ਸੰਪਾਦਕੀ: ਜਨਵਰੀ-ਮਾਰਚ, 2018
“ਅਨਹਦ” ਦੀ ਸ਼ੁਰੂਆਤ ਉਸ ਮੱਧਮ ਪੈਂਦੀ ਜਾ ਰਹੀ ਲੋਅ ਵਿਚੋਂ ਹੋਈ ਹੈ, ਜਿਸ ਦੀਆਂ ਕੰਨਸੋਆਂ ਖੋਜ ਖੇਤਰ ਅਤੇ ਸਾਹਿੱਤ ਨਾਲ ਜੁੜੇ ਸੱਜਣ ਅਕਸਰ ਮਹਿਸੂਸ ਕਰਦੇ ਰਹਿੰਦੇ ਹਨ।ਇਹ ਉਸ ਵਰਤਾਰੇ ਪ੍ਰਤੀ ਅਪਣਾਈ ਸਿੱਧੀ ਪਹੁੰਚ ਹੈ,ਜਿਸ ਅੰਦਰ ਨਿੱਜੀ ਖ਼ੁਦਗਰਜ਼ੀਆਂ, ਪਹੁੰਚਾਂ, ਸਿਆਸਤਾਂ ਅਤੇ ਤਰਾਸਦੀਆਂ ਭਰੀਆਂ ਪਈਆਂ ਹਨ। ਸਾਹਿੱਤ ਦੇ ਖੇਤਰ ਅੰਦਰ ਪੈਦਾ ਹੋਏ ਲਿਹਾਜ਼ਦਾਰੀ ਦੇ ਦੌਰ ਦੀਆਂ ਸਥਾਪਿਤ ਕੀਤੀਆਂ ਕੁਰਤੀਆਂ ਨੂੰ ਦੂਰ ਕਰਨ, ਉਨ੍ਹਾਂ ਦਾ ਬਦਲ ਲੱਭਣ ਦੀਆਂ ਕੋਸ਼ਿਸ਼ਾਂ ਵਿਚੋਂ ਹੀ “ਅਨਹਦ” ਦਾ ਜਨਮ ਹੋਇਆ ਹੈ।ਸਾਡੀਆਂ ਉਮੀਦਾਂ ਅਤੇ ਨਿਸ਼ਾਨਿਆਂ ਦਾ ਨਿਰਧਾਰਨ ਹੁਣ ਤੁਸੀਂ ਕਰ ਸਕਦੇ ਹੋ। ਮੌਜੂਦਾ ਦੌਰ ਅੰਦਰ ਪਸਰੇ ਉਪਭੋਗਤਾਵਾਦ ਦੁਆਰਾ ਉਤਪੰਨ ਪ੍ਰਵਚਨਾਂ ਖ਼ਿਲਾਫ ਪੈਦਾ ਹੋਣ ਵਾਲੇ ਪ੍ਰਤਿਰੋਧਾਂ ਦੀ ਅਵਾਜ਼ ਨੂੰ ਦਬਾਉਣ/ਫੜਨ ਹਿਤ ਕਾਰਜ਼ਸ਼ੀਲ ਕਾਮਿਆਂ ਵਜੋਂ ਵਿਦਵਾਨ, ਲੇਖਕ ਅਤੇ ਕਲਾਕਾਰ ਆਦਿ ਖ਼ਾਸ ਅਹਿਮੀਅਤ ਰੱਖਦੇ ਹਨ।ਇਨ੍ਹਾਂ ਦੀਆਂ ਸਿਰਜਣਾਵਾਂ ਅਕਸਰ ਸ਼ਖਸ਼ੀਅਤਾਂ ਦੇ ਕੱਦ ਹੇਠ ਅਪਣਾ ਆਲੋਚਨਾਤਮਿਕ ਸਰੂਪ ਸਾਹਮਣੇ ਆਉਣ ਤੋਂ ਰੋਕਣ ਲਈ ਯਤਨਸ਼ੀਲ ਰਹਿੰਦੀਆਂ ਹਨ।ਜਿਸ ਦਾ ਖ਼ਮਿਆਜਾ ਸਮਾਜ ਨੂੰ ਭੁਗਤਨਾ ਪੈਂਦਾ ਹੈ।ਅਜਿਹੀਆਂ ‘ਵੱਡੀਆਂ ਸ਼ਖਸ਼ੀਅਤਾਂ’ ਦੁਆਰਾ ਪੈਦਾ ਸਾਹਿੱਤ ਅਤੇ ਸਾਹਿੱਤ ਦੇ ਵਿਦਿਆਰਥੀ ਸਮਾਜ ਨੂੰ ਲੱਗੇ ਘੁਣ ਹੁੰਦੇ ਹਨ।ਉਸ ਘੁਣ ਨੂੰ ਜੇਕਰ ਥੋੜ੍ਹਾ ਜਿਹਾ ਵੀ ਘੱਟ ਕਰਨ ਵਿਚ “ਅਨਹਦ” ਸਫਲ ਹੁੰਦਾ ਹੈ, ਤਾਂ ਇਹ ਸਾਡੀ ਅਹਿਮ ਪ੍ਰਾਪਤੀ ਹੋਵੇਗੀ। “ਸਮਕਾਲੀ ਸਾਹਿੱਤ ਚਿੰਤਨ ਅੰਦਰ ਮਨਫ਼ੀ ਹੋ ਰਹੇ ਸੰਵਾਦ ਦੀ ਪ੍ਰਤੱਖ ਦ੍ਰਿਸ਼ਟੀ ਕਾਰਨ ਪੈਦਾ ਹੋਏ ਧੂੰਦੁਕਾਰੇ ਨਾਲ ਨਜਿੱਠਣ ਹਿਤ ਕਾਰਜ਼ਸ਼ੀਲ ਸਾਹਿਤੱਕ ਵਿਧੀਆਂ/ਜੁਗਤਾਂ/ਅੰਤਰ-ਅਨੁਸ਼ਾਸ਼ਨਾਂ/ਪੜ੍ਹਤਾਂ ਆਦਿ ਰਾਹੀਂ ਤੁਸੀਂ ਸਾਡੇ ਇਸ ਕਾਰਜ ਵਿਚ ਬਰਾਬਰ ਭਾਈਵਾਲ ਬਣ ਕਿ ਨਾਲ ਤੁਰੋਗੇ, ਅਜਿਹੀਆਂ ਆਸਾਂ ਨਾਲ ਹੀ “ਅਨਹਦ” ਤੁਹਾਡੇ ਸਨਮੁੱਖ ਹੈ।ਇਹ ਤੁਹਾਡਾ ਆਪਣਾ ਮੰਚ ਹੈ, ਤੁਹਾਡੇ ਹਰ ਸੁਝਾਅ ਅਤੇ ਵਿਚਾਰ ਦਾ ਤਹਿ ਦਿਲੋਂ ਸਵਾਗਤ ਹੈ।
ਪਰਮਿੰਦਰ ਸਿੰਘ ਸ਼ੌਂਕੀ
ਮੁੱਖ ਸੰਪਾਦਕ
ਅਨਹਦ ਈ-ਮੈਗਜ਼ੀਨ
+ There are no comments
Add yours