ਵਰਿੰਦਰ ਪਰਿਹਾਰ ਦੀਆਂ ਕਵਿਤਾਵਾਂ

ਕਿਲ੍ਹਾ


ਓਦੋਂ ਪਤਾ ਲੱਗਾ

ਜਦੋਂ ਮੈਂ ਕਿਲ੍ਹੇ ਦੇ ਅੰਦਰ ਸੀ

ਵੱਸ ਕਾਸੇ ਤੇ ਨਾ

ਪਰ ਲੱਗਦਾ ਮੈਂ ਸਿਕੰਦਰ ਸੀ


ਸਾਰਾ ਕਿਲ੍ਹਾ ਮੈਨੂੰ ਕਿਸੇ ਦਿਖਾਇਆ

ਇਹ ਆਖ ਫਿਰ:

‘ਕਿਲ੍ਹੇ ਅੰਦਰ ਹੀ ਹੈ ਬਾਹਰ ਜਾਣ ਦਾ ਰਸਤਾ’

ਉਹ ਚੁੱਪ ਚੁਪੀਤਾ  ਚਲਾ ਗਿਆ


ਉੱਚੀਆਂ ਕੰਧਾਂ ਬੂਹੇ ਭਾਰੇ

ਬੰਦ ਸਨ ਕੁੱਝ ਕਮਰੇ ਖੁੱਲ੍ਹੇ

ਰਸਤੇ ਬਹੁਤ ਸਾਰੇ

ਪਰ ਰਸਤਾ ਉਹੀ ਇੱਕ ਲਾਪਤਾ


ਬੜਾ ਸਤਿਆ ਮੈਂ ਬੜਾ ਖਪਿਆ

ਓਹ ਇੱਕ ਰਸਤਾ ਹੀ ਨਾ ਲੱਭਿਆ

ਚਾਨਕ ਪਰ ਇੱਕ ਦਿਨ

ਉਹ ਦਾਨਸ਼ਮੰਦ ਮਿੜਆ

ਚੁੱਪ ਚੁੱਪ ਮੈਨੂੰ ਆਪਣੀ ਉਂਗਲ ਲਾਇਆ

ਥੋੜ੍ਹਾ ਪਰਚਾਇਆ

ਤੇ ਮੇਰੇ ਕੰਨ ਵਿੱਚ ਫੁਸਫੁਸਾਇਆ

ਚੱਲ ਚੱਲੀਏ ਬਾਹਰ-

ਪਰ ਕਿਲ੍ਹੇ ਦੇ ਹੋਰ ਅੰਦਰ ਵੱਲ ਨੂੰ

ਓਹ ਮੈਨੂੰ ਲੈ ਆਇਆ



ਪੱਥਰ


ਸ਼ੋਰ ਮਚਾਉਂਦਾ

ਪੈਰ ਧਰਦਾ

ਜਿਨ੍ਹਾਂ ਪੱਥਰਾਂ ‘ਤੇ

ਪਹੁੰਚ ਰਿਹਾਂ

ਮੈਂ ਟੀਸੀ ਵੱਲ


ਚੁੱਪ ਨੇ

ਉਹ ਸਾਰੇ ਪੱਥਰ


ਕਿਉਂ ਜੁ

ਉਹ ਜਾਣਦੇ


ਪਹੁੰਚ ਕੇ ਟੀਸੀ ‘ਤੇ

ਪੱਥਰ ਹੋ ਕੇ

ਆਵਾਂਗਾ ਲੁੜਕਦਾ ਇੱਕ ਦਿਨ

ਉਨ੍ਹਾਂ ਵੱਲ

ਵਾਂਗ ਉਨ੍ਹਾਂ ਦੇ

ਵਰਿੰਦਰ ਪਰਿਹਾਰ 

You May Also Like

More From Author

+ There are no comments

Add yours