ਸਰਹਿੰਦ ਅਤੇ ਕਰਬਲਾ: ਅੰਤਰ-ਸੰਵਾਦ
ਅਕਸਰ ਜਦੋਂ ਪੋਹ (ਦਸੰਬਰ) ਚੜ੍ਹਦਾ ਹੈ, ਸਿੱਖ ਯਾਦ ਦੀਆਂ ਭਾਵੁਕ ਵਹਿਣਾਂ ਦਾ ਵੇਗ ਸਿਖਰ ‘ਤੇ ਪਹੁੰਚ ਜਾਂਦਾ ਹੈ। ਅਜਿਹਾ ਵੀ ਨਹੀਂ ਹੈ ਕਿ ਇਸ ਵੇਗ ਦੀਆਂ ਨਿਸ਼ਾਨਦੇਹੀਆਂ ਸਿਰਫ਼ ਦਸੰਬਰ ਦੇ ਧਰਾਤਲਾਂ ਉੱਪਰ ਹੀ ਕੀਤੀਆਂ ਜਾ ਸਕਦੀਆਂ ਹਨ, ਜਾਂ ਇਨ੍ਹਾਂ ਦੀ ਪੇਸ਼ਕਾਰੀ ਸਿਰਫ਼ ਦਸੰਬਰ ਹੀ ਕਰਦਾ ਹੈ, ਇਹ ਪਹਿਲੇ ਮਹੀਨਿਆਂ ਅੰਦਰ ਵੀ ਆਪਣੀ ਭੂਮਿਕਾ ਬਾਖ਼ੂਬੀ ਨਿਭਾਉਂਦੀਆਂ ਹਨ, ਪਰ ਫਿਰ ਵੀ ਦਸੰਬਰ ਬੇਹੱਦ ਖ਼ਾਸ ਹੈ। ਇਸ ਮਹੀਨੇ ਅੰਦਰ ਅਨੰਦਪੁਰ ਸਾਹਿਬ ਤੋਂ ਸਰਹਿੰਦ ਵਾਇਆ ਚਮਕੌਰ ਸਾਹਿਬ ਦਾ ਸਫ਼ਰ ਸਿੱਖ ਹਸਤੀ ਦਾ ਮਣਾਂ-ਮੂੰਹੀਂ ਇਤਿਹਾਸ ਸਿਰਜਦਾ ਹੈ। ਉਹ ਇਤਿਹਾਸ, ਜਿਸ ਦੀਆਂ ਹੁਣ ਤੱਕ ਬੇਅੰਤ ਸਿਜਦਿਆਂ ਨੇ ਝੁਕ-ਝੁਕ ਬੰਦਨਾਵਾਂ ਕੀਤੀਆਂ ਹਨ। ਜਿਸ ਦੀਆਂ ਬਰੂੰਹਾਂ ‘ਤੇ ਅਨੰਤਾਂ ਹੀ ਨੈਣਾਂ ਨੇ ਆਪਣੇ-ਆਪ ਨੂੰ ਸਮਰਪਿਤ ਕੀਤਾ ਹੈ। ਜਿਸ ਦੀਆਂ ਗਾਥਾਵਾਂ ਸਾਡਾ ਭਵਿੱਖ ਸਿਰਜਦੀਆਂ ਹਨ। ਉਸ ਇਤਿਹਾਸ ਨੂੰ ਸ਼ਾਇਦ ਵਿਸ਼ਵ ਇਤਿਹਾਸ ਦੇ ‘ਹਾਣ’ ਦਾ ਬਣਾਉਣ ਦੀਆਂ ਕਿਸੇ ‘ਪਾਕ-ਕੋਸ਼ਿਸ਼ਾਂ’ ਵਿਚੋਂ ਹੀ ਇਹ ਖਿਆਲ ਪੈਦਾ ਹੋਇਆ ਹੋਵੇਗਾ ਕਿ ਸਰਹਿੰਦ, ਸਿੱਖਾਂ ਦਾ ਕਰਬਲਾ ਹੈ, ਪਰ ਸ਼ਰਧਾ ਅਤੇ ਸਤਿਕਾਰ ਦੇ ਭਾਵਾਂ ਵਿਚ ਭਿੱਜੀਆਂ ਇਨ੍ਹਾਂ ਕੋਸ਼ਿਸ਼ਾਂ ਨੇ ਸਰਹਿੰਦ ਦੀਆਂ ਭੂਮਿਕਾਵਾਂ ਨੂੰ ਇਕ ਪ੍ਰਕਾਰ ਦਾ ‘ਵਿਸ਼ੇਸ਼ਣ’ ਜਾਂ ‘ਤਸ਼ਬੀਹਾਂ’ ਪ੍ਰਦਾਨ ਕਰ ਛੱਡੀਆਂ ਹਨ। ਇਹ ਉਹ ਤਸ਼ਬੀਹਾਂ ਹਨ, ਜਿਨ੍ਹਾਂ ਤੋਂ ਸਰਹਿੰਦ ਦਾ ਪਿੰਡਾ ਪੂਰੀ ਤਰ੍ਹਾਂ ਮੁਕਤ ਹੋਣਾ ਚਾਹੀਦਾ ਹੈ, ਕਿਉਂਕਿ ਸਰਹਿੰਦ ਅਤੇ ਕਰਬਲਾ ਦੀਆਂ ਆਪਣੀਆਂ-ਆਪਣੀਆਂ ਭੂਮਿਕਾਵਾਂ ਅਤੇ ਉਦੇਸ਼ ਸਨ। ਜਿਨ੍ਹਾਂ ਦਾ ਆਪਸ ਵਿਚ ਕੋਈ ਠੋਸ ਸਬੰਧ ਨਹੀਂ ਹੈ। ਜਦੋਂ ਅਸੀਂ ਸਰਹਿੰਦ ਨੂੰ ਸਿੱਖਾਂ ਦਾ ਕਰਬਲਾ ਆਖਦੇ ਹੋਏ ਸੰਬੋਧਿਤ ਕਰਦੇ ਹਾਂ, ਉਦੋਂ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਉਤਪੰਨ ਹੁੰਦੀਆਂ ਹਨ। ਜਿਨ੍ਹਾਂ ਦੀ ਬਦੌਲਤ ‘ਸਰਹਿੰਦ’ ਇਕ ਸੀਮਤ ਚੌਖਟੇ ਅੰਦਰ ਬੱਝੀ ਪ੍ਰਤੀਤ ਹੋਣ ਲੱਗਦੀ ਹੈ।
ਦਰਅਸਲ ਕਰਬਲਾ ਦਾ ਅਪਣਾ ਇਕ ਨਿਵੇਕਲਾ ਇਤਿਹਾਸ ਹੈ। ਜਿਸ ਦੀਆਂ ਭੂਮਿਕਾਵਾਂ ਦੀ ਇਸਲਾਮੀ ਜਗਤ, ਖ਼ਾਸ ਕਰ ਕੇ ਸ਼ੀਆ ਸੰਪਰਦਾਇ ਅੰਦਰ ਬੇਹੱਦ ਮਾਨਤਾ ਅਤੇ ਸਤਿਕਾਰ ਹੈ। ਇਸ ਦੀਆਂ ਜੜ੍ਹਾਂ ਬੇਹੱਦ ਡੂੰਘੀਆਂ ਹਨ, ਇਨ੍ਹਾਂ ਨੂੰ ਜ਼ਿਆਦਾ ਡੂੰਘਾਈ ਵਿਚ ਨਾ ਲੈ ਜਾਂਦੇ ਹੋਏ ਅਸੀਂ ਆਪਣੀ ਗੱਲ ਮੁਆਬੀਆ ਖ਼ਿਲਾਫ਼ਤ ਤੋਂ ਸ਼ੁਰੂ ਕਰਾਂਗੇ। ਇਸਲਾਮੀ ਪਰੰਪਰਾ ਅੰਦਰ ‘ਖ਼ਿਲਾਫ਼ਤ’ ਅਤੇ ‘ਖ਼ਲੀਫ਼ਾ’ ਦਾ ਇਤਿਹਾਸ ਕੀ ਹੈ? ਜਾਂ ਇਸ ਦੀਆਂ ਕਿਹੜੀਆਂ ਪ੍ਰਾਸੰਗਿਕਤਾਵਾਂ ਹਨ? ਇਹ ਫਿਲਹਾਲ ਸਾਡਾ ਵਿਸ਼ਾ ਨਹੀਂ ਹੈ। ਇੱਥੇ ਸਾਡਾ ਵਿਸ਼ਾ ਸਿਰਫ਼ ਖ਼ਿਲਾਫ਼ਤ ਦੌਰ ਦੇ ਇਤਿਹਾਸ ਦੀਆਂ ਕੁਝ ‘ਕੁ ਘਟਨਾਵਾਂ ਦੀ ਚਰਚਾ ਹੈ। ਖ਼ਿਲਾਫ਼ਤ ਲਹਿਰ ਅੰਦਰ ਮੁਆਬੀਆ ਪਹਿਲਾ ਵਿਅਕਤੀ ਸੀ, ਜਿਸ ਨੇ ਖ਼ਿਲਾਫ਼ਤ ਨੂੰ ਰਾਜਾਸ਼ਾਹੀ ‘ਚ ਤਬਦੀਲ ਕੀਤਾ। ਉਸ ਨੇ ਅਪਣੇ ਜੀਵਨ ਕਾਲ ਦੌਰਾਨ ਹੀ ਅਪਣੀ ਪਰਜਾ ਨੂੰ ਇਹ ਸਹੁੰ ਚੁਕਵਾਈ ਸੀ ਕਿ ਉਸ ਤੋਂ ਬਾਅਦ ਇਸਲਾਮ ਜਗਤ ਦਾ ਅਗਲਾ ਖ਼ਲੀਫ਼ਾ ਉਸ ਦਾ ਪੁੱਤਰ ਯਜ਼ੀਦ ਹੋਵੇਗਾ। ਜਦੋਂ ਸਮੁੱਚੀ ਪਰਜਾ ਨੇ ਇਹ ਸਹੁੰ ਚੁੱਕ ਲਈ ਤਾਂ ਕੁੱਝ ‘ਕੁ ਗਿਣਤੀ ਦੇ ਬੰਦਿਆਂ ਨੇ ਇਸ ਸਹੁੰ ਨੂੰ ਚੁੱਕਣ ਤੋਂ ਮਨਾਂ ਕਰ ਦਿੱਤਾ ਸੀ। ਇਨ੍ਹਾਂ ਬੰਦਿਆਂ ਅੰਦਰ ਸ਼ਾਮਿਲ ਸਨ- ਚੌਥੇ ਖ਼ਲੀਫ਼ਾ ਹਜ਼ਰਤ ਅਲੀ ਦਾ ਦੂਜਾ ਪੁੱਤਰ ਹੁਸੈਨ, ਦੂਜੇ ਖ਼ਲੀਫ਼ਾ ਉਮਰ ਦਾ ਪੁੱਤਰ ਅਬਦੁੱਲਾ ਅਤੇ ਜ਼ੂਬੈਰ ਦਾ ਪੁੱਤਰ ਅਬਦੁੱਲਾ। ਜਦੋਂ ਮੁਆਬੀਆ ਦੀ ਮੌਤ ਹੋਈ, ਤਾਂ ਇਨ੍ਹਾਂ ਲੋਕਾਂ ਨੂੰ ਮੁੜ ਇਸ ਸਹੁੰ ਨੂੰ ਚੁੱਕਣ ਲਈ ਕਿਹਾ ਗਿਆ। ਇਸ ਵਾਰ ਉਮਰ ਦੇ ਪੁੱਤਰ ਨੇ ਨਿਸ਼ਠਾ ਦੀ ਇਸ ਸਹੁੰ ਨੂੰ ਚੁੱਕ ਲਿਆ। ਜਿਸ ਉਪਰੰਤ ਬਾਕੀ ਬਚੇ ਦੋਵਾਂ ਸ਼ਖ਼ਸਾਂ ਨੇ ਇਰਾਕ ਛੱਡਦੇ ਹੋਏ, ਮੱਕਾ ਜਾਣ ਨੂੰ ਤਰਜੀਹ ਦਿੱਤੀ। ਇਨ੍ਹਾਂ ਦੇ ਵਿਰੋਧ ਦੇ ਬਾਵਜੂਦ ਵੀ ਜਦੋਂ ਮੁਆਬੀਆ ਦੀ ਮੌਤ ਹੋਈ ਤਾਂ ਉਸ ਦਾ ਪੁੱਤਰ ਯਜ਼ੀਦ ਹੀ ਨਵਾਂ ਖ਼ਲੀਫ਼ਾ ਬਣਿਆ।
ਇਸ ਪਦਵੀ ਨੂੰ ਧਾਰਨ ਕਰਨ ਤੋਂ ਬਾਅਦ ਯਜ਼ੀਦ ਨੂੰ ਪਹਿਲੀ ਚੁਨੌਤੀ ਅਲੀ ਦੇ ਪੁੱਤਰ ਹੁਸੈਨ ਕੋਲੋਂ ਹੀ ਮਿਲੀ ਸੀ। ਇਤਿਹਾਸਕਾਰਾਂ ਮੁਤਾਬਿਕ ਹੁਸੈਨ ਅੰਦਰ ਸਿਰਫ਼ ਇਹੀ ਕਮੀ ਸੀ ਕਿ ਉਹ ਚਾਲਬਾਜ਼ੀ ਅਤੇ ਮੂਰਖਤਾ ਦਾ ਧਾਰਨੀ ਨਹੀਂ ਸੀ, ਜਦੋਂ ਕਿ ਉਮੈਯਦ ਦੇ ਉੱਤਰਾਧਿਕਾਰੀਆਂ ਅੰਦਰ ਇਹ ਬਾਖ਼ੂਬੀ ਪਾਈਆਂ ਜਾਂਦੀਆਂ ਸਨ। ਹੁਸੈਨ ਨੇ ਮੁਸਲਮਾਨਾਂ ਦੁਆਰਾ ਕੌਂਸਟੈਂਟੀਨੋਪੁਲ ਦੀ ਘੇਰਾਬੰਦੀ ਅੰਦਰ ਈਸਾਈਆਂ ਦੇ ਵਿਰੁੱਧ ਯੁੱਧ ਵਿਚ ਭਾਗ ਲਿਆ ਸੀ। ਮੁਆਬੀਆ ਅਤੇ ਅਲੀ ਦੇ ਪਹਿਲੇ ਪੁੱਤਰ ਹੁਸੈਨ ਦੇ ਵਿਚਕਾਰ ਜੋ ਸਮਝੌਤਾ ਹੋਇਆ ਸੀ, ਉਸ ਵਿਚ ਖ਼ਲੀਫ਼ਾ ਬਣਨ ਦਾ ਅਧਿਕਾਰ ਸਪਸ਼ਟ ਰੂਪ ਵਿਚ ਸੁਰੱਖਿਅਤ ਰੱਖਿਆ ਗਿਆ ਸੀ, ਕਿਉਂਕਿ ਹੁਸੈਨ ਦੀ ਇਹ ਇੱਛਾ ਕਦੀ ਵੀ ਨਹੀਂ ਰਹੀ ਸੀ ਕਿ ਉਹ ਦਮਿਸਕ ਦੇ ਸ਼ਾਸਕ (ਮੁਆਬੀਆ) ਨੂੰ ਖ਼ਲੀਫ਼ਾ ਸਵੀਕਾਰ ਕਰੇ। ਉਸ ਨੂੰ ਮੁਆਬੀਆ ਦੇ ਔਗੁਣਾਂ ਤੋਂ ਘ੍ਰਿਣਾ ਸੀ, ਉਨ੍ਹਾਂ ਦਾ ਚਰਿੱਤਰ ਹੁਸੈਨ ਦੇ ਕੁਦਰਤੀ ਸੁਭਾਅ ਦੇ ਬਿਲਕੁਲ ਉਲਟ ਸੀ।
ਦੂਸਰੇ ਪਾਸੇ, ਇਸਲਾਮ ਧਰਮ ਅੰਦਰ ਸ਼ਰਾਬ ਦੀ ਪਾਬੰਦੀ ਦਾ ਵਿਧਾਨ ਪ੍ਰਾਪਤ ਹੋਣ ਦੇ ਬਾਅਦ ਵੀ, ਯਜ਼ੀਦ ਇਸਲਾਮ ਜਗਤ ਦਾ ਪਹਿਲਾ ਖ਼ਲੀਫ਼ਾ ਸੀ, ਜੋ ਸ਼ਰਾਬ ਦਾ ਸੇਵਨ ਕਰਦਾ ਸੀ। ਇਸ ਕਰ ਕੇ ਉਸ ਨੂੰ ਇਸਲਾਮੀ ਯਾਦ ਅੰਦਰ ‘ਬਜ਼ੀਦ ਅਲ ਖੁਮਾਰ’ ਅਰਥਾਤ ਸ਼ਰਾਬਾਂ ਵਾਲਾ ਯਜ਼ੀਦ ਆਖਿਆ ਗਿਆ ਹੈ। ਜਦੋਂ ਮੁਆਬੀਆ ਦੀ ਮੌਤ ਹੋਈ ਤਾਂ ਹੁਸੈਨ ਨੂੰ ਇਹ ਯਕੀਨ ਹੋ ਗਿਆ ਸੀ ਕਿ ਹੁਣ ਉਹ ਅਗਲਾ ਖ਼ਲੀਫ਼ਾ ਬਣੇਗਾ ਤੇ ਲੋਕ ਵੀ ਇਸ ਮਾਮਲੇ ਵਿਚ ਉਸ ਦਾ ਸਹਿਯੋਗ ਕਰਨਗੇ। ਇਸ ‘ਖ਼ੁਸ਼ਫਹਿਮੀ’ ਵਿਚ ਵਿਚਰਦਿਆਂ ਹੀ ਉਸ ਨੇ ਅਪਣੇ ਪਰਿਵਾਰ ਦੇ ਕੁਝ ‘ਕੁ ਮੈਂਬਰਾਂ ਅਤੇ ਮੁੱਠੀ ਭਰ ਸਹਿਯੋਗੀਆਂ ਦੀ ਮਦਦ ਨਾਲ ਇਰਾਕ ਦੇ ਕੂਫਾ ਸ਼ਹਿਰ ਉੱਪਰ ਹਮਲਾ ਕਰ ਦਿੱਤਾ, ਜੋ ਕਿ ਉਸ ਦੀ ਵੱਡੀ ਗ਼ਲਤੀ ਸਾਬਤ ਹੋਇਆ, ਕਿਉਂਕਿ ਜਿਸ ਸਹਿਯੋਗ ਦੀ ਉਸ ਨੂੰ ਉਮੀਦ ਸੀ ਇਰਾਕ ਅੰਦਰੋਂ ਉਸ ਨੂੰ ਉਹ ਸਹਿਯੋਗ ਨਾ ਮਿਲਿਆ। ਇਸ ਸਬੰਧੀ ਅਜਿਹੇ ਵੀ ਪ੍ਰਮਾਣ ਪ੍ਰਾਪਤ ਹੁੰਦੇ ਹਨ ਕਿ ਹੁਸੈਨ ਨੂੰ ਖ਼ੁਦ ਕੂਫ਼ਾ ਵਾਸੀਆਂ ਨੇ ਖ਼ਤ ਭੇਜ ਕੇ ਬੁਲਾਇਆ ਸੀ, ਪਰ ਫਿਰ ਵੀ ਇਸ ਦੇ ਅਸਲ ਕਾਰਨ ਜੋ ਮਰਜ਼ੀ ਸਨ, ਅਸਲੀਅਤ ਇਹ ਸੀ ਕਿ ਜਦੋਂ ਉਹ ਰਸਤੇ ਵਿਚ ਸੀ ਤਾਂ ਅਪਣੇ ਸਮੇਂ ਦੇ ਮਹਾਨ ਸੈਨਾਪਤੀ ਸੈਦ ਇਬਨ ਅਬੀ ਵੱਕਾਸ ਦੇ ਪੁੱਤਰ ਉਮਰ ਨੇ ਉਸ ਨੂੰ ਅਪਣੀ ਚਾਰ ਹਜ਼ਾਰ ਸੈਨਿਕਾਂ ਦੀ ਫ਼ੌਜ ਨਾਲ ਮੁਹੱਰਮ ਦੇ ਦਸਵੇ ਦਿਨ ਅਰਥਾਤ ਅਲ ਹਿਜ਼ਰਾ 61 (ਅਕਤੂਬਰ 10, ਸੰਨ 680) ਨੂੰ ਕੂਫਾ ਦੇ ਉੱਤਰ-ਪੱਛਮ ਵਿਚ 25 ਮੀਲ ਦੂਰ ਸਥਿਤ ‘ਕਰਬਲਾ’ ਵਿਖੇ ਘੇਰਾ ਪਾ ਲਿਆ। ਹੁਸੈਨ ਪਾਸ ਉਸ ਸਮੇਂ ਸਿਰਫ਼ ਦੋ ਸੌ ਦੇ ਕਰੀਬ ਹੈਜ਼ਾਜ਼ੀ ਅਤੇ ਇਰਾਕੀ ਹੀ ਸਨ। ਹੁਸੈਨ ਦੀ ਇਸ ‘ਲੜਾਕੂ’ ਟੁਕੜੀ ਬਾਰੇ ਭਾਵੇਂ ਬਾਰੇ ਸ਼ੀਆ ਲੋਕਾਂ ਨੇ ਬਹੁਤ ਸਾਰੀਆਂ ਅਣ-ਇਤਿਹਾਸਿਕ ਗੱਲਾਂ ਆਖੀਆਂ ਹਨ, ਪਰ ਇਤਿਹਾਸਕਾਰਾਂ ਦੇ ਵਡੇਰੇ ਸਮੂਹ ਨੇ ਉਨ੍ਹਾਂ ਦੀ ਕਦੀ ਵੀ ਕੋਈ ਪ੍ਰੋੜ੍ਹਤਾ ਨਹੀਂ ਕੀਤੀ ਹੈ। ਸ਼ੀਆ ਪਰੰਪਰਾਵਾਂ ਤੋਂ ਇਲਾਵਾ ਸ਼ੀਆ ਗ੍ਰੰਥਾਂ ਅੰਦਰ ਵੀ ਇਹਨਾਂ ਕਲਪਨਾਮਈ ਗੱਲਾਂ ਦੀ ਸ਼ਾਹਦੀ ਭਰੀ ਗਈ ਹੈ। ਖੈਰ, ਮੁਹੱਰਮ ਦੇ ਦਸਵੇਂ ਦਿਨ ਕੂਫਾ ਦੇ ਉੱਤਰ ਪੱਛਮ ਦੇ 25 ‘ਕੁ ਮੀਲ ਵੱਲ ਸਥਿਤ ਕਰਬਲਾ ਦੇ ਸਥਾਨ ‘ਤੇ ਇਨ੍ਹਾਂ ਦੋਵਾਂ ਧਿਰਾਂ ਦਰਮਿਆਨ ਇਕ ਲੜਾਈ ਹੋਈ। ਜਿਸ ਵਿਚ ਬੇਸ਼ੱਕ ਹੁਸੈਨ ਦੇ ਸਾਥੀ ਦਲੇਰੀ ਨਾਲ ਲੜੇ, ਪਰ ਆਖੀਰ ਵਿਚ ਉਨ੍ਹਾਂ ਨੂੰ ਹਾਰ ਹੀ ਨਸੀਬ ਹੋਈ। ਹੁਸੈਨ ਦਾ ਸਿਰ ਤਲਵਾਰ ਨਾਲ ਧੜ ਤੋਂ ਵੱਖ ਕਰਨ ਉਪਰੰਤ ਬਾਕੀ ਸਰੀਰ ਬੁਰੀ ਤਰ੍ਹਾਂ ਕੁਚਲਿਆ ਗਿਆ। ਉਸ ਦੇ ਸਰੀਰ ਨੂੰ ਇੱਲਾਂ ਦੇ ਖਾਣ ਲਈ ਰੱਖਿਆ ਗਿਆ। ਜੋ ਕੁਝ ਬਾਕੀ ਬਚਿਆ, ਖ਼ਾਸ ਕਰ ਕੇ ਸਿਰ, ਉਹ ਦਮਿਸ਼ਕ ਬੈਠੇ ਖ਼ਲੀਫ਼ਾ ਯਜ਼ੀਦ ਦੇ ਸਨਮੁੱਖ ਪੇਸ਼ ਕੀਤਾ ਗਿਆ। ਜਿਸ ਨੇ ਉਸ ਨੂੰ ਨਜ਼ਫ ਨੇੜੇ ਮਕਬਰਾ ਬਣਾ ਕੇ ਰੱਖ ਦਿੱਤਾ। ਹੁਸੈਨ ਦੀ ਇਸ ਸ਼ਹਾਦਤ ਦੀ ਵਜ੍ਹਾ ਕਾਰਨ ਕਰਬਲਾ ਅੱਜ ਤੱਕ ਇਰਾਕ ਦੇ ਇਕ ਪਵਿੱਤਰ ਨਗਰ ਵਜੋਂ ਜਾਣਿਆਂ ਜਾਂਦਾ ਹੈ, ਜਿੱਥੇ ਨਜ਼ਫ ਨਾਮੀ ਸਥਾਨ ਉੱਪਰ ਹਜ਼ਰਤ ਹੁਸੈਨ ਦਾ ਮਕਬਰਾ ਹੈ। ਸ਼ੀਆ ਲੋਕ ਇਸ ਸਥਾਨ ਨੂੰ ਕਾਅਬਾ-ਪਾਕ ਅਤੇ ਮਦੀਨਾ ਵਿਖੇ ਸਥਿਤ ਹਜ਼ਰਤ ਮੁਹੰਮਦ ਸਾਹਿਬ ਦੇ ਮਕਬਰੇ ਤੋਂ ਵੀ ਜ਼ਿਆਦਾ ਪਵਿੱਤਰ ਮੰਨਦੇ ਹਨ ਅਤੇ ਹੁਸੈਨ ਦੀ ਇਸ ਸ਼ਹਾਦਤ ਦੇ ਪ੍ਰਤੀ ਅਦਬ ਪ੍ਰਗਟ ਕਰਦੇ ਹੋਏ ਹਰ ਸਾਲ ਮੁਹੱਰਮ ਦੇ ਪਹਿਲੇ ਦਸ ਦਿਨਾਂ ਨੂੰ ਸੋਗ ਵਜੋਂ ਮਨਾਉਂਦੇ ਹਨ।
ਹੁਸੈਨ ਦੀ ਇਸ ਸ਼ਹਾਦਤ ਦੀਆ ਭਾਵੇਂ ਇਸਲਾਮੀ ਪਰੰਪਰਾ ਅੰਦਰ ਵਿਸ਼ੇਸ਼ ਮਾਨਤਾਵਾਂ ਹਨ, ਪਰ ਵਿਸ਼ਵ ਪ੍ਰਸਿੱਧ ਇਤਿਹਾਸਕਾਰ ਕਾਰਲ ਬ੍ਰੋਕਮੈਨ ਆਖਦਾ ਹੈ ਕਿ ਹੁਸੈਨ ਦੀ ਸ਼ਹੀਦੀ ਦਾ ਕੋਈ ਰਾਜਨੀਤਿਕ ਪ੍ਰਭਾਵ ਨਹੀਂ ਪਿਆ ਸੀ, ਪਰ ਇਸ ਸ਼ਹਾਦਤ ਦੀ ਬਦੌਲਤ ਸ਼ੀਆ ਲੋਕਾਂ ਨੂੰ, ਜਿਹੜੇ ਕਿ ਹਜ਼ਰਤ ਅਲੀ ਦੇ ਸਮਰਥਕਾਂ ਦਾ ਇਕ ਹਿੱਸਾ ਹਨ, ਉਨ੍ਹਾਂ ਦੇ ਧਾਰਮਿਕ ਵਿਕਾਸ ਨੂੰ ਬਲ ਜ਼ਰੂਰ ਮਿਲਿਆ, ਜਿਹੜਾ ਕਿ ਬਾਅਦ ਵਿਚ ਸਮੁੱਚੇ ਅਰਬ ਦੀਆਂ ਅੰਤਰ-ਮੁਖੀ ਪ੍ਰਵਿਰਤੀਆਂ ਦਾ ਕੇਂਦਰ-ਬਿੰਦੂ ਬਣਿਆ। ਇਸਲਾਮੀ ਸੰਸਾਰ ਅੰਦਰ ਹੁਸੈਨ ਨੂੰ ‘ਜੈਨ ਉਲ ਆਬੀਦੀਨ’ ਭਾਵ ਧਰਮੀਆਂ ਦਾ ਗਹਿਣਾ ਦੀ ਉਪਾਧੀ ਦੇਣ ਦੇ ਨਾਲ-ਨਾਲ ਅਨੇਕਾਂ ਤਰ੍ਹਾਂ ਦੇ ਹੋਰ ਅਦਬ ਪ੍ਰਗਟ ਕੀਤੇ ਗਏ। ਸ਼ਾਇਦ ਇਸ ਵਜ੍ਹਾ ਕਾਰਨ ਹੀ ਪ੍ਰਸਿੱਧ ਵਿਦਵਾਨ ਫਿਲਿਪ ਹਿਤੀ ਆਖਦੇ ਹਨ ਕਿ ਹੁਸੈਨ ਦਾ ਖ਼ੂਨ, ਆਪਣੇ ਪਿਤਾ ਅਲੀ ਦੇ ਖ਼ੂਨ ਤੋਂ ਵੀ ਵਧੇਰੇ, ਸ਼ੀਆ ਧਰਮ ਦੀ ਨੀਂਹ ਬਣਿਆ। ਇਸ ਸ਼ਹਾਦਤ ਦੀਆਂ ਉਪਰੋਕਤ ਪ੍ਰਮੁੱਖ ਭੂਮਿਕਾਵਾਂ ਤੋਂ ਇਲਾਵਾ ਇਸਲਾਮ ਅੰਦਰ ਨਿਭਾਈਆਂ ਹੋਰਨਾਂ ਭੂਮਿਕਾਵਾਂ ਦੀ ਸਾਨੂੰ ਕੋਈ ਵਡੇਰੀ ਗਵਾਹੀ ਪ੍ਰਾਪਤ ਨਹੀਂ ਹੁੰਦੀ।
ਹੁਣ ਅਸੀਂ ਸਰਹਿੰਦ ਵੱਲ ਪਰਤਦੇ ਹਾਂ। ਸਾਕਾ ਸਰਹਿੰਦ ਵਿਸ਼ਵ ਭਰ ਦੀ ਇਕੋ-ਇਕ ਅਜਿਹੀ ਦਾਸਤਾਨ ਹੈ, ਜਿਸ ਦੀਆਂ ਕਿਧਰੇ ਵੀ ਕੋਈ ਹੋਰ ਉਦਾਹਰਨਾਂ ਸਾਨੂੰ ਪ੍ਰਾਪਤ ਨਹੀਂ ਹੁੰਦੀਆਂ। ਸਰਹਿੰਦ ਦਾ ਇਤਿਹਾਸ ਸਾਡੇ ਪਾਲਣ-ਪੋਸਣ ਦਾ ਹਿੱਸਾ ਰਿਹਾ ਹੈ। ਬਦਲ ਰਹੇ ਸਮਾਜਿਕ ਸੰਦਰਭਾਂ ਅੰਦਰ ਭਾਵੇਂ ਇਸ ਗੱਲ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਾਡੇ ਵਿਚੋਂ ਕਈਆਂ ਦੇ ਮਨਾਂ ਅੰਦਰ ਇਸ ਇਤਿਹਾਸ ਦੀਆਂ ਯਾਦਾਂ ਧੁੰਦਲੀਆਂ ਪੈ ਚੁੱਕੀਆਂ ਹੋਣਗੀਆਂ, ਪਰ ਇਸ ਗੱਲ ਦਾ ਯਕੀਨ ਵੀ ਹੈ ਕਿ ਸਰਹਿੰਦ ਅਜੇ ਵੀ ਵਡੇਰੇ ਤਬਕੇ ਦੇ ਮਨ ਅੰਦਰ ਪਵਿੱਤਰ ਯਾਦ ਵਜੋਂ ਜਿਉਂਦਾ ਹੈ। ਇਸ ਲਈ ਉਸ ਯਾਦ ਦੇ ਵੇਰਵਿਆਂ ਵਿਚ ਅਸੀਂ ਨਹੀਂ ਪਵਾਂਗੇ। ਗੁਰੁੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਇਤਿਹਾਸ ਅਸੀਂ ਸਭ ਜਾਣਦੇ ਹਾਂ। ਇਸ ਤੋਂ ਅਣਜਾਣ ਹੋਣਾ, ਸਾਡੇ ਲਈ ‘ਲਾਹਨਤੀ’ ਵਰਤਾਰਾ ਹੀ ਹੋ ਸਕਦਾ ਹੈ। ਇਸ ਪ੍ਰਤੀ ਭਾਵੇਂ ਸਾਡੀਆਂ ਰਾਵਾਂ ਵੱਖ-ਵੱਖ ਹੋਣ, ਪਰ ਸਰਹਿੰਦ ਕਿਉਂਕਿ ਸਾਡਾ ਮਾਣ ਹੈ, ਉਸ ਨੂੰ ਜਾਣਨ/ਸਮਝਣ ਵੱਲ ਲੱਗਣਾ ਸਾਡਾ ਇਖ਼ਲਾਕੀ ਫ਼ਰਜ਼ ਹੈ।
