ਨਵ-ਬਸਤੀਵਾਦ ਦੇ ਦੌਰ ਅੰਦਰ “ਐਫ਼ਰੋ-ਏਸ਼ੀਅਨ ਕਹਾਣੀਆਂ” ਦੀ ਪ੍ਰਾਸੰਗਿਕਤਾ

Estimated read time 1 min read



ਭਾਰਤ ਅੰਦਰ “ਐਫਰੋ-ਏਸ਼ੀਅਨ ਕਹਾਣੀਆਂ” ਦੀ ਇਹ ਚੋਣ ਸਭ ਤੋਂ ਪਹਿਲਾਂ ਪ੍ਰਸਿੱਧ ਲੇਖਕ ਸ਼੍ਰੀ ਭੀਸ਼ਮ ਸਾਹਨੀ ਨੇ ਕੀਤੀ ਸੀ। ਜਿਸ ਉਪਰੰਤ ਸਮੇਂ-ਸਮੇਂ ‘ਤੇ ਇਹ ਕਹਾਣੀਆਂ ਐਫਰੋ-ਏਸ਼ੀਅਨ ਰਾਈਟਰਜ਼ ਕਾਨਫ਼ਰੰਸ ਦੇ ਸਾਹਿੱਤਿਕ ਮੈਗਜ਼ੀਨ ‘ਲੋਟਸ’ ਅੰਦਰ ਅੰਗਰੇਜ਼ੀ, ਫ੍ਰੈਂਚ ਅਤੇ ਅਰਬੀ ਭਾਸ਼ਾਵਾਂ ਵਿਚ ਇਕ-ਸਾਥ ਪ੍ਰਕਾਸ਼ਿਤ ਹੁੰਦੀਆਂ ਰਹੀਆਂ। ‘ਲੋਟਸ’ ਇਕ ਅਜਿਹੀ ਪੱਤ੍ਰਿਕਾ ਸੀ, ਜਿਸ ਵਿਚ ਅਫ਼ਰੀਕੀ ਅਤੇ ਏਸ਼ੀਆ ਦੇ ਤਕਰੀਬਨ ਸਾਰੇ ਹੀ ਨਾਮਵਰ ਲੇਖਕਾਂ ਨੂੰ ਪ੍ਰਕਾਸ਼ਿਤ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਇਸ ਮੈਗਜ਼ੀਨ ਅੰਦਰ ਪ੍ਰਮੁੱਖ ਰੂਪ ਵਿਚ ਯੂਸਫ਼ ਅਲ ਸਬਾਈ, ਫ਼ੈਜ਼ ਅਹਿਮਦ ਫ਼ੈਜ਼ ਦੇ ਨਾਲ-ਨਾਲ ਸੁਭਾਸ਼ ਮੁਖੋਪਧਿਆਇ ਅਤੇ ਕਰਤਾਰ ਸਿੰਘ ਦੁੱਗਲ ਆਦਿ ਜਿਹੇ ਵੱਡੇ ਨਾਮ ਸ਼ਾਮਿਲ ਸਨ। ਇਸ ਦਾ ਸੰਪਾਦਕੀ ਦਫ਼ਤਰ ਕਦੀ ਕਾਹਿਰਾ ਤੇ ਕਦੀ ਬੈਰੂਤ ਹੋਇਆ ਕਰਦਾ ਸੀ। ਇਸ ਸਭ ਦੇ ਕਾਰਨ ਇਸ ਦੀ ਸੰਸਾਰ ਪੱਧਰ ‘ਤੇ ਇਕ ਖ਼ਾਸ ਪਹਿਚਾਣ ਬਣ ਚੁੱਕੀ ਸੀ। ‘ਲੋਟਸ’ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਸੰਸਾਰ ਪੱਧਰ ‘ਤੇ ਅੱਜ ਵੀ ਪ੍ਰਗਤੀਸ਼ੀਲ ਸਾਹਿੱਤਿਕ ਅੰਦੋਲਨ ਦੇ ਮਾਹੌਲ ਅੰਦਰ ਇਸ ਦਾ ਸਥਾਨ ਮੋਹਰੀ ਰੂਪ ਵਜੋਂ ਸਾਹਮਣੇ ਆਉਂਦਾ ਹੈ। ਭੀਸ਼ਮ ਸਾਹਨੀ ਖ਼ੁਦ ‘ਲੋਟਸ’ ਦੇ ਸੰਪਾਦਕੀ ਵਿਭਾਗ ਨਾਲ ਜੁੜੇ ਹੋਏ ਸਨ। ਇਸ ਲਈ, ਉਨ੍ਹਾਂ ਦੀ ਇਸ ਚੋਣ ਪਿੱਛੇ ਜਿਹੜੇ ਤੱਤ ਕਾਰਜਸ਼ੀਲ ਸਨ, ਉਨ੍ਹਾਂ ਅਨੁਸਾਰ ਬਸਤੀਵਾਦ ਦੀਆਂ ਕਰੂਰਤਾਵਾਂ ਨੂੰ ਇਕ ਲੇਖਕ ਕਿਸ ਤਰ੍ਹਾਂ ਜਿਉਂਦਾ ਹੈ, ਇਸ ਸਭ ਨੂੰ ਦੇਖਦੇ ਹੋਏ ਹੀ ਜਾਣਿਆ ਜਾ ਸਕਦਾ ਹੈ ਕਿ ਇਤਿਹਾਸ ਦੇ ਅੰਦਰ ਕਿਤੇ ਡੂੰਘੀਆਂ ਜਾ ਚੁੱਕੀਆਂ ਵਾਸਤਵਿਕਤਾਵਾਂ ਰਚਨਾਤਮਿਕਤਾ ਦੀ ਅੱਗ ਨੂੰ ਜਲਾ ਕੇ ਜਨਤਾ ਦੇ ਸਾਹਮਣੇ ਕਿਵੇਂ ਪ੍ਰਕਾਸ਼ਵਾਨ ਹੁੰਦੀਆਂ ਹਨ। ਇਨ੍ਹਾਂ ਨੂੰ ਬੇਸ਼ੱਕ ਕੋਈ ਵੀ ਨਾਮ ਦੇ ਦਿੱਤਾ ਜਾਏ, ਇਹ ਕਦੀ ਵੀ ਲੁਕਾਇਆਂ ਨਹੀਂ ਲੁਕਦੀਆਂ ਸਨ। ‘ਐਫ਼ਰੋ-ਏਸ਼ੀਅਨ ਕਹਾਣੀਆਂ’ ਜਿਨ੍ਹਾਂ ਧਰਾਤਲਾਂ ਉੱਪਰ ਉੱਸਰੀਆਂ ਹੋਈਆਂ ਹਨ, ਉਹ ਇਹ ਹਨ ਕਿ ਬਸਤੀਵਾਦ ਤੋਂ ਮੁਕਤ ਹੋਣ ਦੇ ਬਾਵਜੂਦ ਵੀ ਕੀ ਐਫ਼ਰੋ-ਏਸ਼ੀਅਨ ਦੇਸ਼ ਰੰਗ-ਭੇਦ ਦੀ ਕਰੂਰਤਾ ਤੋਂ ਨਿਜਾਤ ਪਾ ਸਕੇ ਹਨ? ਇਹ ਸਾਡੇ ਸਮਿਆਂ ਦਾ ਇਕ ਬੇਹੱਦ ਗੰਭੀਰ ਪ੍ਰਸ਼ਨ ਹੈ। ਖ਼ਾਸ ਕਰ ਉਨ੍ਹਾਂ ਸਮਿਆਂ ਅੰਦਰ ਜਦੋਂ ਅਸੀਂ ਨਵ-ਬਸਤੀਵਾਦ ਦੇ ਸਨਮੁੱਖ ਖੜ੍ਹੇ ਹਾਂ।
“ਐਫਰੋ-ਏਸ਼ੀਅਨ ਕਹਾਣੀਆਂ” ਅੰਦਰ ਸ਼ਾਮਿਲ ਸਾਰੀਆਂ ਕਹਾਣੀਆਂ ‘ਮਨੁੱਖ’ ਹੋਣ ਦੀ ਕੁਦਰਤੀ ਭਾਵਨਾ ਦੇ ਨਾਲ ਜੱਦੋ-ਜਹਿਦ ਕਰਦੀਆਂ ਹੋਈਆਂ ਸਾਡੇ ਸਾਹਮਣੇ ਆਉਂਦੀਆਂ ਹਨ। ਇਸ ਜੱਦੋ-ਜਹਿਦ ਦਾ ਸਰੂਪ ਬਸਤੀਵਾਦ ਦੀਆਂ ਯਾਤਨਾਵਾਂ ਵਿਚੋਂ ਆਪਣੀ ਹੋਂਦ ਧਾਰਨ ਕਰਦਾ ਹੈ। ਦੱਖਣੀ-ਅਫ਼ਰੀਕਾ ਦੀ ਰੰਗ-ਭੇਦ ਸਮੱਸਿਆ ਖ਼ਿਲਾਫ਼ ਪੈਦਾ ਹੋਏ ਸੰਘਰਸ਼ ਦੀ ਦਾਸਤਾਨ, ਜਿਹੜੀ ਕਿ ਗੋਰੇ-ਕਾਲੇ ਲੋਕਾਂ ਦੀ ਸਮਾਨ ਸਕਾਰਾਤਮਿਕ ਸਾਂਝੇਦਾਰੀ ਦੀ ਯਾਦ ਨੂੰ ਬਿਆਨ ਕਰਦੀ ਹੈ, ਉਹ ਕਿਸੇ ਨਾ ਕਿਸੇ ਰੂਪ ਵਿਚ ਹਰ ਇਕ ਕਹਾਣੀ ਦੇ ਧੁਰ ਅੰਦਰ ਵਸੀ ਹੋਈ ਹੈ। ਅਸਲ ਵਿਚ ਇਹ ਸਮੱਸਿਆ ਪੂਰੇ ਐਫ਼ਰੋ-ਏਸ਼ੀਅਨ ਦੇਸ਼ਾਂ ਦੀ ਵੀ ਰਹੀ ਹੈ। ਜਿਸ ‘ਤੇ ਚੱਲਦਿਆਂ ਹੀ ਭੂਮੰਡਲੀਕ੍ਰਿਤ ਆਰਥਿਕੀ ਦੀ ਇਕ ਸੰਸਕ੍ਰਿਤਿਕ ਵਿਡੰਬਣਾ ਸਾਨੂੰ ਪੱਛਮ ਦੇ ਵੱਲ ਉਲਾਰ ਕਰਦੀ ਹੋਈ ਵੀ, ਏਸ਼ੀਆਈ ਅਤੇ ਅਫ਼ਰੀਕੀ ਦੇਸ਼ਾਂ ਦੇ ਵੱਲ ਝੁਕਣ ਲਈ ਉਤਸ਼ਾਹਿਤ ਕਰ ਦਿੰਦੀ ਹੈ। ਏਸ਼ੀਆ ਅਤੇ ਅਫ਼ਰੀਕਾ ਦਾ ਬਸਤੀਵਾਦੀ ਅਤੀਤ ਸਾਡੇ ਲਈ ਇਕ ਸਾਂਝਾ ਯਥਾਰਥ ਰੱਖਦਾ ਹੈ। ਇਸ ਲਈ ਇਸ ਯਥਾਰਥ ਨੂੰ ਜਾਣ ਲੈਣਾ ਸਾਡੇ ਨਵ-ਬਸਤੀਵਾਦੀ ਸਮਿਆਂ ਅੰਦਰ ਵਡੇਰੀ ਅਹਿਮੀਅਤ ਰੱਖਦਾ ਹੈ।
ਇਸ ਸੰਗ੍ਰਹਿ ਵਿਚਲੀਆਂ ਸਾਰੀਆਂ ਕਹਾਣੀਆਂ ਸਿੱਧੇ/ਅਸਿੱਧੇ ਰੂਪ ਵਿਚ ਉਸ ਘਟਕ ਨਾਲ ਜੁੜੀਆਂ ਹੋਈਆਂ ਹਨ, ਜਿਨ੍ਹਾਂ ਅੰਦਰਲੀ ਮਾਨਵੀ-ਸੰਵੇਦਨਾ ਨੂੰ ਸਾਡੇ ਅਤੀਤ ਦਾ ਪ੍ਰਤਿਰੂਪ ਸਮਝਿਆ ਜਾਣਾ ਚਾਹੀਦਾ ਹੈ। ਇਹ ਉੱਥੋਂ ਹੀ ਆਪਣੀ ਹੋਂਦ ਧਾਰਦਾ ਹੈ। ਅਸਲ ਵਿਚ ਇਹ ਸਾਰੀਆਂ ਕਹਾਣੀਆਂ ਵਿਭਿੰਨ ਦੇਸ਼ਾਂ ਦੀ ਪਿੱਠ-ਭੂਮੀ ਵਿਚ ਰਚੀਆਂ ਹੋਣ ਦੇ ਬਾਵਜੂਦ ਇਕ ਸੂਤਰ ਵਿਚ ਪਰੋਈਆਂ ਹੋਈਆਂ ਹਨ। ਇਹੀ ਉਹ ਸੂਤਰ ਹੈ, ਜਿਹੜਾ ਮਾਨਵਤਾ ਦੀ ਯਥਾਰਥਕ ਦ੍ਰਿਸ਼ਟੀ ਨੂੰ ਸਾਡੇ ਸਾਹਮਣੇ ਪ੍ਰਸਤੁਤ ਕਰਦਾ ਹੈ। ਅਮੀਨਾ ਦੁਆਰਾ ਅਨੁਵਾਦ ਕੀਤੀਆਂ ਗਈਆਂ ਇਹ ਕਹਾਣੀਆਂ ਪੰਜਾਬੀ ਪਾਠਕਾਂ ਸਾਹਮਣੇ ਉਸ ਦਰਦ ਅਤੇ ਪੀੜ੍ਹਾ ਨੂੰ ਪੇਸ਼ ਕਰਦੀਆਂ ਹਨ, ਜਿਨ੍ਹਾਂ ਨੂੰ ਅਸੀਂ ਸਾਰੇ ਨਿੱਜੀ ਅਤੇ ਬਹੁ-ਗਿਣਤੀ ਰੂਪ ਹੁੰਦੇ ਹੋਏ, ਸਮੁੱਚਤਾ ਵਿਚ ਮਹਿਸੂਸ ਅਤੇ ਬਰਦਾਸ਼ਤ ਕਰ ਰਹੇ ਹਾਂ।
ਮੈਨੰ ਖ਼ੁਸ਼ੀ ਹੈ ਕਿ ਕੁੱਝ ਸਮਾਂ ਪਹਿਲਾਂ ਜਿਹੜਾ ਕੰਮ ਮੈਂ ਅਮੀਨਾ ਨੂੰ ਸੌਂਪਿਆ ਸੀ, ਅੱਜ ਉਹ ਇਸ ਕਿਤਾਬ ਦੇ ਰੂਪ ਵਿਚ ਸਾਡੇ ਹੱਥਾਂ ਵਿਚ ਪਹੁੰਚ ਚੁੱਕਾ ਹੈ। ਮੇਰੀ ਇਹ ਦਿਲੀ ਇੱਛਾ ਸੀ ਕਿ ਇਨ੍ਹਾਂ ਕਹਾਣੀਆਂ ਅੰਦਰਲੀ ਸੰਵੇਦਨਾ ਨੂੰ ਸਾਡਾ ਪੰਜਾਬੀ ਪਾਠਕ ਵਰਗ ਮਹਿਸੂਸ ਕਰਦਾ ਹੋਇਆ, ਯਥਾਰਥ ਬੋਧ ਨਾਲ ਆਪਣੀ ਸਮਝ ਕਾਇਮ ਕਰ ਸਕੇ, ਤਾਂ ਜੋ ਜਿੱਥੇ-ਕਿਤੇ ਵੀ ਦਮਨ ਅਤੇ ਸੱਤਾ ਦੇ ਪ੍ਰਭਾਵ ਸਦਕਾ ਮਾਨਵਤਾ ਦਾ ਘਾਣ ਹੋ ਰਿਹਾ ਹੈ, ਉਹ ਉਸ ਨੂੰ ਆਪਣਾ ਜਾਪੇ ਅਤੇ ਉਸ ਪ੍ਰਤੀ ਪੈਦਾ ਹੋਣ ਵਾਲੇ ਪ੍ਰਤਿਰੋਧ ਅੰਦਰ ਉਸ ਦੀ ਸਿੱਧੀ/ਅਸਿੱਧੀ ਸ਼ਮੂਲੀਅਤ ਹੋ ਸਕੇ। ਮੌਜੂਦਾ ਸੰਸਾਰੀ ਪ੍ਰਬੰਧ ਸਾਡੇ ਸਾਰਿਆਂ ਪਾਸੋਂ ਮਾਨਵਤਾ ਦੀ ਬਿਹਤਰੀ ਹਿਤ ਇਸ ਸ਼ਮੂਲੀਅਤ ਦੀ ਮੰਗ ਕਰਦਾ ਹੈ। ਅਮੀਨਾ ਦਾ ਇਹ ਯਤਨ ਇਸ ਅੰਦਰ ਸਾਡੀ ਹਿੰਮਤ ਬਣ ਕਿ ਉੱਭਰੇਗਾ, ਅਜਿਹੀ ਮੈਨੂੰ ਪੂਰਨ ਉਮੀਦ ਹੈ।


ਪਰਮਿੰਦਰ ਸਿੰਘ ਸ਼ੌਂਕੀ

You May Also Like

More From Author

0Comments

Add yours

Leave a Reply to Unknown Cancel reply