਤ ਅੰਦਰ ਕੀਤਾ ਸੀ। ਇਨ੍ਹਾਂ ਲੋਕਾਂ ਨੇ ਹੀ ਵਿਸ਼ਵ ਦੇ ਸਭ ਤੋਂ ਪਹਿਲੇ ਗ੍ਰੰਥ “ਰਿਗਵੇਦ” ਦੀ ਸਿਰਜਣਾ ਕੀਤੀ। ਜਿਸ ਵਿਚ ਇਨ੍ਹਾਂ ਦੀਆਂ ਜੰਗਜੂ ਬਿਰਤੀਆਂ, ਧਨ ਦੇ ਲਾਲਸੀਪੁਣੇ ਅਤੇ ਜਾਤੀਗਤ ਅਹੰਕਾਰਾਂ ਦਾ ਬਾਖ਼ੂਬੀ ਚਿਤਰਨ ਕੀਤਾ ਗਿਆ ਹੈ। ਭਾਰਤ ਆਉਣ ਉਪਰੰਤ ਇਨ੍ਹਾਂ ਨੇ ਇੱਥੋਂ ਦੇ ਮੂਲ ਵਾਸੀ ਲੋਕਾਂ ਨੂੰ ਦੱਖਣ ਵੱਲ ਧੱਕ ਦਿੱਤਾ। ਭਾਵੇਂ ਕਿ ਕੁਝ ਵਿਦਵਾਨ ਇਸ ਗੱਲ ਨਾਲ ਸਹਿਮਤੀ ਨਹੀਂ ਪ੍ਰਗਟਾਉਂਦੇ, ਪਰ ਫਿਰ ਵੀ ਇਹ ਹੁਣ ਤੱਕ ਬਹੁ-ਸੰਮਤੀ ਨੂੰ ਪ੍ਰਾਪਤ ਧਾਰਨਾ ਹੈ ਕਿ ਆਰੀਆ ਭਾਰਤ ਅੰਦਰ ਬਾਹਰੋਂ ਚੱਲ ਕਿ ਹੀ ਆਏ ਸਨ। ਉਨ੍ਹਾਂ ਨੇ ਇਸ ਖ਼ਿੱਤੇ ਅੰਦਰ ਪਹਿਲਾਂ ਰਹਿਣ ਵਾਲੇ ਲੋਕਾਂ ਨਾਲ ਬਹੁਤ ਜ਼ਿਆਦਾ ਕਰੂਰਤਾ ਵਰਤ ਕਿ ਇੱਥੋਂ ਦੇ ਸਮੁੱਚੇ ਸ਼ਾਸਨ-ਪ੍ਰਬੰਧ ਅਤੇ ਸਭਿਆਚਾਰਾਂ ਉੱਪਰ ਅਪਣਾ ਅਧਿਕਾਰ ਸਥਾਪਿਤ ਕਰ ਲਿਆ ਸੀ। ਦਸਹਿਰਾ ਤਿਉਹਾਰ ਦੇ ਪ੍ਰਮੁੱਖ ਨਾਇਕ ਸ਼੍ਰੀ ਰਾਮ ਚੰਦਰ ਜੀ ਇਨ੍ਹਾਂ ਬਾਹਰੋਂ ਆਏ ਲੋਕਾਂ ਦੀ ਸੰਤਾਨ ਸਵੀਕਾਰ ਕੀਤੇ ਜਾਂਦੇ ਹਨ। ਜਦੋਂ ਕਿ ਰਾਵਣ ਨੂੰ ਇੱਥੋਂ ਦੇ ਮੂਲ ਵਾਸੀ ਮੰਨਿਆ ਗਿਆ ਹੈ। ਇਨ੍ਹਾਂ ਹਾਲਤਾਂ ਵਿਚ ਸਭ ਤੋਂ ਪਹਿਲੀ ਸਵੀਕਾਰਨ ਯੋਗ ਗੱਲ ਇਹ ਹੈ ਕਿ ਜੇਤੂਆਂ ਦੁਆਰਾ ਲਿਖੇ ਗਏ ਇਤਿਹਾਸ/ਮਿਥਿਹਾਸ ਵਿਚ ਕਦੀ ਵੀ ਆਪਣੇ ਵਿਰੋਧੀ ਦਾ ਸਹੀ ਚਿਤਰਨ ਨਹੀਂ ਕੀਤਾ ਜਾਂਦਾ, ਸਗੋਂ ਉਸ ਨੂੰ ਨੀਚਤਾ ਦੀ ਪੱਧਰ ਤੱਕ ਲਿਜਾ ਕਿ ਤ੍ਰਿਸਕਾਰ ਦਾ ਪਾਤਰ ਬਣਾ ਦਿੱਤਾ ਜਾਂਦਾ ਹੈ। ਇਹ ਗੱਲ ਰਾਵਣ ਦੇ ਸਬੰਧ ਵਿਚ ਵੀ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ।

ਰਾਵਣ ਦੇ ਜਨਮ ਨਾਲ ਸੰਬੰਧਿਤ ਸਾਨੂੰ ਮੁੱਖ ਰੂਪ ਵਿਚ ਤਿੰਨ ਧਾਰਨਾਵਾਂ ਪ੍ਰਾਪਤ ਹੁੰਦੀਆਂ ਹਨ।

1. ਰਾਵਣ ਪਦਮ ਪੁਰਾਣ ਅਤੇ ਸ਼੍ਰੀਮਦ ਭਗਵਤ ਪੁਰਾਣ ਅਨੁਸਾਰ ਹਰਨਾਖਸ਼ ਦਾ ਦੂਸਰਾ ਜਨਮ ਸੀ।
2.ਬਾਲਮੀਕੀ ਰਾਮਾਇਣ ਅਨੁਸਾਰ ਰਾਵਣ ਪੁਲਸਤਯ ਰਿਸੀ ਜੀ ਦਾ ਪੋਤਾ ਅਤੇ ਰਿਸੀ ਵਿਸਵਸਵਾ ਦਾ ਪੁੱਤਰ ਸੀ।
3.ਤੁਲਸੀ ਰਾਮਾਇਣ ਦੇ ਮੁਤਾਬਿਕ ਰਾਵਣ ਦੇ ਜਨਮ ਦਾ ਮੂਲ ਕਾਰਨ ਉਸ ਨੂੰ ਮਿਲਿਆ ਸਰਾਪ ਸੀ।
ਰਾਵਣ ਬ੍ਰਾਹਮਣ ਪਿਤਾ ਅਤੇ ਰਾਕਸ਼ਸ਼ ਮਾਤਾ ਦਾ ਪੁੱਤਰ ਸੀ। ਉਸ ਦੇ ਪਿਤਾ ਰਿਸ਼ੀ ਵਿਸਵਸਵਾ ਦੀ ਵਰਵਰਣਿਨੀ ਅਤੇ ਕੈਕਸੀ ਨਾਮ ਦੀਆਂ ਦੋ ਪਤਨੀਆਂ ਸਨ। ਵਰਵਰਣਿਨੀ ਨੇ ਕੁਬੇਰ ਨੂੰ ਜਨਮ ਦਿੱਤਾ ਅਤੇ ਕੈਕਸੀ ਨੇ ਰਾਵਣ, ਕੁੰਭਕਰਨ, ਵਿਭੀਸ਼ਣ ਅਤੇ ਸਰੂਪਨਖਾ ਨੂੰ ਜਨਮ ਦਿੱਤਾ। ਰਾਵਣ ਨੇ ਲੰਕਾ ਉੱਪਰ ਅਧਿਕਾਰ ਸਥਾਪਿਤ ਕਰਨ ਉਪਰੰਤ ਆਪਣੀ ਭੈਣ ਸਰੂਪਨਖਾ ਦਾ ਵਿਆਹ ਕਾਲਕਾ ਦੇ ਪੁੱਤਰ ਵਿਦਯੁਵਿਹਵਾ ਨਾਲ ਕੀਤਾ ਸੀ ਅਤੇ ਖ਼ੁਦ ਉਸ ਨੇ ਅਪਣਾ ਵਿਆਹ ਦਿੱਤੀ ਦੇ ਪੁੱਤਰ ਮਯ ਦੀ ਬੇਟੀ ਮੰਦੋਦਰੀ ਨਾਲ ਕੀਤਾ। ਜਿਹੜੀ ਕਿ ਹੇਮਾ ਨਾਮ ਦੀ ਅਪਸਰਾ ਦੀ ਕੁੱਖੋਂ ਜਨਮੀ ਸੀ। ਮੰਦੋਦਰੀ ਸਬੰਧੀ ਵਿਦਵਾਨਾਂ ਦਾ ਆਖਣਾ ਹੈ ਕਿ ਇਹ ਰਾਜਸਥਾਨ ਦੇ ਜੋਧਪੁਰ ਨੇ ਨੇੜਲੇ ਇਲਾਕੇ ਮੰਦੋਰ ਦੀ ਰਹਿਣ ਵਾਲੀ ਸੀ। ਮੰਦੋਦਰੀ ਦੀ ਕੁੱਖੋਂ ਮੇਘਨਾਥ ਦਾ ਜਨਮ ਹੋਇਆ। ਜਿਸ ਨੇ ਦੇਵਤਿਆਂ ਦੇ ਮੁਖੀ ਇੰਦਰ ਨੂੰ ਹਰਾਉਣ ਤੋਂ ਬਾਅਦ “ਇੰਦਰਜੀਤ” ਨਾਮ ਧਾਰਨ ਕੀਤਾ ਸੀ। 
ਜੈਨ ਸ਼ਾਸਤਰਾਂ ਅੰਦਰ ਰਾਵਣ ਨੂੰ ਪ੍ਰਤਿ ਨਾਰਾਇਣ ਸਵੀਕਾਰ ਕੀਤਾ ਗਿਆ ਹੈ। ਜੈਨ ਧਰਮ ਦੇ 64 ਪੁਰਸ਼ਾਂ ਵਿਚ ਵੀ ਰਾਵਣ ਦੀ ਗਿਣਤੀ ਕੀਤੀ ਜਾਂਦੀ ਹੈ। ਜੈਨ ਪੁਰਾਣਾਂ ਅਨੁਸਾਰ ਮਹਾਂ ਪੰਡਿਤ ਰਾਵਣ ਆਗਾਮੀ 24 ਤੀਰਥੰਕਰਾਂ ਦੀ ਸੂਚੀ ਵਿਚ ਭਗਵਾਨ ਮਹਾਂਵੀਰ ਦੀ ਤਰ੍ਹਾਂ ਚੌਬੀਸਵੇਂ ਤੀਰਥੰਕਰ ਦੇ ਰੂਪ ਵਿਚ ਪ੍ਰਵਾਨਿਤ ਹੋਣਗੇ। ਇਸ ਲਈ ਕੁਝ ਪ੍ਰਸਿੱਧ ਪ੍ਰਾਚੀਨ ਜੈਨ ਤੀਰਥ ਸਥਾਨਾਂ ਅੰਦਰ ਉਸ ਦੀਆਂ ਮੂਰਤੀਆਂ ਵੀ ਸਥਾਪਿਤ ਕੀਤੀਆਂ ਗਈਆਂ ਹਨ।

ਹਾਲਾਂਕਿ ਰਾਵਣ ਨੂੰ ਕਥਾਕਾਰਾਂ ਨੇ ਦਸ ਸਿਰਾਂ ਵਾਲਾ ਰਾਕਸ਼ਸ਼ ਸਵੀਕਾਰ ਕੀਤਾ ਹੈ, ਪਰ ਇਸ ਸਬੰਧੀ ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਰਾਵਣ ਦੇ ਦਸ ਸਿਰ ਨਹੀਂ ਸਨ, ਸਗੋਂ ਉਹ ਦਸ ਸਿਰ ਹੋਣ ਦਾ ਭਰਮ ਪੈਦਾ ਕਰ ਦਿੰਦਾ ਸੀ। ਇਸ ਕਾਰਨ ਹੀ ਉਸ ਨੂੰ “ਦਸਾਨਨ” ਵੀ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਕੁਝ ਵਿਦਵਾਨ ਇਹ ਵੀ ਸਵੀਕਾਰ ਕਰਦੇ ਹਨ ਕਿ ਰਾਵਣ ਛੇ ਦਰਸ਼ਨ ਅਤੇ ਚਾਰ ਵੇਦਾਂ ਦਾ ਗਿਆਤਾ ਸੀ। ਇਸ ਲਈ ਉਸ ਨੂੰ “ਦਸਕੰਠੀ” ਕਿਹਾ ਜਾਂਦਾ ਸੀ। ਇਸ ਦਸਕੰਠੀ ਸ਼ਬਦ ਤੋਂ ਹੀ ਅਗਿਆਨਤਾ ਕਾਰਨ ਦਸ ਸਿਰ ਸ਼ਬਦ ਪ੍ਰਚੱਲਿਤ ਹੋ ਗਿਆ। ਜੈਨ ਸ਼ਾਸਤਰਾਂ ਅਨੁਸਾਰ ਰਾਵਣ ਦੇ ਗਲੇ ਵਿਚ ਵੱਡੀਆਂਵੱਡੀਆਂ ਗੋਲਾਕਾਰ ਨੌਂ ਮਣੀਆਂ ਹੁੰਦੀਆਂ ਸਨ। ਜਿਨ੍ਹਾਂ ਕਾਰਨ ਹੀ ਉਸ ਦੇ ਦਸ ਸਿਰ ਹੋਣ ਦਾ ਭੁਲੇਖਾ ਉਤਪੰਨ ਹੁੰਦਾ ਸੀ। ਰਾਵਣ ਦੇ ਦਸ ਸਿਰ ਹੋਣ ਦੀ ਚਰਚਾ ਰਾਮ ਚਰਿੱਤਰ ਮਾਨਸ ਅੰਦਰ ਸਾਨੂੰ ਵਿਦਮਾਨ ਮਿਲਦੀ ਹੈ। ਜਿਸ ਅਨੁਸਾਰ ਰਾਵਣ ਕ੍ਰਿਸ਼ਨ ਪੱਖ ਦੀ ਮੱਸਿਆ ਵਾਲੇ ਦਿਨ ਯੁੱਧ ਲਈ ਚੱਲਿਆ ਸੀ। ਜਿਸ ਕਾਰਨ ਉਸ ਦੇ ਹਰ ਰੋਜ਼ ਇਕਇਕ ਸਿਰ ਕੱਟਿਆ ਜਾਂਦਾ ਰਿਹਾ। ਇਸ ਪ੍ਰਕਾਰ ਦਸਵੇਂ ਦਿਨ ਅਰਥਾਤ ਸ਼ੁਕਲ ਪੱਖ ਦੀ ਦਸਵੀਂ ਨੂੰ ਰਾਵਣ ਦੀ ਮੌਤ ਹੋਈ। “ਰਾਮ ਚਰਿੱਤਰ ਮਾਨਸ” ਵਿਚ ਜ਼ਿਕਰ ਆਉਂਦਾ ਹੈ ਕਿ ਜਿਸ ਸਿਰ ਨੂੰ ਰਾਮਚੰਦਰ ਜੀ ਆਪਣੇ ਤੀਰ ਨਾਲ ਕੱਟ ਦਿੰਦੇ ਸੀ, ਉਸ ਦੇ ਸਥਾਨ ’ਤੇ ਰਾਵਣ ਦਾ ਦੂਸਰਾ ਸਿਰ ਪੈਦਾ ਹੋ ਜਾਂਦਾ ਸੀ।

ਰਾਵਣ ਸ਼ਬਦ ਦਾ ਅਰਥ ਕਰਦਿਆਂ ਪ੍ਰਸਿੱਧ ਸ਼੍ਰੀਲੰਕਣ ਵਿਦਵਾਨ ਅਰਸਿੲਨ ਅਹੁਬੁਦਹੁ ਦੱਸਦੇ ਹਨ ਕਿ ਰਾ ਦਾ ਮਤਲਬ ਸੂਰਜ ਹੈ ਅਤੇ ਵਨ ਸਥਾਨਕ ਭਾਸ਼ਾ ’ਚ ਪੀੜ੍ਹੀ ਦਾ ਪ੍ਰਤੀਕ ਹੈ। ਇਸ ਤਰ੍ਹਾਂ ਉਨ੍ਹਾਂ ਨੇ ਰਾਵਣ ਦਾ ਮਤਲਬ ਉਹ ਪੁਰਸ਼ ਦੱਸਿਆ ਹੈ, ਜੋ ਬਹੁਤ ਦੂਰ ਤੱਕ ਪਹੁੰਚਣ ਦੇ ਸਮਰੱਥ ਹੋਵੇ ਜਾਂ ਅਤਿ-ਸ਼ਕਤੀਸ਼ਾਲੀ ਹੋਵੇ। ਉਨ੍ਹਾਂ ਅਨੁਸਾਰ ਰਾਵਣ ਕਰੀਬ 2554 ਤੋਂ 2517 ਈਸਵੀ ਪੂਰਵ ਤੱਕ ਸ੍ਰੀਲੰਕਾ ਤੇ ਰਾਜ ਕਰਦਾ ਰਿਹਾ। ਰਾਵਣ ਨੇ ਸੁੰਬਾ ਅਤੇ ਬਾਲੀ ਦੀਪ ਨੂੰ ਜਿੱਤਦੇ ਹੋਏ ਆਪਣੇ ਰਾਜ ਦਾ ਵਿਸਥਾਰ ਅੰਗ ਦੀਪ, ਮਲਯ ਦੀਪ, ਵਰਾਹ ਦੀਪ,  ਸੰਖ ਦੀਪ, ਕੁਸ਼ ਦੀਪ, ਯਵ ਦੀਪ ਅਤੇ ਆਂਧਰਾਲਯ ਤੱਕ ਫੈਲਾ ਲਿਆ ਸੀ। ਇਸ ਤੋਂ ਬਾਅਦ ਉਸ ਨੇ ਲੰਕਾ ਨੂੰ ਅਪਣਾ ਨਿਸ਼ਾਨਾ ਬਣਾਇਆ। ਜਿੱਥੇ ਕੁਬੇਰ ਦਾ ਰਾਜ ਸੀ। ਵਿਦਵਾਨਾਂ ਅਨੁਸਾਰ ਰਾਵਣ ਦੇ ਰਾਜ ਦਾ ਵਿਸਥਾਰ ਵਰਤਮਾਨ ਸਮੇਂ ਦੇ ਇੰਡੋਨੇਸ਼ੀਆ, ਮਲੇਸ਼ੀਆ, ਬਰਮਾ, ਦੱਖਣ ਭਾਰਤ ਦੇ ਕੁਝ ਰਾਜਾਂ ਅਤੇ ਸ਼੍ਰੀਲੰਕਾ ਤੱਕ ਪਸਰਿਆ ਹੋਇਆ ਸੀ। ਰਾਵਣ ਦੇ ਜੀਵਨ ਬਿਰਤਾਂਤ ਨੂੰ ਸਾਹਮਣੇ ਰੱਖਦੇ ਹੋਏ ਲਿਖੇ ਗਏ ਦੋ ਮਹੱਤਵਪੂਰਨ ਨਾਵਲਾਂ “ਵਯਮ ਰਕਸ਼ਾਮ:” ਅਤੇ “ਲੰਕੇਸ਼ਵਰ” ਅਨੁਸਾਰ ਰਾਵਣ ਨੇ ਆਪਣੇ ਰਾਜ ਅੰਦਰ ਸੰਪੂਰਨ ਜਾਤੀਆਂ ਦੇ ਹਿਤਾਂ ਦੀ ਰੱਖਿਆ ਕਰਦੇ ਹੋਏ ਇਕ ਭੇਦ-ਭਾਵ ਰਹਿਤ ਸਮਾਜ ਦੀ ਸਥਾਪਨਾ ਕਰਨ ਦੀ ਸਥਾਪਨਾ ਕੀਤੀ ਸੀ। ਉਸ ਨੇ ਆਰੀਆ ਲੋਕਾਂ ਦੀ ਭੋਗਵਾਦੀ ਪ੍ਰਵਿਰਤੀ ਤੋਂ ਆਪਣੇ ਦੇਸ਼ ਵਾਸੀਆਂ ਦੀ ਰੱਖਿਆ ਕੀਤੀ। ਜਿਸ ਕਾਰਨ ਹੀ ਉਸ ਨੂੰ ਰੱਖਿਆ ਕਰਨ ਵਾਲਾ ਅਰਥਾਤ ਰਾਖਸ਼ਸ ਕਿਹਾ ਗਿਆ ਸੀ।
ਸ੍ਰੀਲੰਕਾ ਨੂੰ ਬੇਸ਼ੱਕ ਜ਼ਿਆਦਾਤਰ ਲੋਕ ਭਾਰਤ ਦੇ ਦੱਖਣੀ ਸਮੁੰਦਰ ਨਾਲ ਲਗਦੀ ਅਜੋਕਾ ਸ੍ਰੀਲੰਕਾ ਦੇਸ਼ ਮੰਨਦੇ ਹਨ, ਪਰ ਇਕ ਵਿਚਾਰ ਅਨੁਸਾਰ ਇਹ ਸਮੁੰਦਰੋਂ ਪਾਰ ਵਾਲੀ ਮੌਜੂਦਾ ਸ੍ਰੀਲੰਕਾ ਨਹੀਂ, ਸਗੋਂ ਭਾਰਤ ਅੰਦਰ ਸਥਿਤ ਛੋਟਾ ਨਾਗਪੁਰ ਦਾ ਖੇਤਰ ਹੀ ਸੀ। ਪ੍ਰਸਿੱਧ ਵਿਦਵਾਨ ਸ਼੍ਰੀ ਸਾਂਕਲਿਆ ਨੇ ਸਿੱਧ ਕੀਤਾ ਹੈ ਕਿ ਰਾਵਣ ਆਧੁਨਿਕ ਨਾਗਪੁਰ (ਵਿੰਧਿਆ ਖੇਤਰ) ਦੇ ਪੂਰੇ ਸੁੱਖ ਸਹੂਲਤਾਂ ਵਾਲੇ ਰਾਜ ‘ਲੰਕਾ’ ਦਾ ਸਮਰਾਟ ਸੀ। ਉਨ੍ਹਾਂ ਅਨੁਸਾਰ ਆਦਿ-ਵਾਸੀ ਗੌਂਡ ਜਾਤੀ ਵਿਚ ਮਹਾਰਾਜਾ ਰਾਵਣ ਦਾ ਨਾਮ ਬਹੁਤ ਸਨਮਾਨ ਨਾਲ ਲਿਆ ਜਾਂਦਾ ਹੈ। ਰਾਮਾਇਣ ਵਿਚ ਜਿਸ ਲੰਕਾ ਦਾ ਜ਼ਿਕਰ ਮਿਲਦਾ ਹੈ, ਉਹ ਮੱਧ ਪ੍ਰਦੇਸ਼ ਦੇ ਜੱਬਲਪੁਰ ਖੇਤਰ ਦੇ ਉੱਤਰ ਵਿਚ ਸਥਿਤ ਹੈ। ਉਨ੍ਹਾਂ ਅਨੁਸਾਰ ਆਦਿ-ਵਾਸੀ ਗੌਂਡ ਜਾਤੀ ਦੀ ਭਾਸ਼ਾ ਵਿਚ ਲੰਕਾ ਸ਼ਬਦ ਦਾ ਅਰਥ ਉੱਚ ਸਥਾਨ ਜਾਂ ਰਾਜ ਮਹਿਲ ਦੇ ਕਿਲੇ੍ਹ ਤੋਂ ਹੈ। ਗੌਂਡ ਲੋਕ ਆਪਣੇ ਮਹੱਤਵਪੂਰਨ ਸਥਾਨਾਂ ਅਤੇ ਚਾਰੇ ਪਾਸੇ ਪਾਣੀ ਹੋਣ ਵਾਲੇ ਕਿਲੇ੍ਹ ਨੂੰ ਲੰਕਾ ਨਾਮ ਨਾਲ ਪੁਕਾਰਦੇ ਹਨ। ਅਸਲ ਵਿਚ ਰਾਵਣ ਆਪਣੇ ਸਮੇਂ ਦਾ ਇਕ ਨਿਆਂਪੂਰਨ ਅਤੇ ਆਪਣੀ ਪਰਜਾ ਦੀ ਰੱਖਿਆ ਕਰਨ ਵਾਲਾ ਸਰਬੋਤਮ ਰਾਜਾ ਸੀ। ਜਿਸ ਦੀ ਸ਼ੋਭਾ ਕਰਦਿਆਂ ਬਾਲਮੀਕੀ ਰਾਮਾਇਣ ਕਹਿੰਦੀ ਹੈ ਕਿ ਰਾਵਣ ਨੂੰ ਵੇਖਦੇ ਹੀ ਰਾਮ ਮੁਗਧ ਹੋ ਜਾਂਦੇ ਸਨ ਤੇ ਆਖਦੇ ਸਨ ਕੇ ਰੂਪ, ਸੁੰਦਰਤਾ, ਧੀਰਜ ਅਤੇ ਨੀਤੀ ਦੇ ਬਾਵਜੂਦ ਜੇ ਰਾਵਣ ’ਚ ਅਧਰਮ ਬਲਵਾਨ ਨਾ ਹੁੰਦਾ ਤਾਂ ਉਹ ਪਰਲੋਕ ਦਾ ਮਾਲਕ ਬਣ ਜਾਂਦਾ, ਪਰ ਸ਼ਾਇਦ ਸਮੇਂ ਦੇ ਵਿਦਵਾਨਾਂ ਨੇ ਰਾਮ ਜੀ ਦੁਆਰਾ ਇਸ ਪ੍ਰਸੰਗ ਅੰਦਰ ਦਰਸਾਏ ‘ਅਧਰਮ’ ਸ਼ਬਦ ਦੀ ਵਿਆਖਿਆ ਕੁਝ ਜ਼ਿਆਦਾ ਹੀ ਉਲਾਰੂ ਰੂਪ ਵਿਚ ਕਰ ਲਈ ਸੀ। ਜਿਸ ਕਾਰਨ ਹੀ ਰਾਵਣ ਮਹਾਨ ਵਿਦਵਾਨ ਤੋਂ ਦੁਸ਼ਟ ਤੱਕ ਦਾ ਸਫ਼ਰ ਤੈਅ ਕਰ ਗਿਆ। ਭਾਰਤ ਅੰਦਰ ਪ੍ਰਾਪਤ ਬਹੁ-ਗਿਣਤੀ ਸਮਾਜ ਦੀਆਂ ਨਜ਼ਰਾਂ ਵਿਚ ਰਾਵਣ ਵੱਲੋਂ ਰਾਮ ਚੰਦਰ ਜੀ ਦੀ ਪਤਨੀ ਸੀਤਾ ਦਾ ਅਪਹਰਨ ਕਰਨਾ ਹੀ ਉਸ ਸਮੇਂ ਦਾ ਅਧਰਮ ਸੀ। ਜਿਸ ਸਦਕਾ ਰਾਮ ਚੰਦਰ ਜੀ ਤੇ ਉਨ੍ਹਾਂ ਦੇ ਸਾਥੀਆਂ ਨੂੰ ਲੰਕਾ ਉੱਪਰ ਹਮਲਾ ਕਰ ਕੇ ਰਾਵਣ ਨੂੰ ਮਾਰਨ ਉਪਰੰਤ ਸੀਤਾ ਦੀ ਪੁਨਰ ਪ੍ਰਾਪਤੀ ਕਰਨਾ ਅਤਿ ਆਵੱਸ਼ਕ ਹੋ ਗਿਆ ਸੀ। ਇਸ ਮੌਕੇ ਤਸਵੀਰ ਦਾ ਦੂਸਰਾ ਪਾਸਾ ਬਿਆਨ ਕਰਦਿਆਂ ਅਰਸਿੲਨ ਅਹੁਬੁਦਹੁ ਕਹਿੰਦੇ ਹਨ ਕਿ ਰਾਵਣ ਦੇ ਭਾਈ ਵਿਭੀਸ਼ਣ ਨੇ ਹੀ ਅਸਲ ਵਿਚ ਰਾਮ ਚੰਦਰ ਹੋਰਾਂ ਨੂੰ ਲੰਕਾ ਉੱਪਰ ਹਮਲਾ ਕਰਨ ਲਈ ਤਿਆਰ ਕੀਤਾ ਸੀ, ਕਿਉਂਕਿ ਉਹ ਰਾਵਣ ਅਤੇ ਉਸ ਦੇ ਹਮਾਇਤੀਆਂ ਦੀ ਮੌਤ ਤੋਂ ਬਾਅਦ ਖ਼ੁਦ ਲੰਕਾ ਵਾਸੀਆਂ ਉੱਪਰ ਹੁਕਮ ਚਲਾਉਣ ਹਿਤ ਉਸ ਦੇ ਰਾਜ ਸਿੰਘਾਸਣ ਤੇ ਬਿਰਾਜਮਾਨ ਹੋਣਾ ਚਾਹੁੰਦਾ ਸੀ। ਉਸ ਦੁਆਰਾ ਆਪਣੀਆਂ ਚਾਹਤਾਂ ਦੀ ਪੂਰਤੀ ਲਈ ਰਾਮ ਚੰਦਰ ਜੀ ਨਾਲ ਹੋਈਆਂ ਸ਼ਰਤਾਂ ਦੀ ਬਦੌਲਤ ਉਹ ਅਜਿਹਾ ਕਰਨ ਵਿਚ ਸਫਲ ਵੀ ਹੋਇਆ। ਬੇਸ਼ੱਕ ਰਾਵਣ ਨੂੰ ਮਿੱਥ ਅਤੇ ਰਵਾਇਤਾਂ ਅਨੁਸਾਰ ਦੁਸ਼ਟ, ਗੈਰ-ਸਲੀਕੇਦਾਰ, ਦੁਰਾਚਾਰੀ, ਪਾਪੀ, ਅਨਿਆਂ ਪਸੰਦ, ਤਾਨਾਸ਼ਾਹ, ਬੇਇਨਸਾਫ਼, ਕ੍ਰੋਧੀ, ਡਰਾਉਣੇ ਰੂਪ ਦਾ ਮਾਲਕ ਤੇ ਹੋਰ ਬਹੁਤ ਕਝ ਕਿਹਾ ਜਾਂਦਾ ਹੈ, ਪਰ ਸਚਾਈ ਇਹ ਹੈ ਕੇ ਰਾਵਣ ਆਪਣੇ ਸਮਿਆਂ ਦਾ ਬਹੁਤ ਜ਼ਿਆਦਾ ਸਮਝਦਾਰ, ਰਾਜਨੀਤਿਕ ਮਾਹਿਰ, ਨੀਤੀਵਾਨ, ਨਿਆਂ-ਪਸੰਦ, ਵਿਗਿਆਨੀ, ਵੈਦ ਅਤੇ ਵਿਦਵਾਨ ਪੰਡਿਤ ਸੀ। ਇਸ ਦੀਆਂ ਉਦਾਹਰਨਾਂ ਸਾਨੂੰ ਖ਼ੁਦ ਰਾਮਾਇਣ ਵਿਚਲੇ ਬਿਰਤਾਂਤ ਪ੍ਰਦਾਨ ਕਰਦੇ  ਹਨ। ਇਸ ਸਬੰਧੀ ਇਕ ਬੰਗਲਾ ਪੁਸਤਕ ਦਾ ਹਵਾਲਾ ਦਿੰਦਿਆਂ ਸ਼ੀ੍ਰ ਐੱਸ.ਐੱਲ.ਵਿਰਦੀ ਲਿਖਦੇ ਹਨ ਕਿ ਰਾਵਣ ਇਕ ਦਰਾਵੜ ਜਾਤੀ ਦਾ ਰਾਜਾ ਸੀ, ਜਿਸ ਨੇ ਬੁੱਧ ਧਰਮ ਧਾਰਨ ਕਰ ਲਿਆ ਸੀ। ਉਹ ਅਰਸਤੂ ਅਤੇ ਪਲੈਟੋ ਦੇ ਬਰਾਬਰ ਦਾ ਦਾਰਸ਼ਨਿਕ ਸੀ।
ਇਸ ਗੱਲ ਤੋਂ ਸਭ ਭਲੀ-ਭਾਂਤ ਜਾਣੂੰ ਹਨ ਕੇ ਭਾਰਤ ਦਾ ਇਤਿਹਾਸ ਅਸਲ ਵਿਚ ਆਰੀਆ ਲੋਕਾਂ ਦਾ ਇਤਿਹਾਸ ਹੈ। ਜਿਨ੍ਹਾਂ ਦਾ ਮੂਲ ਆਧਾਰ ਗ੍ਰੰਥ ਰਿਗਵੇਦ ਯੁੱਧ ਬਿਗਲਾਂ ਨਾਲ ਭਰਿਆ ਪਿਆ ਹੈ। ਰਿਗਵੇਦ ਦੇ ਨਾਲਨਾਲ ਆਰੀਆ ਲੋਕਾਂ ਦੇ ਹੋਰਨਾਂ ਬਹੁਤ ਸਾਰਿਆਂ ਗ੍ਰੰਥਾਂ ਵਿਚ ਆਰੀਆ ਲੋਕਾਂ ਵੱਲੋਂ ਇੱਥੋਂ ਦੇ ਮੂਲ ਵਾਸੀਆਂ ਨੂੰ ਤਬਾਹ ਕਰਨ ਉਪਰੰਤ ਮਾਰ ਦੇਣ ਦੇ ਬੇਇੰਤਹਾ ਕਿੱਸੇ ਬੜੇ ਮਾਣ ਨਾਲ ਦਰਜ ਕੀਤੇ ਗਏ ਹਨ। ਇਤਿਹਾਸਕਾਰ ਦੱਸਦੇ ਹਨ ਕਿ ਇਨ੍ਹਾਂ ਲੋਕਾਂ (ਆਰੀਆ) ਦੇ ਭਾਰਤ ਆਉਣ ਤੋਂ ਪਹਿਲਾਂ ਇਹ ਖ਼ਿੱਤਾ ਬਹੁਤ ਵਿਕਸਤ ਅਤੇ ਆਤਮ-ਨਿਰਭਰ ਸੀ। ਇੱਥੋਂ ਦੇ ਲੋਕ ਸ਼ਾਂਤੀ ਪਸੰਦ ਅਤੇ ਮਾਨਵੀ ਭਾਈਚਾਰਿਕਤਾ ਦੇ ਧਾਰਨੀ ਸਨ, ਪਰ ਜਦੋਂ ਭੁੱਖ-ਨੰਗੇ, ਪਰ ਚਲਾਕ ਬਿਰਤੀ ਦੇ ਵਹਿਸ਼ੀ ਲੋਕ ਮੱਧਏਸ਼ੀਆ ਤੋਂ ਉੱਠ ਕਿ ਇਸ ਧਰਤੀ ’ਤੇ ਆਏ ਤਾਂ ਉਨ੍ਹਾਂ ਨੇ ਆਪਣੇ ਅੰਦਰਲੀ ਕਰੂਰਤਾ ਅਤੇ ਜੰਗਜੂ ਬਿਰਤੀ ਦਾ ਇਸ ਕਦਰ ਬੇਸ਼ਰਮੀ ਨਾਲ ਪ੍ਰਗਟਾਵਾ ਕੀਤਾ ਕਿ ਇੱਥੋਂ ਦੇ ਮੂਲ ਵਾਸੀਆਂ ਨੂੰ ਹੀ ਇੱਥੋਂ ਪਰੇ ਧੱਕ ਦਿੱਤਾ। ਪ੍ਰਸਿੱਧ ਇਤਿਹਾਸਕਾਰ ਸ਼੍ਰੀ ਪੀ. ਐਨ. ਦੇਸ਼ਪਾਂਡੇ ਲਿਖਦੇ ਹਨ ਕਿ ਆਰੀਆ ਨੇ ਹੜੱਪਾ ਦੀ ਉੱਨਤ ਸਿੰਧੂ ਸਭਿਅਤਾ ਨੂੰ ਤਬਾਹ ਕੀਤਾ। ਇਹ ਸਭਿਅਤਾ ਜਿਹੜੀ ਕੇ ਦੁਨੀਆ ਭਰ ਵਿਚ ਉੱਤਮ ਸੀ, ਇਨ੍ਹਾਂ ਲੋਕਾਂ ਨੇ ਉਸ ਨੂੰ ਅੱਗਾਂ ਲਗਾ ਕਿ ਸਾੜ ਦਿੱਤਾ। ਭਾਰਤੀ ਇਤਿਹਾਸ/ਮਿਥਿਹਾਸ ਨਾਲ ਸਬੰਧਿਤ ਪ੍ਰਮੁੱਖ ਗ੍ਰੰਥ ਵੇਦ ਅਤੇ ਰਾਮਾਇਣ ਵਰਗੇ ਗ੍ਰੰਥ ਇਨ੍ਹਾਂ ਆਰੀਆ ਲੋਕਾਂ ਦੀਆਂ ਦਾਸਤਾਨਾਂ ਹੀ ਹਨ। ਵਿਦਵਾਨਾਂ ਦਾ ਇਕ ਸਮੂਹ ਇਹ ਵੀ ਸਵੀਕਾਰ ਕਰਦਾ ਹੈ ਕਿ ਰਮਾਇਣ ਆਰੀਆ ਲੋਕਾਂ ਦੁਆਰਾ ਦੱਖਣ ਵੱਲ ਰਾਜ ਪ੍ਰਬੰਧ ਨੂੰ ਵਧਾਉਣ ਦੀ ਗਾਥਾ ਬਿਆਨ ਕਰਨ ਵਾਲਾ ਹੀ ਇਕ ਗ੍ਰੰਥ ਹੈ, ਜਿਸ ਨੂੰ ਬਾਅਦ ਵਿਚ ਇਨ੍ਹਾਂ ਲੋਕਾਂ ਵੱਲੋਂ ਬੜੀ ਹੀ ਸਾਵਧਾਨੀ ਨਾਲ ਰਾਜਨੀਤਿਕ ਤੋਂ ਧਾਰਮਿਕ ਗ੍ਰੰਥ ਦੇ ਰੂਪ ਵਿਚ ਹਸਤਾਂਤਰਿਤ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਇਹ ਗ੍ਰੰਥ ਪੂਜਣ ਯੋਗ ਬਣ ਗਿਆ। ਅਸਲ ਵਿਚ ਪ੍ਰਾਪਤ ਰਾਮਾਇਣਾਂ ਦੇ ਆਲੋਚਨਾਤਮਿਕ ਅਧਿਐਨ ਵਿਚ ਅਜਿਹੀ ਕੋਈ ਵੀ ਗੱਲ ਸਾਹਮਣੇ ਨਹੀਂ ਆਉਂਦੀ ਕਿ ਇਸ ਗ੍ਰੰਥ ਨੂੰ ਧਾਰਮਿਕ ਗ੍ਰੰਥ ਦਾ ਦਰਜਾ ਦਿੱਤਾ ਜਾਵੇ। ਵੈਦਿਕ ਧਰਮ ਵਿਚ ਮੁੱਖ ਤੌਰ ’ਤੇ ਵੈਸੇ ਤਾਂ ਤੁਲਸੀ ਦਾਸ ਜੀ ਵੱਲੋਂ ਰਚਿਤ ਰਾਮਾਇਣ ਦੀ ਪ੍ਰਧਾਨਤਾ ਹੈ, ਪਰ ਇਸ ਦੀ ਸਭ ਤੋਂ ਪਹਿਲੀ ਸਿਰਜਣਾ ਮਹਾਂਰਿਸ਼ੀ ਬਾਲਮੀਕੀ ਜੀ ਨੇ ਕੀਤੀ ਸੀ, ਪਰ ਕਿਉਂ ਕਿ ਬਾਲਮੀਕੀ ਜੀ ਨੇ ਉਸ ਸਮੇਂ ਦੇ ਅਸਲ ਵਰਤਾਰੇ ਨੂੰ ਚੰਗੀ ਤਰਾਂ ਸਮਝਿਆ ਹੋਇਆ ਸੀ, ਸੋ ਉਨ੍ਹਾਂ ਆਪਣੀ ਇਸ ਰਚਨਾ ਵਿਚ ਯਥਾਰਥ ਦੀ ਭਰਪੂਰ ਵਰਤੋਂ ਕੀਤੀ ਤਾਂ ਜੋ ਲੋਕਾਂ ਸਾਹਮਣੇ ਸਹੀ ਅਤੇ ਸੰਪੂਰਨ ਸੱਚ ਦੀ ਦੱਸ ਰੱਖੀ ਜਾਵੇ, ਪਰ ਉਹ ਯਥਾਰਥ ਵਧੇਰੇ ਕਰ ਕੇ ਆਰੀਆ ਲੋਕਾਂ ਦੇ ਪੱਖੀ ਨਹੀਂ ਸੀ। ਇਸ ਲਈ ਬੜੀ ਹੀ ਸਾਵਧਾਨੀ ਨਾਲ ਪੰਦ੍ਹਰਵੀਂ ਸਦੀ ਵਿਚ ਤੁਲਸੀਦਾਸ ਹੋਰਾਂ ਨੇ ਆਪਣੀ ਰਾਮ ਭਗਤੀ ’ਚ ਭਿੱਜ ਕਿ ਬਾਲਮੀਕੀ ਜੀ ਦੇ ਯਥਾਰਥ ਨੂੰ ਆਦਰਸ਼ਵਾਦ ਦੀ ਰੰਗਣ ਦੇ ਕਿ ਰਾਮਾਇਣ ਦੀ ਪੁਨਰ-ਸਿਰਜਣਾ ਕਰ ਦਿੱਤੀ। ਇਹ ਉਹ ਰਾਮਾਇਣ ਹੀ ਹੈ, ਜਿਹੜੀ ਕਿ ਹੁਣ ਆਰੀਆ ਪੱਖੀ ਤੇ ਅਖੌਤੀ ਬ੍ਰਾਹਮਣਵਾਦੀ ਤਾਕਤਾਂ ਨੂੰ ਸਹਾਇਤਾ ਪ੍ਰਦਾਨ ਕਰਦੀ ਹੈ। ਵਾਸਤਵ ਵਿਚ ਤੁਲਸੀ ਰਾਮਾਇਣ ਇਕ ਸੁਧਾਰਵਾਦੀ ਦ੍ਰਿਸ਼ਟੀ ਤੋਂ ਰਚੀ ਕ੍ਰਿਤ ਹੈ, ਜਿਹੜੀ ਕਿ ਬਾਲਮੀਕੀ ਜੀ ਦੁਆਰਾ ਰਚੇ ਗਏ ਪਾਤਰਾਂ ਦਾ ਪੁਨਰ ਸਿਰਜਣ ਕਰਦੀ ਹੈ। ਤੁਲਸੀ ਦਾਸ ਜੀ ਨੇ ਆਪਣੀ ਰਾਮ ਭਗਤੀ ਦੇ ਸਦਕਾ ਥਾਂ ਪੁਰ ਥਾਂ ਸ਼੍ਰੀ ਰਾਮ ਜੀ ਨੂੰ ਰਾਵਣ ਤੋਂ ਵਡੇਰਾ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਦਾ ਸਿੱਟਾ ਇਹ ਨਿਕਲਿਆ ਕਿ ਹਿੰਦੂ ਮੰਦਰਾਂ ਚੋਂ ਬਾਲਮੀਕੀ ਰਾਮਾਇਣ ਬਣਵਾਸ ਤੇ ਚਲੀ ਗਈ ਅਤੇ ਉਸ ਦੀ ਥਾਂ ਲੈਣ ਲਈ ਤੁਲਸੀ ਰਾਮਾਇਣ ਆਦਰਸ਼ਮਈ ਤੌਰ ’ਤੇ ਉੱਭਰੀ, ਹਾਲਾਂਕਿ ਬਾਲਮੀਕੀ ਜੀ ਵਾਲੀ ਕ੍ਰਿਤ ਸਮਕਾਲੀ ਹੋਣ ਕਾਰਨ ਵਧੇਰੇ ਭਰੋਸੇਯੋਗ ਸਾਬਤ ਹੁੰਦੀ ਹੈ।
ਰਾਵਣ ਦੀ ਮੌਤ ਤੋਂ ਬਾਅਦ ਉਸ ਦੇ ਨਾਮ ਦੇ ਨਾਲਨਾਲ, ਉਸ ਦੇ ਜੀਵਨ ਨਾਲ ਸੰਬੰਧਿਤ ਹਰ ਚੀਜ਼ ਦੀ ਪਰਿਭਾਸ਼ਾ ਹੀ ਬਦਲ ਗਈ ਸੀ। ਆਪਣੀ ਮੌਤ ਤੋਂ ਬਾਅਦ ਰਾਵਣ, ਬਹੁ-ਗਿਣਤੀ ਦਾ ਇਸ ਦੇਸ਼ ਉੱਪਰ ਕਬਜ਼ਾ ਹੋ ਜਾਣ ਕਾਰਨ, ਇਕ ਮਹਾਨ ਦਰਸ਼ਨਵੇਤਾ ਨਹੀਂ ਸੀ ਰਿਹਾ, ਸਗੋਂ ਉਸ ਦੀ ਮੌਤ ਨੂੰ ਨੇਕੀ ਉੱਪਰ ਬਦੀ ਦੀਆਂ ਜਿੱਤਾਂ ਵਰਗੇ ਦ੍ਰਿਸ਼ਟਾਂਤਾਂ ਰਾਹੀਂ, ਬਹੁ-ਗਿਣਤੀ ਨੇ ਨਿੱਜੀ ਹਿਤਾਂ ਲਈ ਵਰਤਦੇ ਹੋਏ ਉਸ ਨੂੰ ਏਨਾ ਜ਼ਾਲਮ ਬਣਾ ਦਿੱਤਾ ਕੇ ਹੁਣ ਰਾਵਣ ਬੁਰਾਈ ਦਾ ਸਰਬੋਤਮ ਪ੍ਰਤੀਕ ਬਣ ਕਿ ਰਹਿ ਗਿਆ ਹੈ। ਜਿਸ ਦੇ ਪੁਤਲਿਆਂ ਨੂੰ ਫੂਕਣਾ ਅੱਜ ਵੀ ਜਨਤਾ ਅਪਣਾ ‘ਪਰਮ ਕਰਤੱਵ’ ਸਮਝ ਬੈਠੀ ਹੈ। ਰਾਵਣ ਦੇ ਸਮੁੱਚੇ ਜੀਵਨ ਘਟਨਾ-ਕ੍ਰਮਾਂ ਦੀ ਤਰਕ ਆਧਾਰਿਤ ਪੜਚੋਲ ਕਰਨ ਉਪਰੰਤ ਇਹ ਨਤੀਜਾ ਨਿਕਲਦਾ ਹੈ ਕਿ ਉਸ ਦੀ ਇਕ “ਗ਼ਲਤੀ” ਨੂੰ ਇਸ ਦੇਸ਼ ਵਿਚ ਸਭ ਤੋਂ ਵੱਡੇ ਅਪਰਾਧ ਦੇ ਰੂਪ ’ਚ ਸਿਰਜ ਦਿੱਤਾ ਗਿਆ ਹੈ। ਜਿਸ ਨੂੰ ਦੂਰ ਕਰਨ ਲਈ ਅਮਾਨਵੀਪੁਣੇ ਦਾ ਪ੍ਰਗਟਾਵਾ ਕਰਦੇ ਹੋਏ, ਹਰ ਸਾਲ ਉਸ ਦੇ ਪੁਤਲਿਆਂ ਨੂੰ ਫੂਕਿਆ ਜਾ ਰਿਹਾ ਹੈ, ਜਦੋਂ ਕੇ ਇਸ ਸਚਾਈ ਤੋਂ ਸਭ ਭਲੀ-ਭਾਂਤ ਜਾਣੂੰ ਹਨ ਕੇ ਬਦੀ ਵਰਗੇ ਅਵਗੁਣ ਪੁਤਲੇ ਫੂਕਣ ਵਰਗੀ ਫ਼ਾਸ਼ੀਵਾਦੀ ਸੋਚ ਨਾਲ ਦੂਰ ਨਹੀਂ ਹੁੰਦੇ, ਸਗੋਂ ਨੈਤਿਕਤਾ ਦੇ ਧਾਰਨੀ ਬਣਨ ਨਾਲ ਹੀ ਖ਼ਤਮ ਹੋ ਸਕਦੇ ਹਨ। ਇਸ ਤਸਵੀਰ ਦਾ ਇਕ ਕੋਝਾ ਚਿਹਰਾ ਉਸ ਸਮੇਂ ਵੀ ਵੇਖਣ ਨੂੰ ਮਿਲ ਗਿਆ, ਜਦੋਂ ਅਖੌਤੀ ਧਰਮੀਆਂ ਦੀ ਇਸ ਜਾਹਲ ਪਰੰਪਰਾ ਦੇ ਵਿਰੋਧ ਵਿਚ ਕੁਝ ਥਾਵਾਂ ਤੇ ਬੀਤੇ ਕੁਝ ਸਾਲਾਂ ਦੌਰਾਨ ਦਲਿਤ ਭਾਈਚਾਰਿਆਂ ਵੱਲੋਂ ਵੀ ਰਾਮ ਚੰਦਰ ਜੀ ਦੇ ਪੁਤਲੇ ਸਾੜਨ ਦੇ ਐਲਾਨ ਆ ਗਏ ਤੇ ਕਈ ਥਾਵਾਂ ’ਤੇ ਇਨ੍ਹਾਂ ਅਪਣਾ ਅਮਲੀ ਰੂਪ ਵੀ ਵਿਖਾ ਦਿੱਤਾ ਹੈ। ਜਿਸ ਸਦਕਾ ਦੋਵੇਂ ਪਾਸਿਆਂ ਦਰਮਿਆਨ ਆਪਸੀ ਟਕਰਾਅ ਦੀਆਂ ਉਹ ਵਾਰਦਾਤਾਂ ਵੀ ਸਾਹਮਣੇ ਆਈਆਂ ਹਨ, ਜੋ ਧਰਮ ਦੇ ਖੇਤਰ ਵਿਚ ਕੋਈ ਅਹਿਮੀਅਤ ਨਹੀਂ ਰੱਖਦੀਆਂ। 
ਇਸ ਲਈ ਕਹਿਣਾ ਬਣਦਾ ਹੈ ਕਿ ਇਸ ਦੇਸ਼ ਨੂੰ ਜ਼ਰੂਰਤ ਰਾਵਣ ਦੇ ਪੁਤਲੇ ਸਾੜਨ ਦੀ ਨਹੀਂ, ਸਗੋਂ ਪਦਾਰਥਵਾਦ ਕਾਰਨ ਸਾਡੇ ਮਨਾਂ ਅੰਦਰ ਵੱਸ ਚੁੱਕੇ ਰਾਵਣਾਂ ਨੂੰ ਮਾਰਨ ਦੀ ਹੈ। ਉਹ ਰਾਵਣ ਜੋ ਨਿੱਤ ਦਿਹਾੜੇ ਸ਼ਰੇਆਮ ਧੀਆਂ-ਭੈਣਾਂ ਦੀ ਪੱਤ ਰੋਲਦੇ, ਉਨ੍ਹਾਂ ਨੂੰ ਸਾੜਦੇ ਮਾਰਦੇ, ਨਸ਼ਿਆਂ ਦਾ ਵਪਾਰ ਕਰਦੇ ਅਤੇ ਆਪਣੇ ਵਹਿਸ਼ੀਪਣ ਦਾ ਪ੍ਰਗਟਾਵਾ ਕਰਦੇ ਹੋਏ ਸ਼ਰੇਆਮ ਗਲੀਆਂ ’ਚ ਘੁੰਮਦੇ-ਫਿਰਦੇ ਹਨ। ਜੇਕਰ ਅਸੀਂ ਇਹਨਾਂ ਰਾਵਣਾਂ ਦੇ ਖ਼ਿਲਾਫ਼ ਕੁਝ ਨਹੀਂ ਕਰ ਸਕਦੇ, ਤਾਂ ਉਸ ਮਹਾਨ ਇਨਸਾਨ ਦੇ ਪੁਤਲੇ ਸਾੜਨਾ ਸਿਰਫ਼ ਆਪਣੀ ਬਿਮਾਰ, ਗ਼ੁਲਾਮ ਅਤੇ ਸੰਪਰਦਾਇਕਤਾ ਭਰਪੂਰ ਬਿਰਤੀ ਦਾ ਪ੍ਰਗਟਾਵਾ ਕਰਨ ਤੋਂ ਸਿਵਾਏ ਹੋਰ ਕੁਝ ਨਹੀਂ ਰਹਿ ਜਾਂਦਾ, ਜੋ ਸਾਨੂੰ ਇਕ ਇਨਸਾਨ ਹੋਣ ਦੇ ਸੰਕਲਪ ਤੋਂ ਕੋਹਾਂ ਦੂਰ ਲਿਜਾ ਕੇ ਖੜ੍ਹਾ ਕਰ ਦਿੰਦੀ ਹੈ।
                                                                                                 ਪਰਮਿੰਦਰ ਸਿੰਘ ਸ਼ੌਂਕੀ 
                                                                                                ਪਿੰਡ ਫ਼ਤਿਹਗੜ੍ਹ ਛੰਨਾਂ, ਸੰਗਰੂਰ।                                      
   

You May Also Like

More From Author

3Comments

Add yours

+ Leave a Comment