ਸਰਹਿੰਦ ਕਿਸੇ ਦੁਨਿਆਵੀ ਸੱਤਾ ਪ੍ਰਾਪਤੀ ਜਾਂ ਇੱਛਾ ਹਿਤ ਹੋਈ ਕੁਰਬਾਨੀ ਦਾ ਨਾਮ ਨਹੀਂ, ਸਗੋਂ ਇਸ ਦੀ ਅਭਿਵਿਅਕਤੀ ਰੂਹਾਨੀਅਤ ਦੇ ਉੱਚੇ ਮੰਡਲਾਂ ਵਿਚ ਸਥਿਤ ਦੈਵੀ ਹੋਂਦ ਦੇ ਪਿਆਰ ਅਤੇ ਉਸ ਪ੍ਰਤੀ ਸਮਰਪਿਤਤਾ ਦੇ ਸਰੀਰਕ ਪ੍ਰਗਟਾਵਿਆਂ ਵਿਚੋਂ ਹੁੰਦੀ ਹੈ। ਸਰਹਿੰਦ ਭਾਰਤ ਦੇ ਇਤਿਹਾਸ ਅੰਦਰ ਇਕ ਅਹਿਮ ਭੂਮਿਕਾ ਨਿਭਾਉਂਦਾ ਹੈ। ਜਿਸ ਨੇ ਇੱਥੋਂ ਦੇ ਧਰਮ, ਸਮਾਜ, ਇਤਿਹਾਸ, ਭੂਗੋਲ, ਅਰਥ-ਸ਼ਾਸਤਰ ਅਤੇ ਅਜਿਹੇ ਹੀ ਕਈ ਹੋਰਨਾਂ ਖੇਤਰਾਂ ਅੰਦਰ ਆਪਣੀ ਕ੍ਰਾਂਤੀਕਾਰੀ ਭੂਮਿਕਾ ਸਦਕਾ ਨਵੀਆਂ ਪਹੁੰਚਾਂ ਨੂੰ ਜਨਮ ਦਿੱਤਾ। ਇਸ ਨੇ ਭਾਰਤ ਅੰਦਰ ਉਸ ਪਰੰਪਰਾ ਨੂੰ ਅੱਗੇ ਤੋਰਨ ਵਿਚ ਆਪਣੀ ਅਹਿਮ ਭੂਮਿਕਾ ਨਿਭਾਈ, ਜਿਨ੍ਹਾਂ ਲਈ ਗੁਰੁ ਅਰਜਨ ਸਾਹਿਬ ਅਤੇ ਗੁਰੁ ਤੇਗ ਬਹਾਦਰ ਜੀ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਸਨ। ਇਹ ਉਸ ਅਲੋਕਾਰੀ ਬਾਬੇ ਬੰਦਾ ਬਹਾਦਰ ਦੇ ਅਦਭੁਤ ਕਾਰਜਾਂ ਦੀ ਪ੍ਰਮੁੱਖ ਆਧਾਰ ਵੀ ਬਣੀ, ਜਿਸ ਨੇ ਆਪਣੇ ਕਾਰਜਾਂ ਰਾਹੀਂ ਫਰਾਂਸ ਅਤੇ ਰੂਸੀ ਸਮਾਜਵਾਦੀ ਕ੍ਰਾਂਤੀਆਂ ਤੋਂ ਅਲਹਿਦਾ ਇਕ ਮਹਾਨ ਇਨਕਲਾਬੀ ਚੇਤਨਾ ਦਾ ਪਾਸਾਰ ਇਸ ਖ਼ਿੱਤੇ ਅੰਦਰ ਪਹਿਲੀ ਵਾਰ ਕੀਤਾ। ਇਹ ਸਰਹਿੰਦ ਹੀ ਸੀ, ਜਿਸ ਨੇ ਵਿਅਕਤੀਗਤ ਉਦੇਸ਼ਾਂ ਦੀ ਪ੍ਰਾਪਤੀ ਦੀ ਬਜਾਏ, ਸਮੂਹਿਕਤਾ ਉੱਪਰ ਜ਼ੋਰ ਦਿੱਤਾ। ਜਿਸ ਨੇ ਧਰਮ ਦੀ ਬਹੁ-ਪੱਖੀ ਵਿਆਖਿਆ ਦਾ ਵਿਵਹਾਰਿਕ ਸਰੂਪ ਪ੍ਰਗਟ ਕੀਤਾ, ਅਤੇ ਜਿਸ ਦੀਆਂ ਆਵਾਜ਼ਾਂ ਨੇ ਸਮਾਜ ਅੰਦਰ ‘ਧਰਮ’ ਦੀ ਪੁਨਰ-ਸਥਾਪਨਾ ਹਿਤ ਆਪਣੀ ਵਿਸ਼ੇਸ਼ ਭੂਮਿਕਾ ਅਦਾ ਕੀਤੀ।
