ਗਗਨ ਬਰਾੜ ਦੀਆਂ ਕਵਿਤਾਵਾਂ

ਸਾਂਝ

ਖੌਰੇ ਉਸ ਸਾਜ਼ ਨਾਲ ਸੀ

ਉਸਦਾ ਕੋਈ ਪੁਰਾਣਾ ਰਿਸ਼ਤਾ ਜਾਂ

ਗੀਤ ਹੀ ਕੋਈ ਐਸਾ ਛੋਹਿਆ ਉਸਨੇ

ਘਰ ਦੇ ਸਟੋਰ ਰੂਮ ਚ ਬੰਦ

ਘੱਟੇ ਨਾਲ ਭਰਿਆ

ਜਾਲ਼ੇ ਲੱਗਿਆ

ਸਾਲਾਂ ਤੋਂ ਅਣਛੋਹ ਪਿਆ
ਉਹ ਸਾਜ਼ ਧੜਕ ਉੱਠਿਆ
ਆਪਣੇ-ਆਪ ਉਸ ਦੇ ਗੀਤ ਨਾਲ
ਇੱਕਸੁਰ ਹੋ ਗਿਆ।

ਧਾਗੇ ਦੀ ਅਰਜੋਈ


ਸੌਖਾ ਨਹੀਂ ਹੁੰਦਾ ਲੰਘਣਾ

ਸੂਈ ਦੇ ਨੱਕੇ ਵਿਚੋਂ

ਨੱਕੇ ਨੂੰ ਕਬੂਲ ਨਹੀਂ

ਧਾਗੇ ਦੀ ਜ਼ਰਾ ਜਿੰਨੀ

ਲੂੰਈ ਵੀ ਏਧਰ ਓਧਰ

ਪਤਲਾ ਧਾਗਾ

ਐ…ਨ  ਇੱਕਸਾਰ

ਕੋਈ ਕੋਈ ਵਿਚਾਰਾ ਮੇਰੇ ਵਰਗਾ

ਬਾਹਲਾ ਖਿਲਰਿਆ ਹੋਇਆ

ਖਾਸਾ ਵੱਟ ਚਾੜਨਾ ਪੈਂਦਾ

ਸਿਰਾ ਵੀ ਕੱਟਣਾ ਪੈ ਜਾਂਦਾ ਕਦੇ

ਧਾਗਾ ਅਰਦਾਸ ਕਰਦਾ ਦਰਜ਼ੀ ਅੱਗੇ

ਮੇਰੇ ਪਾਤਸ਼ਾਹ!

ਮੈਂ ਚਾਹ ਕੇ ਵੀ ਲੰਘ ਨਾ ਸਕਾਂ

ਚੰਗਾ ਭਲਾ ਮਹੀਨ ਤੁਰਿਆ ਆਉਂਦਾ

ਨੱਕੇ ਦੇ ਐਨ ਨੇੜੇ ਆ

ਮੈਂ ਫ਼ਿਰ ਖਿੱਲਰ ਜਾਨਾਂ,

ਮੈਨੂੰ ਕੱਟ ਦੇ…

ਵੱਟ ਦੇ…

ਸਿਰਾ ਫ਼ੇਹ ਦੇ…

ਪਰ ਲੰਘਣ ਜੋਗਾ ਕਰ ਦੇ

ਐਥੇ ਡੱਬੇ ਚ ਬੰਦ

ਲਪੇਟਿਆ ਲਪਟਾਇਆ ਮੈਂ ਕਿਹੜੇ ਕੰਮ

ਜਿੱਥੇ ਮੇਰੀ ਅਸਲੀ ਥਾਂ

ਓਸ ਥਾਂਵੇਂ ਲੱਗਣ ਜੋਗਾ ਕਰ ਦੇ।

ਹੇ ਪਾਤਸ਼ਾਹ!

ਮੈਨੂੰ ਲੰਘਣ ਜੋਗਾ ਕਰ ਦੇ।


ਕਵਿਤਾ


ਕਵਿਤਾ ਲਿਖਦਾਂ

ਡਾਇਰੀ ਰੱਖ

ਟਾਰਚ ਬੰਦ ਕਰਕੇ

ਬਿਨਾਂ ਆਵਾਜ਼ ਕੀਤੇ

ਬਿਸਤਰ ‘ਚ ਜਾਨਾਂ

ਸਰਾਹਣੇ ‘ਤੇ ਸਿਰ ਰੱਖ ਸੋਚਦਾਂ

ਹੁਣ ਸੌਵਾਂਗਾ ਬੇਫ਼ਿਕਰ ਹੋ ਕੇ

ਅੱਖਾਂ ਅਜੇ ਮਿਚਣ ਹੀ ਲੱਗੀਆਂ ਸਨ …

ਪੋਲ਼ੇ ਜਿਹੇ ਆ ਕੇ ਹਲੂਣਦਾ ਕੋਈ

ਆ ਜਾ…

ਕਿੱਥੇ…ਮੈਂ ਪੁੱਛਦਾਂ

ਤੇਰੀ ਡਾਇਰੀ ਕੋਲ਼,

ਮੈਂ…ਕਵਿਤਾ

ਏਦਾਂ ਕਿਉਂ ਆਈ ਏਂ

ਚੋਰੀ ਛਿੱਪੇ

ਤੂੰ ਕਵਿਤਾ ਏਂ ਕਿ ਪ੍ਰੇਮਿਕਾ

ਕੁਝ ਵੀ ਸਮਝ ਲੈ

ਉਹ ਹੱਸ ਕੇ ਕਹਿੰਦੀ ਹੈ

ਉਸਦਾ ਹੱਥ ਫ਼ੜ ਮੈਂ ਫ਼ਿਰ

ਆਸਾ ਪਾਸਾ ਵੇਖ

ਬਿਸਤਰ ‘ਚੋਂ ਖਿਸਕਣ ਲਗਦਾਂ ਹਾਂ



ਦਵੰਦ

ਉੱਡਣ ਲਈ ਕਾਹਲਾ ਪੰਛੀ

ਵਾਰ-ਵਾਰ ਡਿੱਗ ਪੈਂਦਾ

ਚਾਵਾਂ ਨਾਲ ਖੰਭਾਂ ‘ਚ ਜੜੇ

ਮੋਤੀਆਂ ਦੇ ਭਾਰ ਨਾਲ,

ਮੋਤੀਆਂ ਨਾਲ ਅੰਤਾਂ ਦਾ ਮੋਹ

ਉਸਨੂੰ ਉੱਡਣ ਨਾ ਦਿੰਦਾ,

ਉੱਡਣ ਦੀ ਤੀਬਰ ਇੱਛਾ

ਉਸਨੂੰ ਟਿਕਣ ਨਾ ਦਿੰਦੀ।



ਮੈਮੋਰੀ ਚਿੱਪ

ਸਹੇਲੀ ਕਹਿੰਦੀ ਏ

ਮੇਲੇ ਵਿੱਚ ਕੁਝ ਤਸਵੀਰਾਂ

ਤੇਰੀਆ ਵੀ  ਖਿੱਚੀਆਂ ਸਨ

ਤੈਨੂੰ ਭੇਜ ਦਿੱਤੀਆ ਹਨ

ਸੇਵ ਕਰ ਲਵੀਂ

ਸੋਚਦਾਂ

ਕਿੱਥੇ ਸੇਵ ਕਰਾਂ

ਨਾਲ ਲੈ ਜਾ ਸਕਾਂ ਜੋ

ਮੇਰੀ ਮੈਮੋਰੀ ਚਿੱਪ ਵਿੱਚ

ਮੇਰੀ ਤਸਵੀਰ ਲਈ ਵੀ ਜਗ੍ਹਾ ਨਹੀ ਹੈ..

ਗਗਨ ਬਰਾੜ

You May Also Like

More From Author

0Comments

Add yours

Leave a Reply to parminder singh shonkey Cancel reply