ਹਾਲਾਂਕਿ ਅਜਿਹਾ ਆਖਦੇ ਹੋਏ ਅਸੀਂ ਕਰਬਲਾ ਦੇ ਇਤਿਹਾਸ ਨੂੰ ਅਜਿਹਾ ਵੀ ਨਹੀਂ ਕਿ ਕੋਈ ਅਹਿਮੀਅਤ ਨਹੀਂ ਦੇ ਰਹੇ, ਪਰ ਫਿਰ ਵੀ ਇਹ ਜ਼ਰੂਰ ਸਵੀਕਾਰਦੇ ਹਾਂ ਕਿ ਸਰਹਿੰਦ ਦੇ ਮੁਕਾਬਲੇ ਕਰਬਲਾ ਇਕ ‘ਨਿਗੂਣੀ’ ਜਿਹੀ ਸ਼ੈਅ ਹੈ। ਸਰਹਿੰਦ ਦੇ ਪਰਿਪੇਖ ਅਸੀਮ ਹਨ। ਉਨ੍ਹਾਂ ਦੀ ਵਿਆਖਿਆ ਕਿਸੇ ਵੀ ਤਰ੍ਹਾਂ ਦੀਆਂ ਤਸ਼ਬੀਹਾਂ ਨਾਲ ਨਹੀਂ ਉਲੀਕੀ ਜਾ ਸਕਦੀ, ਕਿਉਂਕਿ ਸਰਹਿੰਦ ਤਸ਼ਬੀਹਾਂ ਤੋਂ ਪਾਰਲੀ ਅਵਸਥਾ ਅੰਦਰ ਵਸਦਾ ਹੈ। ਉਸ ਅੰਦਰਲੀ ਸਿੱਖ ਯਾਦ ਦਾ ਵਰਣਨ ਤੱਥਾਂ ਦੇ ਨਾਲ-ਨਾਲ ਆਪ-ਮੁਹਾਰੇ ਵਗਦੇ ਹੰਝੂਆਂ ਦੀਆਂ ਲੜੀਆਂ ਕਰਦੀਆਂ ਹਨ। ਇਹ ਉਹ ਹੰਝੂ ਹਨ, ਜਿਹੜੇ ਧਾਰਮਿਕ ਵਲਗਣਾਂ ਦੇ ਘੇਰਿਆਂ ਜਾਂ ਪੁਸ਼ਾਕਾਂ ਦੀ ਹੋਂਦ ਤੋਂ ਪੁਰੀ ਤਰ੍ਹਾਂ ਨਿਰਲੇਪ ਹਨ। ਇਨ੍ਹਾਂ ਦੀ ਚੇਤਨਾ ਬ੍ਰਹਿਮੰਡੀ ਹੈ। ਸਰਹਿੰਦ ਇਨ੍ਹਾਂ ਦਾ ਕੇਂਦਰ-ਬਿੰਦੂ ਬਣ ਕਿ ਉੱਭਰਦਾ ਹੈ। ਇੱਥੇ ਸਿਜਦਿਆਂ ਦੀਆਂ ਕੋਈ ਵਿਸ਼ੇਸ਼ ਪਹਿਚਾਣਾਂ ਉਸ ਪ੍ਰਕਾਰ ਬਿਲਕੁਲ ਨਹੀਂ ਹਨ, ਜਿਵੇਂ ਅਸੀਂ ਕਰਬਲਾ ਅੰਦਰ ਦੇਖਦੇ ਹਾਂ। ਇਸ ਲਈ ਸਰਹਿੰਦ ਨੂੰ ਜਦੋਂ ਕਰਬਲਾ ਦੀ ਤਸ਼ਬੀਹ ਦਿੱਤੀ ਜਾਂਦੀ ਹੈ ਤਾਂ ਸਾਡੀ ਸਮਝ ਜਾਣੇ-ਅਣਜਾਣੇ ਇਹ ਸਵੀਕਾਰ ਕਰ ਕੇ ਤੁਰਦੀ ਹੈ ਕਿ ਸਰਹਿੰਦ ਇਕ ਖੇਤਰੀ ਸੰਕਲਪ ਹੈ, ਜਦੋਂ ਕਿ ਕਰਬਲਾ ਦੇ ਪਰਿਪੇਖ ਸੰਸਾਰੀ ਹਨ। ਇਸ ਮੌਕੇ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਕਰਬਲਾ ਮਹਾਨ ਹੈ, ਪਰ ਸਰਹਿੰਦ ਲਾ-ਮਿਸਾਲ ਹੈ। ਕਰਬਲਾ ਦੀਆਂ ਉਮੀਦਾਂ ਸੰਸਾਰੀ ਸਨ, ਜਦੋਂ ਕੇ ਸਰਹਿੰਦ ਸੰਸਾਰ ਦੇ ਨਾਲ-ਨਾਲ ਦੈਵੀਪਣ ਦੀ ਤਰਜਮਾਨੀ ਵੀ ਕਰ ਰਿਹਾ ਸੀ। ਇਸ ਲਈ ਮੈਨੂੰ ਇੰਞ ਲਗਦਾ ਹੈ ਕੇ ਸਰਹਿੰਦ ਨੂੰ ਸਮਝਣ ਲਈ
ਸਾਨੂੰ ਤੁਰਨਾ ਨਹੀਂ, ਥੋੜ੍ਹਾ ਠਹਿਰਨਾ ਵੀ ਪਵੇਗਾ।
ਪਰਮਿੰਦਰ ਸਿੰਘ ਸ਼ੌਂਕੀ
ਪਿੰਡ ਫ਼ਤਿਹਗੜ੍ਹ ਛੰਨਾਂ (ਸੰਗਰੂਰ)
ਮੋ. 94643-46677
+ There are no comments
Add yours